ਸਬਜ਼ੀਆਂ ਦਾ ਕਲੰਡਰ: ਜਾਣੋ ਮਹੀਨਿਆਂ ਅਨੁਸਾਰ ਸਬਜ਼ੀਆਂ ਦੀ ਵਰਤੋਂ ਬਾਰੇ ਦਿਲਚਸਪ ਜਾਣਕਾਰੀ
Tuesday, Aug 04, 2020 - 06:14 PM (IST)
ਮਨੁੱਖ ਦੀ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਤਕਰੀਬਨ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਸਬਜ਼ੀਆਂ ਵਿਚੋਂ 100 ਗ੍ਰਾਮ ਪੱਤੇਦਾਰ ਸਬਜ਼ੀਆਂ ਜਿਵੇਂ ਮੇਥੀ, ਪਾਲਕ, ਸਾਗ, ਚਲਾਈ ਆਦਿ ਅਤੇ 100 ਗ੍ਰਾਮ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਮੂਲੀ, ਗਾਜਰ, ਸ਼ਲਗਮ, ਚੁਕੰਦਰ ਆਦਿ ਦੀ ਲੋੜ ਹੈ। ਬਾਕੀ ਸਬਜ਼ੀਆਂ ਵਿਚੋਂ ਤਕਰੀਬਨ 100 ਗ੍ਰਾਮ ਸਬਜ਼ੀਆਂ ਦਾ ਹਰ ਰੋਜ਼ ਸੇਵਨ ਕਰਨਾ ਚਾਹੀਦਾ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਹਰ ਮੌਸਮ ਵਿਚ ਸਬਜ਼ੀਆਂ ਦੀ ਲੋੜ ਪੈਂਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਹਰ ਮਹੀਨੇ ਜਨਵਰੀ ਤੋਂ ਲੈ ਕੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਚੰਗੀਆਂ ਅਤੇ ਤੰਦਰੁਸਤ ਸਬਜ਼ੀਆਂ ਪ੍ਰਾਪਤ ਕਰ ਸਕੀਏ। ਹੇਠ ਲਿਖੀਆਂ ਸਤਰਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਸਬੰਧੀ ਕੁਝ ਨੁਕਤੇ ਦਰਸਾਏ ਗਏ ਹਨ। ਇਹ ਨੁਕਤੇ ਜਨਵਰੀ ਤੋਂ ਦਸੰਬਰ ਤੱਕ ਹਨ, ਜਿਨ੍ਹਾਂ ਨੂੰ ਧਿਆਨਯੋਗ ਹਨ।
ਜਨਵਰੀ :
ਇਸ ਵੇਲੇ ਪਕਾਵੇਂ ਆਲੂ ਅਤੇ ਬੀਜ ਵਾਲੀ ਫ਼ਸਲ ਦੇ ਪੱਤੇ ਅਤੇ ਟਾਹਣੀਆਂ ਨੂੰ ਕੱਟ ਦਿਓ। ਜਿਨ੍ਹਾਂ ਕਿਸਾਨਾਂ ਨੇ ਮਿਰਚਾਂ ਅਤੇ ਬੈਂਗਣ ਦੀ ਪਨੀਰੀ ਬੀਜੀ ਹੋਈ ਹੈ, ਉਹ ਕਿਸਾਨ ਰਾਤ ਦੇ ਸਮੇਂ ਪਨੀਰੀ ਪਲਾਸਟਿਕ ਦੀ ਸ਼ੀਟ ਨਾਲ ਢੱਕਣ ਤਾਂ ਜੋ ਇਹਨਾਂ ਨੂੰ ਠੰਡ ਅਤੇ ਕੋਰੇ ਤੋਂ ਬਚਾਇਆ ਜਾ ਸਕੇ। ਇਸ ਮਹੀਨੇ ਵਿੱਚ ਪੱਤਝੜ ਰੁੱਤ ਦੇ ਟਮਾਟਰ ਸਰਕੰਡੇ ਨਾਲ ਜਾਂ ਪਲਾਸਟਿਕ ਦੀਆਂ ਸੀਟਾਂ ਰਾਹੀਂ ਕੋਰੇ ਤੋਂ ਬਚਾਅ ਕੇ ਰੱਖਣ। ਇਸ ਮਹੀਨੇ ਵਿੱਚ ਪਿਆਜ਼ਾਂ ਦੀ ਪਨੀਰੀ ਲੋਹੜੀ ਤੱਕ ਖੇਤ ਵਿਚ ਲਗਾਉਣ ਯੋਗ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ਐੱਫ. ਏ. ਓ. ਵਲੋਂ ਭਾਰਤ-ਪਾਕਿ ਸਰਹੱਦ ’ਤੇ ਟਿੱਡੀ ਦਲ ਹਮਲੇ ਦੀ ਚਿਤਾਵਨੀ
ਜਿਨ੍ਹਾਂ ਕਿਸਾਨਾਂ ਨੇ ਗਰਮ ਰੁੱਤ ਦੀਆਂ ਅਗੇਤੀਆਂ ਵੇਲਾਂ ਵਾਲੀਆਂ ਸਬਜ਼ੀਆਂ ਜਿਵੇਂ ਖਰਬੂਜਾ, ਚੱਪਣ ਕੱਦੂ, ਟੀਂਡਾ, ਖੀਰਾ ਆਦਿ ਦੀ ਕਾਸ਼ਤ ਕਰਨੀ ਹੈ, ਉਹ ਪਲਾਸਟਿਕ ਦੇ ਲਿਫਾਫੇ (10 ਸੈਂ.ਮੀ. * 15 ਸੈਂ.ਮੀ.) ਮਿੱਟੀ ਤੇ ਤੂੜੀ ਨਾਲ ਰਲਾ ਕੇ ਭਰ ਲੈਣ। ਇਕ ਏਕੜ ਦੀ ਫਸਲ ਦੀ ਕਾਸ਼ਤ ਕਰਨ ਲਈ ਤਕਰੀਬਨ 5-6 ਕਿਲੋ ਲਿਫਾਫੇ, ਜਿਨ੍ਹਾਂ ਦੀ ਮੁਟਾਈ 100 ਗੇਜ ਹੋਵੇ ਲੋੜੀਂਦੇ ਹਨ।
ਫਰਵਰੀ
ਇਸ ਮਹੀਨੇ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਟਮਾਟਰਾਂ ਦੀ ਫ਼ਸਲ ਤੋਂ ਪਲਾਸਟਿਕ ਦੀਆਂ ਸ਼ੀਟਾਂ ਨੂੰ ਅੱਧ ਫ਼ਰਵਰੀ ਤੋਂ ਬਾਅਦ ਉਤਾਰ ਦਿਓ। ਇਸ ਤੋਂ ਉਪਰੰਤ ਨਾਈਟ੍ਰੋਜਨ ਦੀ ਦੂਜੀ ਖੁਰਾਕ, 35 ਕਿੱਲੋ ਨਾਈਟ੍ਰੋਜਨ (75 ਕਿਲੋਗਰਾਮ ਯੂਰੀਆ ਪਾ ਕੇ ਪੱਟੜੀਆਂ ਉਪਰ ਮਿੱਟੀ ਚੜ੍ਹਾ ਦਿਓ) ਇਸ ਤੋਂ ਇਲਾਵਾ ਬੈਂਗਣਾਂ ਦੀ ਫਸਲ, ਜਿਸਦੀ ਦਸੰਬਰ ਮਹੀਨੇ ਵਿਚ ਪਨੀਰੀ ਬੀਜ ਕੇ ਕੋਰੇ ਤੋਂ ਬਚਾਈ ਹੋਈ ਹੁੰਦੀ ਹੈ, ਦੇ ਬੂਟੇ ਖੇਤਾਂ ਵਿਚ ਲਗਾਓ। ਪਕਾਵੇਂ ਆਲੂਆਂ ਦੀ ਫਸਲ ਪੁੱਟਣ ਯੋਗ ਹੁੰਦੀ ਹੈ। ਮਿਰਚਾਂ ਲਗਾਉਣ ਵਾਲੇ ਕਿਸਾਨ, ਜਿੰਨੇ ਖੇਤਾਂ ਵਿਚ ਮਿਰਚ ਲਗਾਉਣੀ ਹੋਵੇ ਉਹ ਜ਼ਮੀਨ ਚੰਗੀ ਤਰਾਂ ਰੌਣੀ ਉਪਰੰਤ ਵਾਹ ਲੈਣ।
ਇਸ ਮਹੀਨੇ ਵਿਚ ਜਦੋਂ ਤਾਪਮਾਨ 20' ਸੈਂਟੀਗ੍ਰੇਡ ਤੋਂ ਵਧ ਜਾਵੇ ਤਾਂ ਭਿੰਡੀ ਦੀ ਬਿਜਾਈ ਤਕਰੀਬਨ 8-10 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਨਾਲ ਕਰੋ। ਇਸ ਵਾਸਤੇ ਭਿੰਡੀ ਦੀ ਕੋਈ ਵੀ ਕਿਸਮ ਪੰਜਾਬ ਪਦਮਨੀ, ਪੰਜਾਬ ਸਾਉਣੀ, ਪੰਜਾਬ 7 ਜਾਂ ਪੰਜਾਬ 8 ਕਿਸਮ ਦੀ ਕਾਸ਼ਤ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਸਮੇਂ ਦੀ ਲਗਾਈ ਹੋਈ ਫਸਲ ਤੇ ਵਿਸ਼ਾਣੂ ਰੋਗ ਦਾ ਹਮਲਾ ਨਹੀਂ ਹੁੰਦਾ।
ਪੜ੍ਹੋ ਇਹ ਵੀ ਖਬਰ - 2 ਸਾਲਾਂ ’ਚ ਝੋਨੇ ਹੇਠੋਂ 12.35 ਲੱਖ ਏਕੜ ਰਕਬਾ ਘਟਾ ਕਿਸਾਨਾਂ ਨੇ ਬਚਾਇਆ 7143 ਬਿਲੀਅਨ ਲਿਟਰ ਪਾਣੀ
ਮਾਰਚ
ਫਰਬਰੀ ਮਹੀਨੇ ਵਿੱਚ ਲਿਫਾਫਿਆਂ ਵਿਚ ਬੀਜੀ ਹੋਈ ਵੇਲਾਂ ਵਾਲੀਆਂ ਸਬਜ਼ੀਆਂ ਖੇਤਾਂ ਵਿਚ ਲਗਾਉਣ ਯੋਗ ਹੋ ਜਾਂਦੀਆਂ ਹਨ। ਬੂਟੇ ਲਗਾਉਣ ਵਾਸਤੇ ਪਟੜੀਆਂ ਬਣਾਉਣੀਆਂ ਪੈਂਦੀਆਂ ਹਨ। ਚੱਪਣ ਕੱਦੂ, ਕਰੇਲਾ, ਟੀਂਡਾ ਛੋਟੀਆਂ ਪਟੜੀਆਂ ਯਾਨੀ ਕਿ 2 ਮੀਟਰ ਚੌੜੀਆਂ ਬਣਾ ਲਵੋ ਜਦੋਂ ਕਿ ਦੂਜੀਆਂ ਫ਼ਸਲਾਂ ਜਿਵੇਂ ਤਰ, ਤਰਬੂਜ, ਖੀਰਾ, ਖਰਬੂਜਾ, ਘੀਆ ਕੱਦੂ, ਘੀਆ ਤੋਰੀ ਲਈ ਤਕਰੀਬਨ ਤਿੰਨ ਮੀਟਰ ਚੌੜੀਆਂ ਪਟੜੀਆਂ ਬਣਾਓ। ਵੇਲਾਂ ਵਾਲੀਆਂ ਸਬਜ਼ੀਆਂ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਇਸ ਸਮੇਂ ਵੇਲਾਂ ਵਾਲੀਆਂ ਸਬਜ਼ੀਆਂ ਉੱਪਰ ਲਾਲ ਭੂੰਡੀ ਦਾ ਹਮਲਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਬਚਣ ਲਈ ਸੁਮਿਸੀਡੀਨ ਕੀਟਨਾਸ਼ਕ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਇਨ੍ਹਾਂ ਫ਼ਸਲਾਂ ਵਿੱਚ ਫੋਰੇਟ 10%G ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਮਹੀਨੇ ਵਿੱਚ ਭਿੰਡੀ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ, ਪਰ ਬੀਜ ਦੀ ਮਿਕਦਾਰ ਫਰਵਰੀ ਮਹੀਨੇ ਨਾਲੋਂ ਘਟਾਓ। ਇਸ ਮਹੀਨੇ ਇੱਕ ਏਕੜ ਦੀ ਫਸਲ ਲਈ ਤਕਰੀਬਨ 5 ਕਿਲੋ ਗ੍ਰਾਮ ਪ੍ਰਤੀ ਏਕੜ ਹੋਵੇ। ਬਰਸਾਤ ਰੁੱਤ ਦੇ ਬੈਂਗਣ ਦੀ ਕਾਸ਼ਤ ਕਰਨ ਲਈ ਬੈਂਗਣ ਦੀ ਪਨੀਰੀ ਇਸ ਮਹੀਨੇ ਵਿੱਚ ਬੀਜੋ ਅਤੇ ਇੱਕ ਮਹੀਨੇ ਬਾਅਦ ਖੇਤਾਂ ਵਿਚ ਲਗਾਓ। ਜਿਨ੍ਹਾਂ ਕਿਸਾਨ ਭਰਾਵਾਂ ਨੇ ਖਰੀਫ਼ ਮੌਸਮ ਦੇ ਪਿਆਜਾਂ ਦੀ ਖੇਤੀ ਕਰਨੀ ਹੋਵੇ ਉਹ ਮਾਰਚ ਮਹੀਨੇ ਵਿੱਚ ਖਰੀਫ਼ ਪਿਆਜ਼ਾਂ ਦੀ ਕਿਸਮ ਐਂਗਰੀਫੋਂਡ ਡੀਪ ਰੈੱਡ ਦੀ ਬਿਜਾਈ ਕਰ ਦੇਣ।
ਪੜ੍ਹੋ ਇਹ ਵੀ ਖਬਰ - ਸਰਕਾਰ ਦੀ ਸਵੱਲੀ ਨਜ਼ਰ ਤੋਂ ਵਾਂਝੇ ਹਨ ‘ਬਾਗਬਾਨ’ ਤੇ ‘ਵਣ-ਖੇਤੀ’ ਕਰਨ ਵਾਲੇ ਕਿਸਾਨ
ਅਪ੍ਰੈਲ
ਸ਼ਕਰਕੰਦੀ ਅਤੇ ਹਲਦੀ ਦੀ ਬਿਜਾਈ ਕਰਨ ਵਾਸਤੇ ਇਹ ਮਹੀਨਾ ਬਹੁਤ ਢੁਕਵਾਂ ਹੈ। ਇਸ ਮਹੀਨੇ ਵਿੱਚ ਸ਼ਕਰਕੰਦੀ ਦੀਆਂ ਵੇਲਾਂ ਦੀਆਂ ਟਾਹਣੀਆਂ ਦੀ ਕਟਿੰਗ ਕਰੋ। ਇਸ ਦੀ ਬਿਜਾਈ ਲਈ ਲਾਈਨਾਂ ਵਿਚ ਤਕਰੀਬਨ ਦੋ ਫੁੱਟ ਦਾ ਫਾਸਲਾ ਰੱਖ ਕੇ ਤੇ ਬੂਟਿਆਂ ਦੀ ਬਿਜਾਈ ਇੱਕ ਫੁੱਟ ਰੱਖ ਕੇ ਵੱਟਾਂ ਉੱਪਰ ਕਰੋ। ਹਲਦੀ ਦੀ ਕਾਸ਼ਤ ਕਰਨ ਲਈ ਹਲਦੀ ਦੀਆਂ ਗੱਠੀਆ ਨੂੰ ਪੁੰਗਾਰ ਲਓ। ਇਨ੍ਹਾਂ ਗੱਠੀਆਂ ਨੂੰ ਵੱਟਾਂ ਉੱਪਰ ਡੇਢ ਫੁੱਟ ਦਾ ਫਾਸਲਾ ਰੱਖ ਕੇ 15 ਸੈਂਟੀਮੀਟਰ ਦੇ ਫਾਸਲੇ ਉਪਰ ਬੀਜ ਦਿਓ। ਇਸ ਮਹੀਨੇ ਵਿਚ ਗਰਮ ਰੁੱਤ ਦੀਆਂ ਮੂਲੀਆਂ ਦੀ ਕਿਸਮ ਪੂਸਾ ਚੇਤਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਦੋ ਫੁੱਟ ਦੀ ਵਿੱਥ ਉਪਰ ਕਰੋ।
ਮਈ
ਇਸ ਮਹੀਨੇ ਵਿਚ ਟਮਾਟਰ ਪੱਕਣ ਤੇ ਤੁੜਾਈ ਕਰੋ। ਇਸ ਰੁੱਤ ਵਿੱਚ ਕੀੜਿਆਂ ਦਾ ਹਮਲਾ ਹੋਣ ਦਾ ਖ਼ਤਰਾ ਹੁੰਦਾ ਹੈ, ਜਿਸ ਕਰਕੇ ਕੀਟਨਾਸ਼ਕਾਂ ਦੀ ਸਪਰੇਅ ਕਰੋ। ਇਸੇ ਤਰ੍ਹਾਂ ਬੈਂਗਣਾਂ ਦੀ ਫਸਲ ਦੇ ਫੁੱਲਾਂ ਉੱਪਰ ਸੁੰਡੀ ਦਾ ਹਮਲਾ ਕਾਫ਼ੀ ਹੁੰਦਾ ਹੈ ਅਤੇ ਕਰੂੰਬਲਾਂ ਧੌਣ ਸੁੱਟਦੀਆਂ ਹਨ। ਕਰੂੰਬਲਾਂ ਨੂੰ ਕੈਂਚੀ ਨਾਲ ਕੱਟਕੇ ਮਿੱਟੀ ਵਿੱਚ ਦਬਾ ਦਿਉ। ਇਨ੍ਹਾਂ ਦੋਹਾਂ ਫਸਲਾਂ ਉੱਪਰ ਡੇਸਿਜ ਦਵਾਈ ਦੀ ਸਪਰੇਅ ਕਰੋ।
ਪੜ੍ਹੋ ਇਹ ਵੀ ਖਬਰ - ਖਾਸ ਰਿਪੋਰਟ : ਆਬਾਂ ਦੇ ਦੇਸ਼ ''ਚ ਪਾਣੀ ਬਿਲਕੁਲ ਹਾਸ਼ੀਏ ’ਤੇ
ਭਿੰਡੀ ਵੀ ਇਸ ਮਹੀਨੇ ਤੋੜਨ ਯੋਗ ਹੁੰਦੀ ਹੈ, ਜਿਸਦੀ ਤੁੜਾਈ ਹਰ ਤੀਜੇ ਦਿਨ ਕਰਨੀ ਚਾਹੀਦੀ ਹੈ। ਪਿਆਜ਼ਾਂ ਦੀ ਸਾਉਣੀ ਦੀ ਜੋ ਪਨੀਰੀ ਬੀਜੀ ਹੁੰਦੀ ਹੈ ਤੇ ਪੱਤੇ/ ਭੂਕਾਂ ਸੁੱਕ ਕੇ ਜ਼ਮੀਨ ਵਿੱਚ ਗੱਠੀਆਂ ਬਣ ਜਾਂਦੀਆਂ ਹਨ ਉਨ੍ਹਾਂ ਨੂੰ ਹਵਾਦਾਰ ਕਮਰੇ ਵਿੱਚ ਸਟੋਰ ਕਰ ਲਓ।
ਜੂਨ
ਇਸ ਮਹੀਨੇ ਵਿੱਚ ਫੁੱਲ ਗੋਭੀ ਦੀ ਅਗੇਤੀ ਕਿਸਮ ਦੀ ਪਨੀਰੀ ਬੀਜੋ ਜਿਸਦੀ ਮਿਕਦਾਰ 600 ਗ੍ਰਾਮ ਪ੍ਰਤੀ ਏਕੜ ਰੱਖੋ। ਇਸ ਮਹੀਨੇ ਬਰਸਾਤ ਰੁੱਤ ਦੀ ਭਿੰਡੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਸਮੇਂ ਭਿੰਡੀ ਦੀ ਵਿਸ਼ਾਣੂ ਰੋਗ ਨੂੰ ਸਹਿਣਯੋਗ ਕਿਸਮ ਜਿਵੇਂ ਪੰਜਾਬ-7 ਜਾਂ ਪੰਜਾਬ-8 ਦੀ ਬਿਜਾਈ ਕਰੋ ਅਤੇ ਬੀਜ ਦੀ ਮਾਤਰਾ 5 ਕਿਲੋ ਪ੍ਰਤੀ ਏਕੜ ਰੱਖੋ।ਇਸ ਸਮੇਂ ਪਾਲਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਇਸ ਫ਼ਸਲ ਤੋਂ ਕੇਵਲ ਇੱਕ ਕਟਾਈ ਲਈ ਜਾ ਸਕਦੀ ਹੈ।
ਜੁਲਾਈ
ਇਸ ਸਮੇਂ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਘੀਆ ਕੱਦੂ, ਟਿੰਡਾ, ਕਰੇਲਾ, ਘੀਆ ਤੋਰੀ, ਹਲਵਾ ਕੱਦੂ ਅਤੇ ਪੇਠੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਨ੍ਹਾਂ ਸਬਜ਼ੀਆਂ ਦਾ ਉਤਪਾਦਨ ਨੰਵਬਰ ਤੱਕ ਹੁੰਦਾ ਰਹਿੰਦਾ ਹੈ। ਇਸ ਰੁੱਤ ਵਿੱਚ ਬਰਸਾਤੀ ਖੀਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਇਸ ਮਹੀਨੇ ਵਿੱਚ ਭਿੰਡੀ ਤੋਰੀ ਅਤੇ ਰਵਾਂਹ ਦੀਆਂ ਫਲੀਆਂ ਬੀਜ ਸਕਦੇ ਹਾਂ। ਗੋਭੀ ਦੀ ਕਿਸਮ ਪੂਸਾ ਕੱਤਕੀ ਦੀ ਪਨੀਰੀ ਬੀਜੀ ਜਾ ਸਕਦੀ ਹੈ, ਜਿਸ ਦੀ ਫ਼ਸਲ ਤਕਰੀਬਨ ਦਿਵਾਲੀ ਤੱਕ ਤਿਆਰ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਕਿਸਾਨਾਂ ਲਈ ਜਾਣਨਾ ਬੇਹੱਦ ਜ਼ਰੂਰੀ ਕਿ ਕਿੰਝ ਘਟਣਗੇ ਖੇਤੀ ਖਰਚੇ ਅਤੇ ਵਧੇਗੀ ਆਮਦਨ
ਅਗਸਤ
ਇਸ ਮਹੀਨੇ ਵਿੱਚ ਮੂਲੀਆਂ ਦੀ ਕਿਸਮ ਪੰਜਾਬ ਪਸੰਦ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਿਆਜ ਦੀਆਂ ਗਠੀਆ, ਜੋ ਹਵਾਦਾਰ ਕਮਰੇ ਰੱਖੀਆਂ ਹੁੰਦੀਆਂ ਹਨ ਨੂੰ ਖੇਤਾਂ ਵਿੱਚ ਲਗਾਓ ਜਿਸਤੋਂ ਹਰੇ ਪਿਆਜ਼ ਨਵੰਬਰ ਦਸੰਬਰ ਮਹੀਨੇ ਵਿੱਚ ਪੁੱਟਣ ਯੋਗ ਹੋ ਜਾਂਦੇ ਹਨ। ਪਰ ਇਹ ਪ੍ਰਕਿਰਿਆ ਅੱਧ ਅਗਸਤ ਤੋਂ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ।
ਸਤੰਬਰ
ਇਸ ਮਹੀਨੇ ਵਿੱਚ ਮੂਲੀ, ਗਾਜਰ, ਸ਼ਲਗਮ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਕਰਨੀ ਸੰਭਵ ਹੁੰਦੀ ਹੈ। ਪਾਲਕ ਅਤੇ ਮੇਥੀ ਦੀ ਬਿਜਾਈ ਪੱਧਰੀ ਜ਼ਮੀਨ ਉਪਰ ਲਾਈਨਾਂ ਵਿਚ ਡੇਢਦੇ ਫਾਸਲੇ ’ਤੇ ਕੀਤੀ ਜਾਂਦੀ ਹੈ। ਪੰਜਾਬ ਦੇ ਕੁਝ ਇਲਾਕੇ ਜਿਵੇਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਜਿਥੇ ਹਵਾ ਦਾ ਤਾਪਮਾਨ ਜਲਦੀ ਘਟਣਾ ਸ਼ੁਰੂ ਹੋ ਜਾਂਦਾ ਹੈ, ਉਨ੍ਹਾਂ ਥਾਵਾਂ ’ਤੇ ਅਗੇਤੇ ਆਲੂਆਂ ਅਤੇ ਮਟਰਾਂ ਦੀ ਬਿਜਾਈ ਕਰੋ। ਇਸ ਮਹੀਨੇ ਆਲੂਆਂ ਦੇ ਬੀਜ ਦੀ ਮਿਕਦਾਰ ਜ਼ਿਆਦਾ ਰੱਖਣੀ ਪੈਂਦੀ ਹੈ। ਇਸੇ ਤਰ੍ਹਾਂ ਮਟਰਾਂ ਦੀ ਬਿਜਾਈ ਲਈ ਬੀਜ ਦੀ ਮਿਕਦਾਰ ਤਕਰੀਬਨ 45 ਕਿਲੋਗ੍ਰਾਮ ਪ੍ਰਤੀ ਏਕੜ ਦੀ ਲੋੜ ਹੈ। ਇਸ ਮੌਸਮ ਵਿਚ ਮਟਰਾਂ ਨੂੰ ਖੇੜ੍ਹਾ ਰੋਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਤੋਂ ਬਚਣ ਲਈ ਬੀਜ ਨੂੰ ਬਵਿਸਟਿਨ ਅਤੇ ਕਲੋਰੋਪੈਰੀਫੋਸ ਦਵਾਈ ਨਾਲ ਸੋਧੋ।
ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਅਕਤੂਬਰ
ਆਲੂਆਂ ਦੀ ਅੱਧ ਅਕਤੂਬਰ ਤੱਕ ਬੀਜੀ ਹੋਈ ਫ਼ਸਲ ਵੱਧ ਪੈਦਾਵਾਰ ਦਿੰਦੀ ਹੈ। ਬੀਜ 10 ਕੁਇੰਟਲ ਪ੍ਰਤੀ ਏਕੜ ਪਾਓ। ਮਟਰਾਂ ਦੇ ਮੁੱਖ ਸਮੇਂ ਦੀ ਫਸਲ ਅਕਤੂਬਰ ਦੇ ਅਖੀਰਲੇ ਹਫ਼ਤੇ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਲਗਾ ਕੇ 30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ। ਮਟਰਾਂ ਦੀ ਫਸਲ ਵਿਚ ਨਦੀਨਾਂ ਨੂੰ ਕਾਬੂ ਕਰਨ ਲਈ ਸਟੌਂਪ ਦਵਾਈ ਦੀ ਵਰਤੋਂ 1 ਲੀਟਰ ਪ੍ਰਤੀ ਏਕੜ ਬਿਜਾਈ ਤੋਂ ਦੋ ਦਿਨ ਬਾਅਦ ਸਪਰੇਅ ਕਰੋ। ਇਸ ਮਹੀਨੇ ਵਿਚ ਜੜ੍ਹਾਂ ਵਾਲੀਆਂ ਸਬਜ਼ੀਆਂ ਮੂਲੀ, ਗਾਜਰ, ਸ਼ਲਗਮ ਜੋ ਵਲੈਤੀ ਕਿਸਮਾਂ ਦੀ ਬਿਜਾਈ ਕਰੋ। ਇਸ ਤੋਂ ਇਲਾਵਾ ਲੇਟ ਕਿਸਮਾਂ ਜਿਵੇਂ ਕਿ ਪੂਸਾ ਸਨੋਬਾਲ, ਪੂਸਾ ਸਨੋਬਾਲ ਕੇ-1 ਦੀ ਪਨੀਰੀ ਬੀਜੋ। ਇਸ ਸਮੇਂ ਬੰਦ ਗੋਭੀ ਦੀ ਸਿੱਧੀ ਬਿਜਾਈ ਵੱਟਾਂ ਉੱਪਰ 60 ਸੈਂਟੀਮੀਟਰ ਦੇ ਫਾਸਲੇ ਤੇ ਰੱਖ ਕੇ 325 ਗ੍ਰਾਮ ਪ੍ਰਤੀ ਏਕੜ ਬੀਜ ਨਾਲ ਕਰੋ।
ਇਸ ਮਹੀਨੇ ਵਿਚ ਟਮਾਟਰ, ਬੈਂਗਣ, ਅਤੇ ਮਿਰਚਾਂ ਦੀ ਪਨੀਰੀ ਬੀਜੋ ਜੋ ਕਿ ਇਕ ਮਹੀਨੇ ਬਾਅਦ ਖੇਤਾਂ ਵਿਚ ਲਗਾਉਣ ਯੋਗ ਹੋ ਜਾਂਦੀ ਹੈ। ਇਸ ਮਹੀਨੇ ਵਿਚ ਪਿਆਜ਼ਾਂ ਦੇ ਮੁੱਖ ਸਮੇਂ ਦੀ ਫਸਲ ਦੀ ਪਨੀਰੀ ਬੀਜੀ ਜਾਂਦੀ ਹੈ। ਇੱਕ ਏਕੜ ਦੀ ਕਾਸ਼ਤ ਕਰਨ ਲਈ ਤਕਰੀਬਨ ਅੱਠ ਮਰਲੇ ਵਿਚ ਪਨੀਰੀ ਬੀਜੋ। ਜਿਸ ਜਗ੍ਹਾ ਉਪਰ ਮਿਰਚਾਂ ਦੀ ਪਨੀਰੀ ਬੀਜਣੀ ਹੋਵੇ ਉਸ ਨੂੰ ਫਾਰਮਾਲਿਨ (2%) ਦਵਾਈ ਨਾਲ ਸੋਧ ਲਓ ਤਾਂ ਜੋ ਇਸ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਨਵੰਬਰ
ਇਸ ਮਹੀਨੇ ਟਮਾਟਰਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾ ਦਿਓ। ਮਧਰੀਆਂ ਕਿਸਮਾਂ ਵਿਚ ਫਾਸਲਾ 75 ਸੈਂ.ਮੀ. * 30 ਸੈਂ.ਮੀ. ਰੱਖੋ ਜਦੋਂ ਕਿ ਦੂਜੀਆਂ ਕਿਸਮਾਂ ਵਾਸਤੇ 120 ਸੈਂ.ਮੀ. * 30 ਸੈਂ.ਮੀ. ਰੱਖੋ। ਇਸ ਮੌਸਮ ਵਿੱਚ ਬੈਂਗਣਾਂ ਦੀ ਗਰਮ ਰੁੱਤ ਦੀ ਪਨੀਰੀ ਵੀ ਬੀਜੀ ਜਾ ਸਕਦੀ ਹੈ। ਪਰ ਇਸ ਨੂੰ ਦਸੰਬਰ ਮਹੀਨੇ ਵਿਚ ਰਾਤ ਸਮੇਂ ਢੱਕਣ ਦੀ ਲੋੜ ਪੈਂਦੀ ਹੈ।
ਖੇਡ ਰਤਨ ਪੰਜਾਬ ਦੇ : ਮਣਾਂ ਮੂੰਹੀ ਮੈਡਲ ਜਿੱਤਣ ਵਾਲਾ ‘ਮਹਿੰਦਰ ਸਿੰਘ ਗਿੱਲ’
ਮਹੀਨੇ ਦੇ ਸ਼ੁਰੂ ਵਿੱਚ ਬਰੋਕਲੀ ਦੀ ਪਨੀਰੀ ਵੀ ਬੀਜੋ। ਗਾਜਰਾਂ ਦੀਆਂ ਕਿਸਮਾਂ ਨੈਂਨਟੀਜ, ਚੈਂਟਨੀ ਜਾਂ ਪੂਸਾ ਯਮਦਾਗਿਨੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਮੂਲੀਆਂ ਦੀਆਂ ਕਿਸਮਾਂ ਜੈਪਨੀਜ ਵਾਇਟ ਜਾਂ ਵਾਇਟ ਆਇਸੀਕਲ ਦੀ ਬਿਜਾਈ ਵੀ ਇਸ ਮਹੀਨੇ ਕਰੋ। ਸ਼ਲਗਮ ਗੋਲਡਨ ਬਾਲ ਦੀ ਬਿਜਾਈ ਵੀ ਇਸ ਮਹੀਨੇ ਕਰੋ। 15 ਨਵੰਬਰ ਤੱਕ ਮਿਰਚਾਂ ਦੀ ਪਨੀਰੀ ਜ਼ਰੂਰ ਬੀਜ ਦਿਓ ਅਤੇ ਸ਼ਿਮਲਾ ਮਿਰਚ ਦੀ ਤਿਆਰ ਹੋਈ ਪਨੀਰੀ ਸੁਰੰਗਾਂ ਬਣਾ ਕੇ ਲਗਾਓ ਅਤੇ ਪਲਾਸਟਿਕ ਨਾਲ ਢੱਕ ਦਿਓ। ਇਸੇ ਮਹੀਨੇ ਮੂਲੀਆਂ ਦੀ ਕਿਸਮ ਸਕਾਰਲੈਟ ਗਲੋਬ ਦੀ ਬਿਜਾਈ ਕਰ ਦਿਉ।
ਦਸੰਬਰ
ਇਸ ਮਹੀਨੇ ਵਿਚ ਸਰਦ ਰੁੱਤ ਦੀਆਂ ਬਹੁਤ ਸਾਰੀਆਂ ਫ਼ਸਲਾਂ ਜਿਵੇਂ ਮੂਲੀ, ਗਾਜਰ, ਸ਼ਲਗਮ, ਮੇਥੀ, ਪਾਲਕ, ਫੁੱਲਗੋਭੀ, ਬੰਦਗੋਭੀ ਦੀ ਤੁੜਾਈ ਹੁੰਦੀ ਹੈ। ਪਰ ਗਰਮ ਰੁੱਤ ਦੀਆਂ ਫ਼ਸਲਾਂ ਜਿਵੇਂ ਟਮਾਟਰ, ਮਿਰਚਾਂ, ਸ਼ਿਮਲਾ ਮਿਰਚ, ਬੈਂਗਣ ਆਦਿ ਫਸਲਾਂ ਨੂੰ ਜੋ ਪਨੀਰੀ ਵਾਲੀ ਸਥਿਤੀ ਵਿੱਚ ਹੁੰਦੀਆਂ ਹਨ ਜਾਂ ਖੇਤਾਂ ਵਿਚ ਹੁੰਦੀਆਂ ਹਨ ਤਾਂ ਢੰਗ ਵਸੀਲਾ ਵਰਤ ਕੇ ਠੰਡ ਤੋਂ ਬਚਾ ਕੇ ਰੱਖੋ। ਇਸ ਮਹੀਨੇ ਵਿੱਚ ਪਿਆਜ਼ਾਂ ਦੀ ਪਨੀਰੀ ਖੇਤ ਵਿਚ ਲਗਾਉਣ ਯੋਗ ਹੋ ਜਾਂਦੀ ਹੈ। ਪਨੀਰੀ ਨੂੰ 15 * 7.5 ਸੈਂ.ਮੀ. ਤੇ ਲਗਾਓ ।
ਉਪਰੋਕਤ ਵਿਸ਼ੇ ਵਿਚ ਸਬਜ਼ੀਆਂ ਦੀ ਕਾਸ਼ਤ ਦੇ ਢੰਗ ਤਰੀਕੇ ਵਰਤ ਕੇ ਚੰਗੇ ਢੰਗ ਨਾਲ ਮੰਡੀਕਰਨ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਡਾ .ਦਲਜੀਤ ਸਿੰਘ ਖੁਰਾਣਾ
ਡੀਨ ਐਗਰੀਕਲਚਰ
ਗੋਬਿੰਦ ਨੈਸ਼ਨਲ ਕਾਲਜ
ਨਾਰੰਗਵਾਲ, ਲੁਧਿਆਣਾ