ਸਰਦੀਆਂ ''ਚ ਹੋਰ ਵੱਧ ਜਾਂਦੀ ਹੈ ਗੋਡਿਆਂ ਦੇ ਦਰਦ ਦੀ ਬੀਮਾਰੀ, ਇੰਝ ਕਰੋ ਬਚਾਅ ਤੇ ਰਾਹਤ ਦੇ ਉਪਾਅ

Sunday, Jan 15, 2023 - 09:04 PM (IST)

ਸਰਦੀਆਂ ''ਚ ਹੋਰ ਵੱਧ ਜਾਂਦੀ ਹੈ ਗੋਡਿਆਂ ਦੇ ਦਰਦ ਦੀ ਬੀਮਾਰੀ, ਇੰਝ ਕਰੋ ਬਚਾਅ ਤੇ ਰਾਹਤ ਦੇ ਉਪਾਅ

ਸ਼ਿਮਲਾ- ਸਰਦੀਆਂ ਦੇ ਦਸਤਕ ਦਿੰਦੇ ਹੀ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੇ ਹੱਡੀਆਂ ਦੇ ਰੋਗ ਸਤਾਉਣ ਲਗਦੇ ਹਨ। ਜੇਕਰ ਸਮਾਂ ਰਹਿੰਦੇ ਇਲਾਜ ਨਾ ਮਿਲੇ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਇਸ ਕਾਰਨ ਰੋਗੀ ਨੂੰ ਉੱਠਣ-ਬੈਠਣ ਤੇ ਅੰਦਰ-ਬਾਹਰ ਜਾਣ 'ਚ ਬਹੁਤ ਦਿੱਕਤ ਆਉਣ ਲਗਦੀ ਹੈ। ਰਾਜੀਵ ਗਾਂਧੀ ਸਰਕਾਰੀ ਆਯੁਰਵੈਦਿਕ ਯੂਨੀਵਰਸਿਟੀ ਤੇ ਹਸਪਤਾਲ ਦੇ ਆਰਥੋ ਮਾਹਰ ਡਾਕਟਰ ਅਨਿਲ ਸ਼ਰਮਾ ਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਹਰਵਿੰਦਰ ਦੇਵ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ 'ਚ ਵੀ ਬਜ਼ੁਰਗਾਂ ਦਾ ਖ਼ਿਆਲ ਰੱਖ ਕੇ ਅਸੀਂ ਉਨ੍ਹਾਂ ਨੂੰ ਜ਼ਿੰਦਗੀ ਦੇ ਇਸ ਪੜਾਅ 'ਚ ਆਰਾਮਦਾਇਕ ਜੀਵਨ ਦਾ ਆਨੰਦ ਦੇ ਸਕਦੇ ਹਾਂ।

ਇਹ ਵੀ ਪੜ੍ਹੋ : Health Tips: ਜਾਣੋ ਕਿਉਂ ਆਉਂਦਾ ਹੈ ‘ਹਾਰਟ ਅਟੈਕ’, ਕਿਹੜੇ ਕੰਮ ਕਰਨ ਨਾਲ ਮਰੀਜ਼ ਦੀ ਬਚਾਈ ਜਾ ਸਕਦੀ ਹੈ ਜਾਨ

ਡਾਕਟਰ ਰਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਦੇ ਹੱਡੀ ਰੋਗ ਮਾਹਰ ਡਾ. ਭਾਨੂ ਅਵਸਥੀ ਦਸਦੇ ਹਨ ਕਿ ਜੋੜਾਂ ਦੇ ਦਰਦ ਵਾਲੇ ਸਾਰੇ ਰੋਗੀ ਸਰਦੀਆਂ 'ਚ ਠੰਡੇ ਪਾਣੀ ਤੋਂ ਬਚਾਅ ਕਰਨ। ਸਵੇਰੇ ਛੇਤੀ ਨਾ ਉੱਠਣ ਤੇ ਗਰਮ ਕੱਪੜੇ ਪਹਿਨ ਕੇ ਖ਼ੁਦ ਨੂੰ ਠੰਡ ਤੋਂ ਬਚਾਉਣ। ਇਸ ਦੇ ਨਾਲ ਹੀ ਆਪਣੇ ਸਰੀਰ ਨੂੰ ਗਤੀਸ਼ੀਲ ਬਣਾਏ ਰੱਖਣ। ਉਨ੍ਹਾਂ ਕਿਹਾ ਕਿ ਜੋੜਾਂ ਦੇ ਦਰਦ 'ਚ ਦਿਨ ਤੇ ਰਾਤ 'ਚ ਗਰਮ ਪਾਣੀ ਨਾਲ ਸੇਕ ਕਰੋ। ਜਦਕਿ ਪਪਰੋਲਾ ਆਯੁਰਵੈਦਿਕ ਕਾਲਜ ਤੇ ਹਸਪਤਾਲ ਦੇ ਹੱਡੀ ਰੋਗ ਮਾਹਰ ਡਾਕਟਰ ਹਰਵਿੰਦਰ ਦੇਵ ਦਾ ਮੰਨਣਾ ਹੈ ਕਿ ਰੋਗੀ ਨਿਯਮਿਤ ਤੌਰ 'ਤੇ ਸੀਮਿਤ ਮਾਤਰਾ 'ਚ ਅਖਰੋਟ, ਬਦਾਮ, ਸੁੱਕੇ ਮੇਵੇ, ਦੁੱਧ ਤੇ ਕੈਲਸ਼ੀਅਮ ਭਰਪੂਰ ਭੋਜਨ ਕਰਨ। ਇਸ ਨਾਲ ਨਸਾਂ 'ਚ ਖੂਨ ਦਾ ਵਹਾਅ ਆਮ ਰਹੇਗਾ ਤੇ ਦਰਦ ਤੋਂ ਨਿਜ਼ਾਤ ਮਿਲੇਗੀ। ਇਨ੍ਹਾਂ ਦਿਨਾਂ 'ਚ ਧੁੱਪ ਸੇਕਣਾ ਬਿਲਕੁਲ ਨਾ ਭੁਲੋ। ਇਸ ਨਾਲ ਸਰੀਰ ਦੇ ਅੰਗਾਂ ਨੂੰ ਵਿਟਾਮਿਨ ਡੀ ਮਿਲੇਗਾ ਜੇਕਰ ਫਿਰ ਵੀ ਦਰਦ ਦੀ ਸਮੱਸਿਆ ਦਾ ਹਲ ਨਹੀਂ ਹੁੰਦਾ ਤਾਂ ਡਾਕਟਰ ਕੋਲ ਜ਼ਰੂਰ ਜਾਵੋ। 

ਇਸ ਕਾਰਨ ਹੁੰਦਾ ਹੈ ਜੋੜਾਂ 'ਚ ਦਰਦ

ਮਾਹਿਰਾਂ ਦਾ ਮੰਨਣਾ ਹੈ ਕਿ ਸਧਾਰਨ ਭਾਸ਼ਾ 'ਚ ਜੋੜਾਂ ਦੇ ਦਰਦ ਨੂੰ ਅਕਸਰ ਗ੍ਰੀਸ ਨੂੰ ਘੱਟ ਹੋਣਾ ਮੰਨਦੇ ਹਨ। ਅਸਲ 'ਚ ਜੋੜਾਂ ਦੇ ਅੰਦਰ ਇਕ ਤਰਲ ਪਦਾਰਥ ਹੁੰਦਾ ਹੈ, ਜੋ ਜੋੜਾਂ ਨੂੰ ਨਰਮ ਰਖਦਾ ਹੈ ਤੇ ਹੱਡੀਆਂ ਨੂੰ ਆਪਸ 'ਚ ਰਗੜ ਤੋਂ ਬਚਾਉਂਦਾ ਹੈ। ਇਸੇ ਤਰਲ ਪਦਾਰਥ ਨਾਲ ਜੋੜਾਂ ਦੇ ਹਿੱਸਿਆਂ ਨੂੰ ਖੁਰਾਕ ਮਿਲਦੀ ਹੈ। ਇਸ ਦੇ ਨਾਲ ਹੀ ਇਹ ਜੋੜਾਂ 'ਚ ਹੋਣ ਵਾਲੇ ਝਟਕਿਆਂ ਦੇ ਖਰਾਬ ਪ੍ਰਭਾਵ ਤੋਂ ਵੀ ਬਚਾਉਂਦਾ ਹੈ ਜਿਸ ਕਾਰਨ ਹੱਡੀਆਂ ਨੂੰ ਨੁਕਸਾਨ ਨਹੀਂ ਹੁੰਦਾ। ਜਿਵੇਂ-ਜਿਵੇਂ ਉਮਰ ਵਧਦੀ ਹੈ ਤਾਂ ਇਸ ਤਰਲ ਪਦਾਰਥ ਦੀ ਮਾਤਰਾ ਘੱਟ ਹੋ ਜਾਂਦੀ ਹੈ ਜੋ ਕਿ ਦਰਦ ਦੀ ਮੁੱਖ ਵਜ੍ਹਾ ਹੈ। ਡੀ. ਡੀ. ਯੂ. ਸ਼ਿਮਲਾ ਦੇ ਆਰਥੋ ਮਾਹਰ ਡਾਕਟਰ ਲੋਕੇਂਦਰ ਸ਼ਰਮਾ ਦਸਦੇ ਹਨ ਕਿ ਇਨ੍ਹਾਂ ਦਿਨਾਂ 'ਚ ਠੰਡ ਨਾਲ ਜੋੜਾਂ ਦੀਆਂ ਨਸਾਂ ਸੁੰਗੜਦੀਆਂ ਹਨ ਜਿਸ ਨਾਲ ਉਸ ਹਿੱਸੇ 'ਚ ਖ਼ੂਨ ਦਾ ਤਾਪਮਾਨ ਘੱਟ ਹੋ ਜਾਂਦਾ ਹੈ ਤੇ ਜੋੜਾਂ 'ਚ ਅਕੜਾਅ ਹੋ ਜਾਂਦਾ ਹੈ।

ਆਯੁਰਵੇਦ 'ਚ ਇਹ ਇਲਾਜ

ਰਾਜੀਵ ਗਾਂਧੀ ਸਰਕਾਰੀ ਆਯੁਰਵੈਦਿਕ ਯੂਨੀਵਰਸਿਟੀ ਤੇ ਹਸਪਤਾਲ ਦੇ ਹੱਡੀ ਰੋਗ ਮਾਹਰ ਡਾਕਟਰ ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ਪ੍ਰਾਣਾਯਾਮ ਯੋਗਾਸਨ ਜੋੜਾਂ ਦੇ ਦਰਦ ਲਈ ਕਾਫੀ ਲਾਭਕਾਰੀ ਹਨ। ਔਸ਼ਧੀ 'ਚ ਅਸ਼ਵਗੰਧਾ, ਸੁੰਡ, ਲਸਣ ਤੇ ਗੂਗਲ ਦਾ ਸੇਵਨ ਕਰਨਾ ਚਾਹੀਦਾ ਹੈ। ਦਰਦ ਹੋਣ 'ਤੇ ਪੰਚਗੁਣ ਤੇ ਮਹਾਨਾਰਾਇਣ ਤੇਲ ਹਲਕੇ ਹੱਥਾਂ ਨਾਲ ਜੋੜਾਂ 'ਤੇ ਲਗਾਓ। 

ਕਸਰਤ ਤੇ ਵਰਜਿਸ਼ ਜ਼ਰੂਰੀ ਪਰ ਸਾਵਧਾਨੀ ਨਾਲ

ਏਮਸ ਬਿਲਾਸਪੁਰ ਦੇ ਗਠੀਆ ਬਾਈ ਰੋਗ ਮਾਹਰ ਦਵਿੰਦਰ ਬੈਰਵਾ ਕਹਿੰਦੇ ਹਨ ਇਸ ਰੋਗ ਦੀ ਗੰਭੀਰਤਾ ਦੇ ਆਧਾਰ 'ਤੇ ਕਈ ਕਸਰਤ ਦੱਸੀਆਂ ਜਾਂਦੀਆਂ ਹਨ। ਸ਼ੁਰੂਆਤੀ ਦੌਰ 'ਚ ਜਦੋਂ ਦਰਦ ਜ਼ਿਆਦਾ ਹੁੰਦਾ ਹੈ ਤਾਂ ਸੌਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ। ਜਿਵੇਂ-ਜਿਵੇਂ ਦਰਦ ਘੱਟ ਹੁੰਦਾ ਹੈ ਤਾਂ ਮੁਸ਼ਕਲ ਵਰਜਿਸ਼ ਕਰਨੀ ਚਾਹੀਦੀ ਹੈ। ਸ਼ੁਰੂਆਤੀ ਦਿਨਾਂ 'ਚ ਦਵਾਈਆਂ ਰਾਹੀਂ ਜੋੜਾਂ ਦਾ ਦਰਦ ਠੀਕ ਕੀਤਾ ਜਾਂਦਾ ਹੈ। ਇਕ ਵਾਰ ਦਰਦ ਘੱਟ ਹੋ ਜਾਣ 'ਤੇ ਹੌਲੀ-ਹੌਲੀ ਜੋੜਾਂ ਦੀ ਵਰਜਿਸ਼ ਕਰਨੀ ਚਾਹੀਦੀ ਹੈ। ਫਿਰ ਵੀ ਦਰਦ ਵਧਦਾ ਹੈ ਤਾਂ ਵਰਜਿਸ਼ ਰੋਕ ਦੇਣੀ ਚਾਹੀਦੀ ਹੈ। ਹਫਤੇ 'ਚ ਘੱਟੋ-ਘੱਟ ਪੰਜ ਦਿਨ ਕਸਰਤ ਕਰਨੀ ਚਾਹੀਦੀ ਹੈ। ਜਿਨ੍ਹਾਂ ਮਰੀਜ਼ਾਂ ਨੂੰ ਰੋਜ਼ਾਨਾ ਦੇ ਕੰਮ ਕਰਨ 'ਚ ਦਿੱਕਤ ਆਉਂਦੀ ਹੈ, ਤਾਂ ਉਨ੍ਹਾਂ ਮਰੀਜ਼ਾਂ ਨੂੰ ਸਹਾਇਕ ਉੁਪਕਰਨ ਜਿਵੇਂ ਤੁਰਨ ਲਈ ਸੋਟੀ ਤੇ ਫੌੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਲੰਬੀ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਤਾਂ ਜ਼ਰੂਰ ਖਾਓ ਇਹ ਚੀਜ਼ਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News