ਢਿੱਡ ਦਰਦ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖ਼ੇ, ਜਲਦੀ ਮਿਲੇਗਾ ਆਰਾਮ

Sunday, Dec 10, 2023 - 01:28 PM (IST)

ਜਲੰਧਰ (ਬਿਊਰੋ)– ਕਿਸੇ ਨਾ ਕਿਸੇ ਸਮੇਂ ਢਿੱਡ ਦਰਦ ਦੀ ਸਮੱਸਿਆ ਨਾਲ ਵਿਅਕਤੀ ਨੂੰ ਜੂਝਣਾ ਹੀ ਪੈਂਦਾ ਹੈ। ਮਾੜੀ ਜੀਵਨ ਸ਼ੈਲੀ, ਬਹੁਤ ਜ਼ਿਆਦਾ ਜੰਕ ਫੂਡ ਦਾ ਸੇਵਨ, ਲੋੜੀਂਦਾ ਪਾਣੀ ਨਾ ਪੀਣਾ ਤੇ ਬਦਹਜ਼ਮੀ ਢਿੱਡ ਦਰਦ ਦਾ ਕਾਰਨ ਬਣ ਸਕਦੇ ਹਨ। ਜਦੋਂ ਕਿਸੇ ਵਿਅਕਤੀ ਦੇ ਢਿੱਡ ’ਚ ਦਰਦ ਹੁੰਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਕੋਈ ਕੰਮ ਕਰਨ ’ਚ ਮਨ ਨਹੀਂ ਲੱਗਦਾ। ਢਿੱਡ ਦਰਦ ਤੋਂ ਰਾਹਤ ਪਾਉਣ ਲਈ ਕਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਦਾ ਵਾਰ-ਵਾਰ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਤੁਸੀਂ ਢਿੱਡ ਦਰਦ ਨੂੰ ਦੂਰ ਕਰਨ ਲਈ ਕੁਝ ਆਸਾਨ ਘਰੇਲੂ ਨੁਸਖ਼ਿਆਂ ਦੀ ਮਦਦ ਲੈ ਸਕਦੇ ਹੋ। ਇਸ ਲੇਖ ’ਚ ਅਸੀਂ ਤੁਹਾਨੂੰ ਅਜਿਹੇ 5 ਘਰੇਲੂ ਨੁਸਖ਼ਿਆਂ ਬਾਰੇ ਦੱਸ ਰਹੇ ਹਾਂ, ਜੋ ਢਿੱਡ ਦਰਦ ਤੋਂ ਰਾਹਤ ਦਿਵਾਉਣ ’ਚ ਮਦਦ ਕਰਨਗੇ–

ਢਿੱਡ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ੇ

ਸੌਂਫ
ਸੌਂਫ ਨਾ ਸਿਰਫ ਢਿੱਡ ਦਰਦ ਤੋਂ ਰਾਹਤ ਦਿੰਦੀ ਹੈ, ਸਗੋਂ ਪਾਚਨ ਕਿਰਿਆ ਨੂੰ ਵੀ ਸੁਧਾਰਦੀ ਹੈ। ਸੌਂਫ ’ਚ ਮੌਜੂਦ ਗੁਣ ਢਿੱਡ ਦੇ ਹਾਨੀਕਾਰਕ ਬੈਕਟੀਰੀਆ ਨੂੰ ਖ਼ਤਮ ਕਰਨ ’ਚ ਮਦਦ ਕਰਦੇ ਹਨ। ਇਸ ਨਾਲ ਢਿੱਡ ’ਚ ਗੈਸ ਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਕੱਪ ਪਾਣੀ ’ਚ ਇਕ ਚਮਚਾ ਸੌਂਫ ਮਿਲਾ ਕੇ 10 ਮਿੰਟਾਂ ਤੱਕ ਉਬਾਲੋ। ਫਿਰ ਇਸ ਨੂੰ ਠੰਡਾ ਕਰਕੇ ਸੇਵਨ ਕਰੋ। ਦਿਨ ’ਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਢਿੱਡ ਦਰਦ ਤੋਂ ਬਹੁਤ ਰਾਹਤ ਮਿਲੇਗੀ।

ਅਦਰਕ
ਢਿੱਡ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ। ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਢਿੱਡ ਦਰਦ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ’ਚ ਮਦਦ ਕਰਦੇ ਹਨ। ਇਸ ਦੇ ਲਈ ਅਦਰਕ ਦੇ ਇਕ ਟੁਕੜੇ ਨੂੰ ਪੀਸ ਕੇ ਇਕ ਗਲਾਸ ਪਾਣੀ ’ਚ ਮਿਲਾ ਲਓ। ਇਸ ਨੂੰ ਉਬਾਲੋ ਤੇ ਫਿਰ ਗੈਸ ਬੰਦ ਕਰ ਦਿਓ। ਇਸ ’ਚ ਇਕ ਚਮਚਾ ਸ਼ਹਿਦ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਪੀਓ।

ਇਹ ਖ਼ਬਰ ਵੀ ਪੜ੍ਹੋ : ਖ਼ਰਾਬ ਮੂਡ ਨੂੰ ਸੁਧਾਰਦੇ ਨੇ ਇਹ 5 ਫ਼ਲ, ਆਪਣੀ ਡਾਈਟ ’ਚ ਜ਼ਰੂਰ ਕਰੋ ਸ਼ਾਮਲ

ਹੀਂਗ
ਢਿੱਡ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਦੀਆਂ ਤੋਂ ਹੀਂਗ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਢਿੱਡ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਹੀਂਗ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਇਕ ਗਲਾਸ ਕੋਸੇ ਪਾਣੀ ’ਚ ਇਕ ਚੁਟਕੀ ਹੀਂਗ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਪੀਓ। ਇਸ ਨਾਲ ਤੁਹਾਨੂੰ ਢਿੱਡ ਦਰਦ ਤੋਂ ਜਲਦੀ ਰਾਹਤ ਮਿਲੇਗੀ।

ਪੁਦੀਨਾ
ਪੁਦੀਨੇ ਨੂੰ ਢਿੱਡ ਦਰਦ ਦੇ ਘਰੇਲੂ ਨੁਸਖ਼ੇ ਵਜੋਂ ਵਰਤਿਆ ਜਾ ਸਕਦਾ ਹੈ। ਇਸ ਦੇ ਲਈ ਇਕ ਕੱਪ ਪਾਣੀ ’ਚ 5-6 ਪੁਦੀਨੇ ਦੀਆਂ ਪੱਤੀਆਂ ਪਾਓ ਤੇ 10 ਮਿੰਟ ਤੱਕ ਉਬਾਲੋ। ਫਿਰ ਇਸ ਨੂੰ ਛਾਣ ਲਓ ਤੇ ਇਸ ’ਚ ਥੋੜ੍ਹਾ ਸ਼ਹਿਦ ਮਿਲਾਓ। ਦਿਨ ’ਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰੋ। ਇਸ ਨਾਲ ਢਿੱਡ ਦਰਦ ਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਗਰਮ ਸੇਕਾ
ਜੇ ਤੁਹਾਨੂੰ ਢਿੱਡ ’ਚ ਹਲਕਾ ਦਰਦ ਹੋ ਰਿਹਾ ਹੈ ਤਾਂ ਤੁਸੀਂ ਗਰਮ ਸੇਕਾ ਦੇ ਸਕਦੇ ਹੋ। ਇਸ ਦੇ ਲਈ ਕੁਝ ਦੇਰ ਆਪਣੇ ਢਿੱਡ ’ਤੇ ਹੀਟਿੰਗ ਪੈਡ ਰੱਖੋ। ਗਰਮ ਸੇਕਾ ਦੇਣ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਦਰਦ ਤੇ ਕੜਵੱਲ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਤੁਸੀਂ ਢਿੱਡ ਦਰਦ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ। ਹਾਲਾਂਕਿ ਜੇਕਰ ਤੁਹਾਡੀ ਸਮੱਸਿਆ ਵੱਧ ਰਹੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।


Rahul Singh

Content Editor

Related News