ਜੋੜਾਂ ਦੇ ਦਰਦ ਨੂੰ ਦੂਰ ਕਰਨ ਦੇ ਨਾਲ-ਨਾਲ ਕੈਂਸਰ ਤੋਂ ਵੀ ਬਚਾਏ ‘ਆਲੂ ਦਾ ਰਸ’
Monday, Jun 15, 2020 - 06:30 PM (IST)
ਜਲੰਧਰ— ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਲੋਕ ਆਲੂ ਦੀ ਵਰਤੋਂ ਲਗਭਗ ਹਰ ਸਬਜ਼ੀ ਵਿਚ ਕਰਦੇ ਹਨ। ਆਲੂ 'ਚ ਸਭ ਤੋਂ ਜ਼ਿਆਦਾ ਕਾਰਬੋਹਾਈਡ੍ਰੇਟਸ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਮੋਟਾਪਾ ਵਧਾਉਣ ਵਾਲਾ ਸ੍ਰੋਤ ਮੰਨਿਆ ਜਾਂਦਾ ਹੈ ਪਰ ਕੱਚਾ ਆਲੂ ਅਤੇ ਇਸ ਦਾ ਜੂਸ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਜੂਸ 'ਚ ਮੌਜੂਦ ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਸਾਧਾਰਨ ਹਾਲਤ ਵਿੱਚ ਆਲੂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹਰੇ ਰੰਗ ਵਾਲੇ ਆਲੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਵਿੱਚ ਸੋਲਾਨਾਈਨ ਕੈਮੀਕਲ ਦੀ ਬਹੁਤਾਤ ਹੁੰਦੀ ਹੈ ਜੋ ਕਿ ਸਰੀਰ ਲਈ ਨੁਕਸਾਨਦਾਇਕ ਹੈ ਅਤੇ ਹੈਜ਼ਾ, ਪੱਠਿਆਂ ਵਿੱਚ ਕੜਵੱਲ ਪੈਣ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ।
ਜੋੜਾਂ ਦਾ ਦਰਦ ਕਰੇ ਦੂਰ
ਜੋੜਾਂ ਦੇ ਦਰਦ ਵਾਲੇ ਮਰੀਜ਼ ਨੂੰ ਹਰ ਵਾਰ ਖਾਣਾ ਖਾਣ ਤੋਂ ਪਹਿਲਾਂ ਦੋ ਚਮਚ ਆਲੂਆਂ ਦਾ ਜੂਸ ਲੈਣ ਨਾਲ ਕਾਫੀ ਫਾਇਦਾ ਹੁੰਦਾ ਹੈ। ਆਲੂ ਦੇ ਮੋਟੇ ਛਿਲਕੇ ਲੈ ਕਿ 4-5 ਮਿੰਟ ਪਾਣੀ 'ਚ ਉਬਾਲ ਲਵੋ ਅਤੇ ਫਿਰ ਠੰਢਾ ਹੋਣ 'ਤੇ ਇਸ ਨੂੰ ਪੀਓ। ਇਸ ਤਰ੍ਹਾਂ ਦਿਨ 'ਚ ਚਾਰ ਵਾਰ ਲੈਣ ਨਾਲ ਲਾਭ ਹੁੰਦਾ ਹੈ।
ਪੋਟਾਸ਼ੀਅਮ ਦੀ ਲੋੜ ਕਰੇ ਪੂਰੀ
ਅੱਧਾ ਕੱਪ ਆਲੂ ਦਾ ਜੂਸ ਲਗਭਗ 27 ਫੀਸਦੀ ਦੇ ਕਰੀਬ ਰੋਜ਼ਾਨਾ ਪੋਟਾਸ਼ੀਅਮ ਦੀ ਜ਼ਰੂਰਤ ਪੂਰੀ ਕਰਦਾ ਹੈ। ਇਹ ਖਣਿਜ ਗੁਰਦੇ ਦੀ ਸਫਾਈ ਕਰਨ ਦੇ ਨਾਲ-ਨਾਲ ਖੂਨ ਦੇ ਦਬਾਅ ਨੂੰ ਨਿਯਮਿਤ ਰੱਖਣ ਜਿਹੇ ਕਈ ਮਹੱਤਵਪੂਰਨ ਕਾਰਜ ਕਰਦਾ ਹੈ।
ਵਿਟਾਮਿਨ 'ਸੀ’
ਅੱਧਾ ਕੱਪ ਆਲੂ ਜੂਸ ਲਗਭਗ ਸਾਡੀ ਰੋਜ਼ਾਨਾ ਜ਼ਰੂਰਤ ਦਾ 50 ਫੀਸਦੀ ਵਿਟਾਮਿਨ 'ਸੀ' ਦਿੰਦਾ ਹੈ। ਇਹ ਵਿਟਾਮਿਨ ਸਾਡੇ ਸਰੀਰ ਵਿਚਲੀ ਰੋਗ ਨਿਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਕੈਂਸਰ ਤੋਂ ਬਚਾਅ
ਚੀਨ 'ਚ ਹੋਈ ਖੋਜ ਅਨੁਸਾਰ ਆਲੂਆਂ 'ਚ ਮੌਜੂਦ ਪੈਟਾਟਿਨ ਨਾਮੀ ਤੱਤ ਚੂਹਿਆਂ 'ਚ ਮੌਜੂਦ ਮੈਲਾਨੋਮਾ ਕਿਸਮ ਦੇ ਕੈਂਸਰ ਨੂੰ ਰੋਕਣ 'ਚ ਸਹਾਈ ਹੁੰਦਾ ਹੈ।
ਕੋਲੈਸਟਰੋਲ
ਆਲੂਆਂ ਦਾ ਜੂਸ ਕੋਲੈਸਟਰੋਲ ਵਿਚਲੇ ਟਰਾਈ ਗਲਿਸਰਾਈਡ ਨੂੰ ਨਿਯਮਿਤ ਕਰਦਾ ਹੈ।
ਜਿਗਰ ਅਤੇ ਪਿੱਤੇ ਦੀ ਕਰੇ ਸਫਾਈ
ਇਸ ਤਰ੍ਹਾਂ ਤਿਆਰ ਆਲੂ ਦਾ ਜੂਸ ਜਿਗਰ ਅਤੇ ਪਿੱਤੇ ਦੀ ਸਫਾਈ ਕਰਦਾ ਹੈ। ਲਿਵਰ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਚੱਲਣ 'ਚ ਸਹਾਈ ਹੁੰਦਾ ਹੈ। ਆਲੂਆਂ ਦਾ ਛਿਲਕਾ ਆਲੂਆਂ ਦੇ ਗੁੱਦੇ ਨਾਲੋਂ ਵੀ ਕਈ ਗੁਣਾ ਫਾਇਦੇਮੰਦ ਹੁੰਦਾ ਹੈ। ਆਲੂ ਦੇ ਛਿਲਕੇ ਹੇਠ ਪੋਟਾਸ਼ੀਅਮ ਦੀ ਤਹਿ ਹੁੰਦੀ ਹੈ।
ਚਮੜੀ ਦੀ ਦੇਖਭਾਲ
ਆਲੂਆਂ ਨੂੰ ਪੀਸ ਕਿ ਚਿਹਰੇ 'ਤੇ ਕੁਝ ਸਮਾਂ ਲੱਗਾ ਰਹਿਣ ਦਿਓ। ਆਲੂਆਂ 'ਚ ਮੌਜੂਦ ਪੋਸ਼ਟਿਕ ਤੱਤ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ। ਚਮੜੀ ਸੁੰਦਰ ਤੇ ਜਵਾਨ ਬਣੀ ਰਹਿੰਦੀ ਹੈ। ਆਲੂ ਦੇ ਗੁੱਦੇ ਨੂੰ ਸ਼ਹਿਦ ਜਾਂ ਜੈਤੂਨ ਦੇ ਤੇਲ 'ਚ ਮਿਲਾ ਕਿ ਕਿਸੇ ਜ਼ਖਮ, ਰਗੜ ਜਾਂ ਸੜੀ ਹੋਈ ਥਾਂ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
ਪੜ੍ਹੋ ਇਹ ਵੀ - ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਪੀਓ ‘ਕਰੇਲੇ ਦਾ ਜੂਸ’, ਵਾਲਾਂ ਲਈ ਵੀ ਹੈ ਫਾਇਦੇਮੰਦ
ਪੈਪਟਿਕ ਅਲਸਰ
ਪੈਪਟਿਕ ਅਲਸਰ ਨੂੰ ਮਿਹਦੇ ਦਾ ਅਲਸਰ ਵੀ ਕਹਿੰਦੇ ਹਨ। ਇਸ 'ਚ ਜ਼ਿਆਦਾ ਤੇਜ਼ਾਬ ਬਣਨ ਕਾਰਨ ਮਿਹਦੇ ਦੀ ਝਿੱਲੀ ਖਰਾਬ ਹੋ ਜਾਂਦੀ ਹੈ ਅਤੇ ਮਿਹਦੇ 'ਚ ਪੱਕੇ ਤੌਰ 'ਤੇ ਜ਼ਖਮ ਹੋ ਜਾਂਦੇ ਹਨ। ਇਕ ਖੋਜ ਅਨੁਸਾਰ ਆਲੂ ਦਾ ਜੂਸ ਮਿਹਦੇ ਦੇ ਅਲਸਰ ਨੂੰ ਠੀਕ ਕਰਨ 'ਚ ਲਾਭਦਾਇਕ ਸਾਬਤ ਹੁੰਦਾ ਹੈ।
ਵਿਟਾਮਿਨ 'ਬੀ-1' ਤੇ 'ਬੀ-3'
ਅੱਧਾ ਕੱਪ ਆਲੂ ਜੂਸ ਤੋਂ ਸਾਨੂੰ ਰੋਜ਼ਾਨਾ ਜ਼ਰੂਰਤ ਦਾ 20 ਫੀਸਦੀ ਦੇ ਕਰੀਬ ਵਿਟਾਮਿਨ 'ਬੀ-1' ਅਤੇ 'ਬੀ-3' ਮਿਲਦੇ ਹਨ। ਜੋ ਕਿ ਸਾਡੇ ਨਾੜੀ ਤੰਤਰ ਅਤੇ ਚਮੜੀ ਲਈ ਜ਼ਰੂਰੀ ਹਨ ਅਤੇ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁਢਾਪੇ ਨੂੰ ਦੂਰ ਰੱਖਦੇ ਹਨ। ਕੇਵਲ ਤਲ ਕੇ ਖਾਧੇ ਆਲੂ ਹੀ ਮੋਟਾਪੇ ਦਾ ਕਾਰਨ ਬਣਦੇ ਹਨ ਜਦਕਿ ਕੱਚਾ ਆਲੂ ਅਨੇਕਾਂ ਬੀਮਾਰੀਆਂ ਲਈ ਦਵਾਈ ਦਾ ਕੰਮ ਕਰਦਾ ਹੈ।
ਪੜ੍ਹੋ ਇਹ ਵੀ - ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦੀ ਹੈ ਮਲਾਈ, ਚਿਹਰੇ ''ਤੇ ਵੀ ਲਿਆਏ ਨਿਖਾਰ
ਸੋਜ ਅਤੇ ਖਾਰਸ਼
ਆਲੂਆਂ ਦੇ ਮੋਟੇ ਛਿਲਕੇ ਕੱਟ ਕੇ ਸੋਜ ਵਾਲੀ ਥਾਂ ਅਤੇ ਜਾਂ ਕਿਸੇ ਜੀਵ ਦੇ ਕੱਟਣ ਨਾਲ ਹੋਣ ਵਾਲੀ ਖਾਰਸ਼ ਜਾਂ ਕਿਸੇ ਲਾਗ ਕਾਰਨ ਹੋਣ ਵਾਲੀ ਖਾਰਸ਼ 'ਤੇ ਰੱਖਣ ਨਾਲ ਆਰਾਮ ਮਿਲਦਾ ਹੈ। ਦੱਸਣਯੋਗ ਹੈ ਕਿ ਕਿਸੇ ਵੀ ਖਾਧ ਪਦਾਰਥ ਦੀ ਵਰਤੋਂ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਜ਼ਰੂਰੀ ਮਾਤਰਾ 'ਚ ਹੀ ਕਰਨੀ ਚਾਹੀਦੀ ਹੈ। ਜ਼ਿਆਦਾ ਮਾਤਰਾ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ। ਸਾਧਾਰਨ ਹਾਲਤ 'ਚ ਆਲੂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।
ਪਾਚਣ ਤੰਤਰ ਦੇ ਵਿਗਾੜ
ਆਲੂ ਦਾ ਜੂਸ ਮਿਹਦੇ ਦੀ ਜਲਣ ਅਤੇ ਤੇਜ਼ਾਬ ਦੇ ਬਣਨ ਨੂੰ ਵੀ ਘੱਟ ਕਰਦਾ ਹੈ।