Health Tips: ਖਾਣੇ ਦੀਆਂ ਇਨ੍ਹਾਂ 6 ਗ਼ਲਤ ਆਦਤਾਂ ਕਾਰਨ ਕਮਜ਼ੋਰ ਹੁੰਦੈ 'ਇਮਿਊਨ ਸਿਸਟਮ', ਹੋ ਜਾਵੋ ਸਾਵਧਾਨ
Wednesday, Sep 06, 2023 - 06:06 PM (IST)

ਜਲੰਧਰ - ਬੀਮਾਰੀਆਂ ਦੇ ਕਹਿਰ ਤੋਂ ਬਚਣ ਲਈ ਹਰ ਕਿਸੇ ਨੂੰ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਬੀਮਾਰੀਆਂ ਤੋਂ ਦੂਰ ਰਹਿਣ ਲਈ ਸਾਰੇ ਲੋਕਾਂ ਨੂੰ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਮਿਊਨਿਟੀ ਮਜ਼ਬੂਤ ਹੋਣ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਕਈ ਵਾਰ ਲੋਕ ਜਾਣੇ-ਅਣਜਾਣੇ ਵਿੱਚ ਅਜਿਹੀਆਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹਨ, ਜਿਸ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੇ 'ਚ ਖਾਣ-ਪੀਣ ਦੀਆਂ ਗਲਤ ਆਦਤਾਂ ਨੂੰ ਬਦਲਣ ਦੀ ਲੋੜ ਹੈ। ਇਮਿਊਨਿਟੀ ਨੂੰ ਕਮਜ਼ੋਰ ਕਰਨ ਵਾਲੀਆਂ ਗ਼ਲਤ ਆਦਤਾਂ ਕਿਹੜੀਆਂ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ.....
ਜ਼ਿਆਦਾ ਲੂਣ ਦਾ ਸੇਵਨ
ਭੋਜਨ ਵਿੱਚ ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਰਹਿੰਦਾ ਹੈ। ਇਕ ਖੋਜ ਮੁਤਾਬਕ ਲੂਣ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ। ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ ਅਤੇ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਸ਼ਰਾਬ ਦਾ ਸੇਵਨ
ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ, ਜਿਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸ਼ਰਾਬ ਪੀਣ ਨਾਲ ਜਿਗਰ ਦੇ ਨਾਲ-ਨਾਲ ਇਮਿਊਨ ਸਿਸਟਮ ਵੀ ਖ਼ਰਾਬ ਹੁੰਦਾ ਹੈ। ਇਕ ਖੋਜ ਮੁਤਾਬਕ ਜ਼ਿਆਦਾ ਸ਼ਰਾਬ ਪੀਣ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਨਿਮੋਨੀਆ ਅਤੇ ਸਾਹ ਦੀ ਸਮੱਸਿਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਮਿੱਠੀਆਂ ਚੀਜ਼ਾਂ ਦਾ ਸੇਵਨ
ਬਹੁਤ ਸਾਰੇ ਲੋਕ ਮਠਿਆਈਆਂ ਖਾਣ ਦੇ ਸ਼ੌਕੀਨ ਹੁੰਦੇ ਹਨ। ਕਈ ਲੋਕ ਤਾਂ ਭੋਜਨ ਤੋਂ ਬਾਅਦ ਮਿੱਠੀਆਂ ਚੀਜ਼ਾਂ ਦਾ ਵੀ ਸੇਵਨ ਕਰਦੇ ਹਨ। ਭਾਵੇਂ ਤੁਹਾਨੂੰ ਮਿਠਾ ਖਾਣਾ ਪਸੰਦ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਸਰੀਰ ਵਿੱਚ ਬੈਕਟੀਰੀਆ ਨੂੰ ਰੋਕਣ ਦੀ ਇਮਿਊਨ ਕੋਸ਼ਿਕਾਵਾਂ ਦੀ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ।
ਫਾਈਬਰ ਦੀ ਘਾਟ
ਫਾਈਬਰ ਦੀ ਘਾਟ ਨਾਲ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਇਸੇ ਲਈ ਸਰੀਰ ਦੀ ਇਮਿਊਨਿਟੀ ਨੂੰ ਕਾਇਮ ਰੱਖਣ ਲਈ ਫਾਈਬਰ ਭਰਪੂਰ ਭੋਜਨ ਦਾ ਸੇਵਨ ਕਰੋ। ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਭੋਜਨ ਵਿੱਚ ਫਾਈਬਰ ਅਤੇ ਪ੍ਰੀ-ਬਾਇਓਟਿਕਸ, ਹਰੀਆਂ ਸਬਜ਼ੀਆਂ, ਤਾਜ਼ੇ ਫਲ, ਸਾਬਤ ਅਨਾਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਨਾਲ ਬੀਮਾਰੀਆਂ ਦੂਰ ਹੁੰਦੀਆਂ ਹਨ।
ਚਾਹ, ਕੌਫੀ ਅਤੇ ਸੋਡਾ
ਚਾਹ, ਕੌਫੀ ਅਤੇ ਸੋਡਾ ਪੀਣਾ ਲੋਕਾਂ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਹੈ। ਇਸ ਦੇ ਸੇਵਨ ਨਾਲ ਸਾਰਾ ਦਿਨ ਸਰੀਰ 'ਚ ਚੁਸਤੀ ਬਣੀ ਰਹਿੰਦੀ ਹੈ। ਇਸ 'ਚ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਸ਼ਨ ਗੁਣ ਹੋਣ ਕਾਰਨ ਇਹ ਸਰੀਰ ਲਈ ਫ਼ਾਇਦੇਮੰਦ ਹਨ। ਕੈਫੀਨ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿੱਚ ਸੋਜ ਅਤੇ ਇਮਿਊਨਿਟੀ ਕਮਜ਼ੋਰ ਰਹਿਣ ਲੱਗਦੀ ਹੈ। ਇਸੇ ਲਈ ਸੌਣ ਤੋਂ ਘੱਟੋ-ਘੱਟ 6 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਕਰਨ ਤੋਂ ਬਚੋ।
ਹਰੀਆਂ ਸਬਜ਼ੀਆਂ
ਸਰੀਰ ਲਈ ਹਰੀਆਂ ਸਬਜ਼ੀਆਂ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਇਹਨਾਂ ਵਿੱਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਹਰੀਆਂ ਸਬਜ਼ੀਆਂ ਦਾ ਸੇਵਨ ਨਾ ਕਰਨ ਨਾਲ ਸਰੀਰ 'ਚ ਜ਼ਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ।