ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀਆਂ ਨੇ ਇਹ 7 ਘਰੇਲੂ ਚੀਜ਼ਾਂ, ਡਾਈਟ ’ਚ ਜ਼ਰੂਰ ਕਰੋ ਸ਼ਾਮਲ

Friday, Feb 02, 2024 - 03:01 PM (IST)

ਜਲੰਧਰ (ਬਿਊਰੋ)– ਲਗਾਤਾਰ ਵਧਦਾ ਤਣਾਅ ਤੇ ਚਿੰਤਾਵਾਂ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਸਾਬਿਤ ਹੋ ਰਹੀਆਂ ਹਨ। ਹਾਈ ਬਲੱਡ ਪ੍ਰੈਸ਼ਰ ਨੂੰ ਦਿਲ ਦੀ ਬੀਮਾਰੀ ਜਾਂ ਦਿਲ ਦੀ ਧਮਨੀਆਂ ਦੀ ਬੀਮਾਰੀ ਵੀ ਕਿਹਾ ਜਾਂਦਾ ਹੈ। ਹੋਰ ਦਵਾਈਆਂ ਦੇ ਨਾਲ ਆਯੁਰਵੈਦ ’ਚ ਮੌਜੂਦ ਕੁਦਰਤੀ ਦਵਾਈਆਂ ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੈਸਟ੍ਰੋਲ ਤੋਂ ਰਾਹਤ ਦੇ ਸਕਦੀਆਂ ਹਨ। ਆਓ ਜਾਣਦੇ ਹਾਂ ਕਿਵੇਂ?

ਬਦਲਦੀ ਜੀਵਨ ਸ਼ੈਲੀ ਦੇ ਅਨੁਸਾਰ ਅਸੀਂ ਕਈ ਬੀਮਾਰੀਆਂ ਦੀ ਲਪੇਟ ’ਚ ਆ ਰਹੇ ਹਾਂ। ਇਨ੍ਹਾਂ ’ਚੋਂ ਇਕ ਹੈ ਹਾਈ ਬਲੱਡ ਪ੍ਰੈਸ਼ਰ, ਜੋ ਇਕ ਆਮ ਸਮੱਸਿਆ ਬਣਦੀ ਜਾ ਰਹੀ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ’ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਘਾਤਕ ਵੀ ਸਾਬਿਤ ਹੋ ਸਕਦੀ ਹੈ। ਅਜਿਹੇ ’ਚ ਇਨ੍ਹਾਂ ਆਯੁਰਵੈਦਿਕ ਨੁਸਖ਼ਿਆਂ ਦੀ ਮਦਦ ਨਾਲ ਤੁਸੀਂ ਵਧਦੇ ਬਲੱਡ ਪ੍ਰੈਸ਼ਰ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹੋ।

ਹਾਈ ਬਲੱਡ ਪ੍ਰੈਸ਼ਰ ਕੀ ਹੈ?
ਹਾਈ ਬਲੱਡ ਪ੍ਰੈਸ਼ਰ ਸਰੀਰ ਦੀ ਇਕ ਅਜਿਹੀ ਸਥਿਤੀ ਹੈ, ਜਿਸ ’ਚ ਦਿਲ ਦੀਆਂ ਧਮਨੀਆਂ ’ਚ ਖ਼ੂਨ ਦਾ ਪ੍ਰਵਾਹ ਅਚਾਨਕ ਵੱਧ ਜਾਂਦਾ ਹੈ। ਇਸ ਨੂੰ ਹਾਈਪਰਟੈਂਸ਼ਨ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਲਗਾਤਾਰ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਇਸ ਦਾ ਇਲਾਜ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਬਾਅਦ ’ਚ ਦਿਲ ਦੇ ਰੋਗਾਂ ਦਾ ਇਕ ਮੁੱਖ ਕਾਰਨ ਸਾਬਿਤ ਹੋ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਦੇਸੀ ਨੁਸਖ਼ੇ

1. ਤੁਲਸੀ ਤੇ ਨਿੰਮ
ਤੁਲਸੀ ਦਾ ਸੇਵਨ ਦਿਲ ਨਾਲ ਜੁੜੀਆਂ ਸਮੱਸਿਆਵਾਂ ’ਚ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਇਸ ਦੇ ਲਈ ਤੁਲਸੀ ਤੇ ਨਿੰਮ ਦੀਆਂ ਪੱਤੀਆਂ ਨੂੰ ਬਰਾਬਰ ਮਾਤਰਾ ’ਚ ਪੀਸ ਲਓ। ਇਸ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਲਓ। ਇਸ ਨੂੰ ਹਫ਼ਤੇ ’ਚ ਇਕ ਵਾਰ ਸਵੇਰੇ ਖਾਲੀ ਪੇਟ ਲਓ।

2. ਸ਼ਹਿਦ
ਸ਼ਹਿਦ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਇਕ ਪ੍ਰਭਾਵਸ਼ਾਲੀ ਉਪਾਅ ਹੈ। ਇਸ ਦੇ ਲਈ ਇਕ ਗਲਾਸ ਪਾਣੀ ’ਚ ਦੋ ਚੱਮਚ ਸ਼ਹਿਦ ਤੇ ਅੱਧਾ ਚੱਮਚ ਨਿੰਬੂ ਦਾ ਰਸ ਮਿਲਾਓ। ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਕਾਰਗਰ ਹੈ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਇਸ ਉਪਾਅ ਨੂੰ ਕਰਨ ਲਈ ਡਾਕਟਰੀ ਸਲਾਹ ਜ਼ਰੂਰੀ ਹੈ।

3. ਦਾਲਚੀਨੀ
ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਦਾਲਚੀਨੀ ਦੰਦਾਂ ਦੇ ਦਰਦ, ਕੈਂਸਰ, ਬੁਖਾਰ ਤੇ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਰੱਖਦੀ ਹੈ। ਇਨ੍ਹਾਂ ਸਭ ਤੋਂ ਇਲਾਵਾ ਕੋਲੈਸਟ੍ਰੋਲ ਨੂੰ ਘੱਟ ਕਰਨ ’ਚ ਦਾਲਚੀਨੀ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਦਾਲਚੀਨੀ ਨੂੰ ਪਾਣੀ ’ਚ ਉਬਾਲ ਕੇ ਪੀਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਕ ਚੌਥਾਈ ਚਮਚ ਸਵੇਰੇ-ਸ਼ਾਮ ਪਾਣੀ ਦੇ ਨਾਲ ਲੈਣ ਨਾਲ ਵੀ ਲਾਭ ਹੁੰਦਾ ਹੈ।

4. ਹਦਵਾਣੇ ਦੇ ਬੀਜ
ਜੇਕਰ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਭੋਜਨ ਤੋਂ ਬਾਅਦ 5 ਤੋਂ 10 ਗ੍ਰਾਮ ਹਦਵਾਣੇ ਦੇ ਬੀਜ ਖਾਓ। ਅਧਿਐਨ ’ਚ ਪਾਇਆ ਗਿਆ ਹੈ ਕਿ ਹਦਵਾਣੇ ਦੇ ਬੀਜਾਂ ’ਚ ਮੌਜੂਦ ਲਾਈਕੋਪੀਨ ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਹਾਈ ਕੋਲੈਸਟ੍ਰੋਲ ਦੇ ਪੱਧਰ ਕਾਰਨ ਆਕਸੀਡੇਟਿਵ ਨੁਕਸਾਨ ਨੂੰ ਰੋਕਣ ਦਾ ਵੀ ਕੰਮ ਕਰਦਾ ਹੈ।

5. ਮੇਥੀ ਦੇ ਬੀਜ
ਮੇਥੀ ਹਾਈ ਬਲੱਡ ਪ੍ਰੈਸ਼ਰ ਲਈ ਫ਼ਾਇਦੇਮੰਦ ਹੈ। ਇਸ ਦੇ ਲਈ ਇਕ ਚਮਚਾ ਮੇਥੀ ਦਾ ਚੂਰਨ ਸਵੇਰੇ ਤੇ ਇਕ ਚਮਚਾ ਰਾਤ ਨੂੰ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦਾ 15 ਦਿਨਾਂ ਤੱਕ ਨਿਯਮਿਤ ਸੇਵਨ ਕਰਨ ਨਾਲ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਤੁਸੀਂ ਚਾਹੋ ਤਾਂ ਮੇਥੀ ਦੇ ਪਾਊਡਰ ’ਚ ਅਜਵਾਇਨ ਤੇ ਪੀਸੀ ਹੋਈ ਕਾਲੀ ਮਿਰਚ ਵੀ ਮਿਲਾ ਸਕਦੇ ਹੋ।

6. ਛੋਲੇ
ਇਸ ਤੋਂ ਇਲਾਵਾ ਕਣਕ ਤੇ ਛੋਲਿਆਂ ਨੂੰ ਬਰਾਬਰ ਮਾਤਰਾ ’ਚ ਪੀਸ ਕੇ ਆਟਾ ਬਣਾ ਲਓ। ਹੁਣ ਨਾਸ਼ਤੇ ’ਚ ਇਸ ਆਟੇ ਦੀ ਰੋਟੀ ਬਣਾ ਕੇ ਰੋਜ਼ਾਨਾ ਖਾਓ। ਇਹ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੇ ਸ਼ੂਗਰ ’ਚ ਵੀ ਫ਼ਾਇਦੇਮੰਦ ਹੈ।

7. ਪਿਆਜ਼
ਪਿਆਜ਼ ’ਚ ਪਾਇਆ ਜਾਣ ਵਾਲਾ ਫਾਈਬ੍ਰੀਨੋਲਾਇਟਿਕ ਤੱਤ ਸਾਡੀਆਂ ਧਮਨੀਆਂ ਨੂੰ ਖ਼ੂਨ ਦੇ ਜੰਮਣ ਤੋਂ ਬਚਾਉਣ ਦਾ ਕੰਮ ਕਰਦਾ ਹੈ। ਪਿਆਜ਼ ਦੇ ਰਸ ਨੂੰ ਸ਼ਹਿਦ ’ਚ ਬਰਾਬਰ ਮਾਤਰਾ ’ਚ ਮਿਲਾ ਕੇ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਸਕਦੀ ਹੈ।

ਨੋਟ– ਇਹ ਆਰਟੀਕਲ ਆਮ ਜਾਣਕਾਰੀ ਹੈ। ਇਹ ਕਿਸੇ ਵੀ ਤਰੀਕੇ ਨਾਲ ਡਾਕਟਰੀ ਬਦਲ ਨਹੀਂ ਹੈ। ਕਿਸੇ ਵੀ ਨੁਸਖ਼ੇ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


sunita

Content Editor

Related News