ਨੱਚਦਿਆਂ ਜਾਂ ਜਿਮ ’ਚ ਕਸਰਤ ਕਰਦਿਆਂ ਕਿਉਂ ਪੈਂਦਾ ਦਿਲ ਦਾ ਦੌਰਾ? ਸਾਹਮਣੇ ਆਈ ਵੱਡੀ ਵਜ੍ਹਾ
Monday, Apr 24, 2023 - 01:38 PM (IST)

ਜਲੰਧਰ (ਬਿਊਰੋ)– ਨੱਚਦਿਆਂ ਜਾਂ ਜਿਮ ’ਚ ਕਸਰਤ ਕਰਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਲਈ ਡਾਇਬਟੀਜ਼ ਵੀ ਜ਼ਿੰਮੇਵਾਰ ਹੋ ਸਕਦੀ ਹੈ। ਡਾਇਬਟੀਜ਼ ਖੋਜ ਸੁਝਾਅ ਦਿੰਦੀ ਹੈ ਕਿ ਖੁਰਾਕ ’ਚ ਤਬਦੀਲੀਆਂ ਤੇ ਨਾਕਾਫ਼ੀ ਜਾਂ ਸਰੀਰਕ ਗਤੀਵਿਧੀ ਦੀ ਘਾਟ ਨੌਜਵਾਨਾਂ ’ਚ ਸ਼ੂਗਰ ਦੇ ਕੇਸਾਂ ’ਚ ਤੇਜ਼ੀ ਨਾਲ ਵਾਧਾ ਕਰ ਰਹੀ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਸ਼ੂਗਰ ਹੈ।
ਡਾਇਬਟੀਜ਼ ਵਾਲੇ ਨੌਜਵਾਨਾਂ ’ਚ ਦਿਲ ਦੇ ਦੌਰੇ ਤੇ ਸਟ੍ਰੋਕ ਦਾ ਖ਼ਤਰਾ ਦੋ ਤੋਂ ਤਿੰਨ ਗੁਣਾ ਵੱਧ ਹੁੰਦਾ ਹੈ। ਇਸ ਤੋਂ ਇਲਾਵਾ ਖ਼ੂਨ ਦਾ ਘੱਟ ਵਹਾਅ ਪੈਰਾਂ ’ਚ ਨਿਊਰੋਪੈਥੀ (ਨਸ ਦਾ ਨੁਕਸਾਨ), ਪੈਰਾਂ ਦੇ ਫੋੜੇ ਤੇ ਇਨਫੈਕਸ਼ਨ ਦੇ ਜੋਖ਼ਮ ਨੂੰ ਵੀ ਵਧਾਉਂਦਾ ਹੈ। ਡਾਇਬਟਿਕ ਰੈਟੀਨੋਪੈਥੀ ਅੰਨ੍ਹੇਪਣ ਦਾ ਇਕ ਮਹੱਤਵਪੂਰਨ ਕਾਰਨ ਹੈ, ਜਿਸ ਨਾਲ ਕਿਡਨੀ ਫੇਲ੍ਹ ਹੋ ਜਾਂਦੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਅਗਲੇ ਮਹੀਨੇ ਲੋਟਸ ਡਾਇਬਟੀਜ਼ ਫਾਊਂਡੇਸ਼ਨ ਦੀ ਸਾਲਾਨਾ ਕਾਨਫਰੰਸ ਦਿੱਲੀ ਵਿਖੇ ਹੋਵੇਗੀ। ਇਸ ’ਚ ਖੋਜ ਤੇ ਸ਼ੂਗਰ ਦੇ ਇਲਾਜ ਦੇ ਨਵੇਂ ਤਰੀਕੇ, ਇਲਾਜ ਦੀ ਵਿਧੀ, ਸ਼ੂਗਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਯਤਨਾਂ ਬਾਰੇ ਚਰਚਾ ਕੀਤੀ ਜਾਵੇਗੀ।
ਇਸ ਸਬੰਧੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਤੇ ਕਾਨਫਰੰਸ ਦੇ ਸਾਇੰਟਿਫਿਕ ਮੈਂਬਰ ਡਾ. ਰਜਤ ਝਾਂਬ ਨੇ ਦੱਸਿਆ ਕਿ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਅਚਾਨਕ ਦਿਲ ਦਾ ਦੌਰਾ ਪੈਣ ’ਤੇ ਨੌਜਵਾਨਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਦਾ ਸ਼ਿਕਾਰ ਪਾਇਆ ਗਿਆ। ਸ਼ੂਗਰ ਕਾਰਨ ਦਿਲ ਦੀ ਸਮੱਸਿਆ ਵੱਧ ਗਈ। ਉਨ੍ਹਾਂ ਕਿਹਾ ਕਿ ਸ਼ੂਗਰ ਦੇਸ਼ ਲਈ ਵੱਡੀ ਚੁਣੌਤੀ ਹੈ।
ਅਨੁਮਾਨ ਹੈ ਕਿ 2025 ਤੱਕ ਦੇਸ਼ ’ਚ ਸ਼ੂਗਰ ਦੇ ਮਾਮਲੇ 7 ਕਰੋੜ ਨੂੰ ਪਾਰ ਕਰ ਜਾਣਗੇ। ਇਸ ਸਮੱਸਿਆ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਡਾਕਟਰ ਦਿੱਲੀ ’ਚ ਇਕੱਠੇ ਹੋਣਗੇ। ਇਸ ਦੌਰਾਨ ਸ਼ੂਗਰ ਬਾਰੇ ਖੋਜ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖੋਜ ਤੇ ਅਧਿਐਨ ਰਾਹੀਂ ਇਸ ਦੀ ਰੋਕਥਾਮ, ਇਲਾਜ ਦੇ ਨਵੇਂ ਤਰੀਕੇ, ਸ਼ੂਗਰ ਦੇ ਇਲਾਜ ਤੇ ਹੋਰਨਾਂ ਬਾਰੇ ਚਰਚਾ ਕੀਤੀ ਜਾਵੇਗੀ।
ਜਾਗਰੂਕਤਾ ਦੀ ਘਾਟ
ਸ਼ੂਗਰ ਪ੍ਰਤੀ ਲੋਕਾਂ ’ਚ ਜਾਗਰੂਕਤਾ ਦੀ ਕਮੀ ਹੈ। ਦੇਸ਼ ’ਚ ਅੱਧੇ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਸ਼ੂਗਰ ਹੈ। ਇਸ ਬਾਰੇ ਉਨ੍ਹਾਂ ਨੂੰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ। ਡਾ. ਝਾਂਬ ਅਨੁਸਾਰ ਸ਼ੂਗਰ ਦੇ ਮਾਮਲੇ ’ਚ ਪੈਨਕ੍ਰੀਅਸ ਲੋੜੀਂਦੀ ਮਾਤਰਾ ’ਚ ਇਨਸੁਲਿਨ ਨਹੀਂ ਪੈਦਾ ਕਰਦਾ ਹੈ ਜਾਂ ਸਰੀਰ ਉਸ ਇਨਸੁਲਿਨ ਦੀ ਪ੍ਰਭਾਵੀ ਵਰਤੋਂ ਨਹੀਂ ਕਰ ਸਕਦਾ, ਜੋ ਉਹ ਪੈਦਾ ਕਰਦਾ ਹੈ। ਇਨਸੁਲਿਨ ਇਕ ਹਾਰਮੋਨ ਹੈ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਅਜਿਹੀ ਸਥਿਤੀ ’ਚ ਸਾਨੂੰ ਨਿਯਮਿਤ ਤੌਰ ’ਤੇ ਸ਼ੂਗਰ ਦੇ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਸ਼ੂਗਰ ਦੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ।
ਸ਼ੂਗਰ ਦੀਆਂ ਤਿੰਨ ਕਿਸਮਾਂ ਹਨ
ਸ਼ੂਗਰ ਮੁੱਖ ਤੌਰ ’ਤੇ ਟਾਈਪ 1, ਟਾਈਪ 2 ਤੇ ਗਰਭ ਅਵਸਥਾ ਹੈ।
ਟਾਈਪ 1
ਇਹ ਸ਼ੂਗਰ ਕਿਸੇ ਵੀ ਉਮਰ ’ਚ ਹੋ ਸਕਦੀ ਹੈ। ਇਹ ਅਕਸਰ ਬੱਚਿਆਂ ਤੇ ਕਿਸ਼ੋਰਾਂ ’ਚ ਹੁੰਦੀ ਹੈ। ਇਸ ’ਚ ਸਰੀਰ ਇਨਸੁਲਿਨ ਘੱਟ ਬਣਾਉਂਦਾ ਹੈ। ਇਸ ਨੂੰ ਰੋਜ਼ਾਨਾ ਇਨਸੁਲਿਨ ਟੀਕਿਆਂ ਦੀ ਲੋੜ ਹੁੰਦੀ ਹੈ।
ਟਾਈਪ 2
ਇਹ ਸ਼ੂਗਰ ਨੌਜਵਾਨਾਂ ’ਚ ਆਮ ਹੈ। ਕੁੱਲ ਕੇਸਾਂ ’ਚੋਂ ਲਗਭਗ 90 ਇਸ ਕਿਸਮ ਦੇ ਹਨ। ਇਸ ’ਚ ਸਰੀਰ ਪੈਦਾ ਹੋਣ ਵਾਲੀ ਇਨਸੁਲਿਨ ਦੀ ਚੰਗੀ ਵਰਤੋਂ ਨਹੀਂ ਕਰ ਪਾਉਂਦਾ। ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਗਰਭਕਾਲੀ ਸ਼ੂਗਰ (GDM) ਇਕ ਅਜਿਹੀ ਸਥਿਤੀ ਹੈ, ਜੋ ਗਰਭ ਅਵਸਥਾ ਦੌਰਾਨ ਹਾਈ ਬਲੱਡ ਸ਼ੂਗਰ ਰਾਹੀਂ ਦਰਸਾਈ ਜਾਂਦੀ ਹੈ ਤੇ ਮਾਂ ਤੇ ਬੱਚੇ ਦੋਵਾਂ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। GDM ਆਮ ਤੌਰ ’ਤੇ ਗਰਭ ਅਵਸਥਾ ਤੋਂ ਬਾਅਦ ਚਲੀ ਜਾਂਦੀ ਹੈ ਪਰ ਪ੍ਰਭਾਵਿਤ ਔਰਤਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਟਾਈਪ 2 ਡਾਇਬਟੀਜ਼ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।