Health Tips: ਗਰਮੀਆਂ 'ਚ ਸਿਹਤ ਲਈ ਵਰਦਾਨ ਹੈ ਨਾਰੀਅਲ ਪਾਣੀ, ਭਾਰ ਘਟਾਉਣ ਸਣੇ ਹੋਣਗੇ ਕਈ ਫ਼ਾਇਦੇ

Friday, May 19, 2023 - 04:13 PM (IST)

ਜਲੰਧਰ (ਬਿਊਰੋ) - ਨਾਰੀਅਲ ਪਾਣੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦੇ ਹਨ ਤੇ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਨਾਰੀਅਲ ਪਾਣੀ 'ਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਅਤੇ ਇਸ 'ਚ ਐਂਟੀ-ਆਕਸੀਡੈਂਟ ਅਤੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ 'ਚ ਵਿਟਾਮਿਨ ਸੀ, ਮੈਗਨੀਸ਼ੀਅਮ, ਮੈਗਨੀਜ਼, ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਵੀ ਹੁੰਦੇ ਹਨ। ਗਰਮੀਆਂ 'ਚ ਇਸ ਦੀ ਵਰਤੋਂ ਕਰਨੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ, ਕਿਉਂਕਿ ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। ਨਾਰੀਅਲ ਪਾਣੀ ਗਰਭਵਤੀ ਜਨਾਨੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਨਾਰੀਅਲ ਪਾਣੀ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਭਾਰ ਘਟਾਉਣ 'ਚ ਮਦਦਗਾਰ
ਨਾਰੀਅਲ ਪਾਣੀ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਹ ਭਾਰ ਘਟਾਉਣ ਦਾ ਸੁਪਰ ਡਰਿੰਕ ਹੈ। ਇਸ ਨੂੰ ਪੀਣ ਨਾਲ ਢਿੱਡ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰੋ। ਨਾਰੀਅਲ ਪਾਣੀ 'ਚ ਬਾਇਓਐਕਟਿਵ ਐਂਜ਼ਾਈਮ ਹੁੰਦੇ ਹਨ, ਜੋ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ​​ਕਰਦੇ ਹਨ।

ਸ਼ੂਗਰ ਤੋਂ ਰਾਹਤ 
ਸ਼ੂਗਰ ਲੈਵਲ ਵਧਣ ਕਾਰਨ ਸਰੀਰ 'ਚ ਇੰਸੁਲਿਨ ਹਾਰਮੋਨਸ ਦੀ ਘਾਟ ਹੁੰਦੀ ਹੈ। ਨਾਰੀਅਲ ਪਾਣੀ 'ਚ ਮੌਜੂਦ ਐਂਟੀ-ਆਕਸੀਡੈਂਟਸ ਇੰਸੁਲਿਨ ਦੇ ਪੱਧਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਨਾਰੀਅਲ ਦਾ ਪਾਣੀ ਬਹੁਤ ਹੀ ਮਦਦਗਾਰ ਹੈ। ਜੇ ਤੁਸੀਂ ਵੀ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਹੋ ਤਾਂ ਇਕ ਕੱਪ ਨਾਰੀਅਲ ਪਾਣੀ ਨੂੰ ਦਿਨ 'ਚ ਦੋ ਵਾਰ ਪੀਓ। ਇਸ ਲਈ ਡਿੱਬਾ ਬੰਦ ਨਾਰੀਅਲ ਪਾਣੀ ਨਾ ਲਓ, ਕਿਉਂਕਿ ਇਹ ਹਾਨੀਕਾਰਕ ਹੁੰਦਾ ਹੈ।

ਕਿਡਨੀ ਸਟੋਨ ਕੱਢੇ
ਕਿਡਨੀ 'ਚ ਪੱਥਰੀ ਹੋਣ 'ਤੇ ਡਾਕਟਰ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਇਸ ਲਈ ਨਾਰੀਅਲ ਪਾਣੀ ਵਧੀਆਂ ਆਪਸ਼ਨ ਹੈ। ਇਹ ਪੱਥਰੀ ਨੂੰ ਬਾਹਰ ਕੱਢਣ 'ਚ ਕਾਫ਼ੀ ਮਦਦ ਕਰਦਾ ਹੈ।

ਗਰਭ ਅਵਸਥਾ 'ਚ ਫ਼ਾਇਦੇਮੰਦ
ਨਾਰੀਅਲ ਪਾਣੀ ਗਰਭਵਤੀ ਔਰਤਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਹ ਬੱਚਿਆਂ ਦੇ ਵਿਕਾਸ ਲਈ ਲਾਹੇਵੰਦ ਹੈ। ਗਰਭ ਅਵਸਥਾ ਦੌਰਾਨ ਹੋਣ ਵਾਲੀ ਥਕਾਵਟ, ਕਬਜ਼ ਅਤੇ ਜੀਅ ਮਿਚਲਾਉਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਪਾਣੀ ਦੀ ਘਾਟ ਪੂਰੀ ਕਰੇ
ਨਾਰੀਅਲ ਪਾਣੀ ਪੀਣ ਨਾਲ ਸਰੀਰ 'ਚ ਪਾਣੀ ਦੀ ਘਾਟ ਪੂਰੀ ਹੁੰਦੀ ਹੈ।ਇਸ ਲਈ ਪਾਣੀ ਦੀ ਘਾਟ ਹੋਣ 'ਤੇ ਇਸ ਦੀ ਵਰਤੋਂ ਜ਼ਰੂਰ ਕਰੋ।

ਸਿਰਦਰਦ ਤੋਂ ਛੁਟਕਾਰਾ
ਸਿਰਦਰਦ ਹੋਣ 'ਤੇ ਨਾਰੀਅਲ ਦਾ ਪਾਣੀ ਪੀਣ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ। ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਵੀ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਹੈ।

ਹੱਡੀਆਂ ਨੂੰ ਮਜ਼ਬੂਤ ਕਰੇ
ਨਾਰੀਅਲ ਪਾਣੀ 'ਚ ਕੈਲਸ਼ੀਅਮ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।


rajwinder kaur

Content Editor

Related News