Health Tips: ਦੇਰ ਰਾਤ ਤੱਕ ਮੋਬਾਇਲ ਦੀ ਵਰਤੋਂ ਕਰਨ ਵਾਲੇ ਸਾਵਧਾਨ, ਕੈਂਸਰ ਸਣੇ ਕਈ ਬੀਮਾਰੀਆਂ ਦਾ ਖ਼ਤਰਾ
Wednesday, Jun 07, 2023 - 12:58 PM (IST)
ਜਲੰਧਰ (ਬਿਊਰੋ) - ਅੱਜ ਦੇ ਸਮੇਂ ਵਿੱਚ ਹਰੇਕ ਸ਼ਖ਼ਸ ਨੂੰ ਫ਼ੋਨ ਦੀ ਜ਼ਰੂਰਤ ਹੈ। ਇੰਝ ਲੱਗਦਾ ਜਿਵੇਂ ਫ਼ੋਨ ਦੇ ਬਿਨਾ ਜ਼ਿੰਦਗੀ ਅਧੂਰੀ ਹੈ। ਫ਼ੋਨ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਲੋਕ ਕਿਸੇ ਹੋਰ ਕੰਮ ਵੱਲ ਧਿਆਨ ਹੀ ਨਹੀਂ ਦੇ ਰਹੇ। ਫ਼ੋਨ ਦਾ ਸਭ ਤੋਂ ਬੁਰਾ ਅਸਰ ਨੌਜਵਾਨ ਪੀੜ੍ਹੀ 'ਤੇ ਪੈ ਰਿਹਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਤੋਂ ਘਰ ਆ ਕੇ ਆਰਾਮ ਨਾਲ ਫ਼ੋਨ ਦੀ ਵਰਤੋਂ ਕਰਦੇ ਹਨ। ਰਾਤ ਦੇ ਸਮੇਂ ਜਾਂ ਹਨੇਰੇ ਵਿੱਚ ਫ਼ੋਨ ਦਾ ਇਸਤੇਮਾਲ ਕਰਨ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਫ਼ੋਨ ਵਿੱਚ ਨਿਕਲਣ ਵਾਲੀ ਨੀਲੀ ਰੌਸ਼ਨੀ ਅੱਖਾਂ ਨੂੰ ਖ਼ਰਾਬ ਕਰ ਸਕਦੀ ਹੈ। ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਵੀ ਰਾਤ ਦੇ ਹਨੇਰੇ ਵਿੱਚ ਫ਼ੋਨ ਦੀ ਵਰਤੋਂ ਕਰਦੇ ਹਨ ਤਾਂ ਤੁਸੀਂ ਸਾਵਧਾਨ ਹੋ ਜਾਵੋ। ਇਸ ਨਾਲ ਹੇਠ ਦੱਸੇ ਨੁਕਸਾਨ ਹੋ ਸਕਦੇ ਨੇ......
ਰਾਤ ਨੂੰ ਲੰਬੇ ਸਮੇਂ ਤੱਕ ਫੋਨ ਚਲਾਉਣ ਦੀ ਆਦਤ
ਰਾਤ ਨੂੰ ਲੰਬੇ ਸਮੇਂ ਤੱਕ ਫੋਨ ਚਲਾਉਣ ਦੀ ਆਦਤ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੀ ਹੈ। ਇਹ ਅੱਖਾਂ ਦੇ ਨਾਲ-ਨਾਲ ਮਾਨਸਿਕ ਸਿਹਤ ਲਈ ਵੀ ਹਾਨੀਕਾਰਕ ਹੈ। ਇੱਕ ਤਾਜ਼ਾ ਖੋਜ ਅਨੁਸਾਰ ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਭਵਿੱਖ ਵਿੱਚ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਸੌਣ ਤੋਂ ਪਹਿਲਾਂ ਲੋਕ ਮੋਬਾਈਲ ਫ਼ੋਨ ਤੋਂ ਦੂਰੀ ਬਣਾ ਕੇ ਰੱਖਣ।
ਡਿਪ੍ਰੈਸ਼ਨ ਦਾ ਸ਼ਿਕਾਰ
ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਨ ਨਾਲ ਨਾ ਸਿਰਫ਼ ਨੀਂਦ ਖ਼ਰਾਬ ਹੁੰਦੀ ਹੈ ਸਗੋਂ ਮਾਨਸਿਕ ਸਿਹਤ 'ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਮੋਬਾਈਲ ਤੋਂ ਨਿਕਲਣ ਵਾਲੀਆਂ ਨੀਲੀਆਂ ਕਿਰਨਾਂ (ਰੋਸ਼ਨੀ) ਤੁਹਾਡੀ ਨੀਂਦ ਦੇ ਪੈਟਰਨ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਕਾਰਨ ਕੁਝ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਫ਼ੋਨ ਦੀ ਵਰਤੋਂ ਕਾਰਨ ਤੁਸੀਂ ਦਿਨ ਭਰ ਤਾਜ਼ਗੀ ਮਹਿਸੂਸ ਨਹੀਂ ਕਰਦੇ।
ਅੱਖਾਂ ਲਈ ਹਾਨੀਕਾਰਕ
ਦੇਰ ਰਾਤ ਨੂੰ ਮੋਬਾਈਲ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਤੁਹਾਡੀਆਂ ਅੱਖਾਂ ਨੂੰ ਖ਼ਰਾਬ ਕਰਦੀ ਹੈ ਅਤੇ ਰੈਟਿਨਾ ਨੂੰ ਪ੍ਰਭਾਵਿਤ ਕਰਦੀ ਹੈ। ਲੰਬੇ ਸਮੇਂ ਤੱਕ ਫੋਨ ਦੀ ਵਰਤੋਂ ਕਰਨ ਨਾਲ ਮੈਮੋਰੀ ਕਮਜ਼ੋਰ ਹੋ ਸਕਦੀ ਹੈ। ਇਸ ਨਾਲ ਅੱਖਾਂ ਦੀਆਂ ਕਈ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ, ਕਿਉਂਕਿ ਇਹ ਆਦਤ ਦਿਮਾਗ ਨੂੰ ਕਮਜ਼ੋਰ ਕਰ ਦਿੰਦੀ ਹੈ। ਇਸ ਲਈ ਤੁਹਾਨੂੰ ਘੱਟ ਤੋਂ ਘੱਟ ਫੋਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅਨਿੰਦਰੇ ਦਾ ਸ਼ਿਕਾਰ
ਲੋਕਾਂ ਨੂੰ ਹਮੇਸ਼ਾਂ ਸੌਣ ਤੋਂ ਪਹਿਲਾਂ ਫ਼ੋਨ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਰਾਤ ਦੇ ਹਨੇਰੇ ਵਿੱਚ ਜਦੋਂ ਤੁਸੀਂ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ ਇਸ ਵਿੱਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੀ ਨੀਂਦ ਦੇ ਹਾਰਮੋਨ ਮੇਲਾ ਟੋਨਿਨੀ ਵਿੱਚ ਰੁਕਾਵਟ ਪਾ ਸਕਦੀ ਹੈ। ਇਸ ਲਈ ਜੇਕਰ ਤੁਸੀਂ ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਅਨਿੰਦਰੇ ਦਾ ਸ਼ਿਕਾਰ ਹੋ ਸਕਦੇ ਹੋ।
ਪਾਚਨ ਨਾਲ ਸੰਬੰਧੀ ਸਮੱਸਿਆਵਾਂ
ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਪਾਚਨ ਨਾਲ ਸੰਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਢਿੱਡ ਖ਼ਰਾਬ ਹੋਣ ਕਾਰਨ ਲੋਕਾਂ ਦਾ ਮੂਡ ਵੀ ਬਦਲਦਾ ਰਹਿੰਦਾ ਹੈ।
ਸਰੀਰਕ ਸਮੱਸਿਆਵਾਂ ਹੋਣ ਦਾ ਖ਼ਤਰਾ
ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਨ ਨਾਲ ਸਰੀਰ ਦੀ ਸਥਿਤੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਭਵਿੱਖ ਵਿੱਚ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਨੀ ਬੰਦ ਕਰ ਦਿਓ।
ਕੈਂਸਰ ਵਰਗੀ ਬੀਮਾਰੀ ਹੋਣ ਦਾ ਖ਼ਤਰਾ
ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਵੀ ਖ਼ਤਰਾ ਹੋ ਸਕਦਾ ਹੈ। ਫ਼ੋਨ ਤੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨੂੰ ਇੱਕ ਸੰਭਾਵੀ ਕਾਰਸਿਨੋਜਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਅਜਿਹੇ 'ਚ ਜੇਕਰ ਤੁਸੀਂ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਤੁਹਾਡੇ ਦਿਮਾਗ ਅਤੇ ਕੰਨ 'ਚ ਟਿਊਮਰ ਹੋਣ ਦੀ ਸਮੱਸਿਆ ਹੋ ਸਕਦੀ ਹੈ, ਜੋ ਬਾਅਦ 'ਚ ਕੈਂਸਰ ਦਾ ਰੂਪ ਲੈ ਸਕਦੀ ਹੈ।