ਫਲਾਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ ਇਨ੍ਹਾਂ 5 ਸਬਜ਼ੀਆਂ ਦਾ ਜੂਸ, ਗਰਮੀਆਂ ’ਚ ਪੀਣ ਨਾਲ ਸਿਹਤ ਨੂੰ ਮਿਲਣਗੇ ਕਈ ਲਾਭ

06/04/2023 12:33:18 PM

ਜਲੰਧਰ (ਬਿਊਰੋ)– ਸਿਹਤ ਦਾ ਧਿਆਨ ਰੱਖਣ ਲਈ ਸਹੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਡਾਕਟਰ ਤੇ ਡਾਇਟੀਸ਼ੀਅਨ ਹਰ ਕਿਸੇ ਨੂੰ ਆਪਣੀ ਖੁਰਾਕ ’ਚ ਵਧ ਤੋਂ ਵਧ ਫਲ ਤੇ ਸਬਜ਼ੀਆਂ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਗਰਮੀਆਂ ’ਚ ਸਾਡੇ ਕੋਲ ਬਹੁਤ ਸਾਰੇ ਫਲ ਤੇ ਉਨ੍ਹਾਂ ਦੇ ਜੂਸ ਦੇ ਵਿਕਲਪ ਹੁੰਦੇ ਹਨ। ਨਾਲ ਹੀ ਗਰਮੀਆਂ ਦੇ ਮੌਸਮ ’ਚ ਸਬਜ਼ੀਆਂ ਵੀ ਖਾਧੀਆਂ ਜਾਂਦੀਆਂ ਹਨ। ਦੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਗਰਮੀਆਂ ’ਚ ਠੰਡੇ ਫਲਾਂ ਦਾ ਜੂਸ ਪੀਣਾ ਪਸੰਦ ਕਰਦੇ ਹਨ ਤੇ ਸਲਾਦ ’ਚ ਫਰਿੱਜ ’ਚ ਰੱਖੀਆਂ ਠੰਡੀਆਂ ਸਬਜ਼ੀਆਂ ਖਾਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਫਲਾਂ ਦੀ ਤਰ੍ਹਾਂ ਸਬਜ਼ੀਆਂ ਵੀ ਗਰਮੀਆਂ ’ਚ ਬਹੁਤ ਸਿਹਤਮੰਦ ਹੁੰਦੀਆਂ ਹਨ ਤੇ ਇਨ੍ਹਾਂ ਸਬਜ਼ੀਆਂ ਦਾ ਜੂਸ ਪੀਣਾ ਵੀ ਇਕ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ। ਇਸ ਲੇਖ ’ਚ ਅਸੀਂ ਤੁਹਾਨੂੰ ਕੁਝ ਸਿਹਤਮੰਦ ਸਬਜ਼ੀਆਂ ਦੇ ਜੂਸ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਲਈ ਫਲਾਂ ਦੇ ਜੂਸ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੋ ਸਕਦੇ ਹਨ। ਆਓ ਜਾਣਦੇ ਹਾਂ ਗਰਮੀਆਂ ’ਚ ਸਭ ਤੋਂ ਵਧੀਆ ਸਬਜ਼ੀਆਂ ਦੇ ਜੂਸ ਬਾਰੇ–

ਖੀਰੇ ਦਾ ਜੂਸ
ਗਰਮੀਆਂ ’ਚ ਖੀਰਾ ਖਾਣਾ ਹਰ ਕੋਈ ਪਸੰਦ ਕਰਦਾ ਹੈ ਤੇ ਇਹ ਬਹੁਤ ਹੀ ਸਿਹਤਮੰਦ ਵੀ ਹੈ ਪਰ ਸਿਰਫ ਖੀਰਾ ਹੀ ਨਹੀਂ, ਸਗੋਂ ਖੀਰੇ ਦਾ ਜੂਸ ਵੀ ਤੁਹਾਡੇ ਲਈ ਸਿਹਤਮੰਦ ਵਿਕਲਪ ਹੋ ਸਕਦਾ ਹੈ। ਰੋਜ਼ਾਨਾ ਖੀਰੇ ਦਾ ਜੂਸ ਪੀਣ ਨਾਲ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾਂਦਾ ਹੈ ਤੇ ਨਾਲ ਹੀ ਕਈ ਅਜਿਹੇ ਪੌਸ਼ਟਿਕ ਤੱਤ ਵੀ ਮਿਲਦੇ ਹਨ, ਜੋ ਕਈ ਫਲ ਮੁਹੱਈਆ ਨਹੀਂ ਕਰ ਪਾਉਂਦੇ।

ਲੌਕੀ ਦਾ ਜੂਸ
ਸਿਹਤਮੰਦ ਰਹਿਣ ਲਈ ਲੌਕੀ ਦਾ ਜੂਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਲੌਕੀ ਦਾ ਜੂਸ ਭਾਵੇਂ ਫਲਾਂ ਦੇ ਜੂਸ ਜਿੰਨਾ ਸੁਆਦੀ ਨਾ ਹੋਵੇ ਪਰ ਇਹ ਤੁਹਾਡੇ ਸਰੀਰ ਨੂੰ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਤੋਂ ਦੂਰ ਰੱਖਣ ’ਚ ਮਦਦ ਕਰਦਾ ਹੈ। ਲੌਕੀ ਦੇ ਜੂਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ।

ਕਰੇਲੇ ਦਾ ਜੂਸ
ਕਰੇਲੇ ਦਾ ਜੂਸ ਸ਼ੂਗਰ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਕੰਟਰੋਲ ਨਹੀਂ ਹੋ ਰਿਹਾ ਹੈ, ਉਨ੍ਹਾਂ ਨੂੰ ਕੁਝ ਹਫ਼ਤਿਆਂ ਤਕ ਰੋਜ਼ਾਨਾ ਕਰੇਲੇ ਦਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਰੇਲੇ ਦਾ ਜੂਸ ਪੀਣ ਨਾਲ ਢਿੱਡ ਨਾਲ ਜੁੜੀਆਂ ਕਈ ਹੋਰ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ।

ਤੋਰੀ ਦਾ ਜੂਸ
ਢਿੱਡ ਤੋਂ ਲੈ ਕੇ ਚਮੜੀ ਤੱਕ ਤੋਰੀ ਦੇ ਜੂਸ ਦਾ ਸੇਵਨ ਕਰਨ ਨਾਲ ਕਈ ਸਿਹਤ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਜ਼ਿਆਦਾਤਰ ਲੋਕ ਤੋਰੀ ਦਾ ਜੂਸ ਪੀਣਾ ਪਸੰਦ ਨਹੀਂ ਕਰਦੇ ਤੇ ਇਸ ਲਈ ਇਸ ਜੂਸ ਨੂੰ ਕਿਸੇ ਵੀ ਫਲਾਂ ਦੇ ਜੂਸ ’ਚ ਮਿਲਾ ਕੇ ਪੀਤਾ ਜਾ ਸਕਦਾ ਹੈ।

ਟਮਾਟਰ ਦਾ ਜੂਸ
ਟਮਾਟਰ ਦਾ ਜੂਸ ਇਕ ਅਜਿਹੀ ਸਬਜ਼ੀ ਦਾ ਜੂਸ ਹੈ, ਜੋ ਸਿਹਤਮੰਦ ਹੋਣ ਦੇ ਨਾਲ-ਨਾਲ ਬਹੁਤ ਸਵਾਦਿਸ਼ਟ ਵੀ ਹੈ। ਟਮਾਟਰ ਦੇ ਜੂਸ ’ਚ ਬਹੁਤ ਸਾਰੇ ਵਿਟਾਮਿਨ ਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੇ ਕਈ ਹਿੱਸਿਆਂ ਨੂੰ ਲਾਭ ਪਹੁੰਚਾਉਂਦੇ ਹਨ। ਟਮਾਟਰ ਦਾ ਜੂਸ ਪੀਣ ਨਾਲ ਚਮੜੀ ਤੰਦਰੁਸਤ ਰਹਿੰਦੀ ਹੈ ਤੇ ਢਿੱਡ ਨਾਲ ਸਬੰਧਤ ਬੀਮਾਰੀਆਂ ਜਿਵੇਂ ਭੁੱਖ ਨਾ ਲੱਗਣਾ, ਕਬਜ਼ ਤੇ ਗੈਸ ਆਦਿ ਵੀ ਦੂਰ ਹੋ ਜਾਂਦੇ ਹਨ।

ਨੋਟ– ਤੁਸੀਂ ਇਨ੍ਹਾਂ ’ਚੋਂ ਕਿਹੜੀ ਸਬਜ਼ੀ ਦਾ ਜੂਸ ਪੀਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News