Health Tips: ਸੁੱਕੀ ਖੰਘ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ, ਇਨ੍ਹਾਂ ਨੁਸਖ਼ਿਆਂ ਨਾਲ ਮਿਲੇਗੀ ਰਾਹਤ

03/23/2024 5:31:57 PM

ਜਲੰਧਰ (ਬਿਊਰੋ) - ਮੌਸਮ 'ਚ ਬਦਲਾਅ ਆਉਣ 'ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਖੰਘ ਵਰਗੀਆਂ ਸਮੱਸਿਆਵਾਂ ਦੀ ਲਪੇਟ 'ਚ ਆ ਜਾਂਦੇ ਹਨ। ਜ਼ਿਆਦਾ ਖੰਘ ਹੋਣ 'ਤੇ ਗਲੇ ਅਤੇ ਪਸਲੀਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਠੰਡੀਆਂ ਜਾਂ ਖੱਟੀਆਂ ਚੀਜ਼ਾਂ ਖਾਣ ਨਾਲ ਵੀ ਖੰਘ ਦੀ ਸਮੱਸਿਆ ਹੋ ਜਾਂਦੀ ਹੈ। ਸੁੱਕੀ ਖੰਘ ਦੀ ਸਮੱਸਿਆ ਹੋਣ 'ਤੇ ਜਲਦੀ ਆਰਾਮ ਮਿਲਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਅਤੇ ਕਫ ਸੀਰਪ ਪੀਣ ਨਾਲ ਨੀਂਦ ਜ਼ਿਆਦਾ ਆਉਣ ਲੱਗਦੀ ਹੈ। ਇਸ ਹਾਲਤ ਵਿਚ ਜ਼ਿਆਦਾ ਦਵਾਈ ਸਰੀਰ ਲਈ ਸਹੀ ਨਹੀਂ ਹੁੰਦੀ। ਕਿਹੜੇ ਘਰੇਲੂ ਨੁਸਖ਼ਿਆਂ ਨਾਲ ਲੋਕ ਸੁੱਕੀ ਖੰਘ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਸ਼ਹਿਦ ਦਾ ਕਰੋ ਸੇਵਨ
ਜੇਕਰ ਤੁਸੀਂ ਸੁੱਕੀ ਖੰਘ ਤੋਂ ਪਰੇਸ਼ਾਨ ਹੋ ਤਾਂ ਸ਼ਹਿਦ ਦਾ ਸੇਵਨ ਜ਼ਰੂਰ ਕਰੋ। ਸ਼ਹਿਦ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਦਾ ਸੇਵਨ ਕਰਨ 'ਤੇ ਇਮਿਊਨਿਟੀ ਵਧਦੀ ਹੈ। ਸ਼ਹਿਦ ਗਲੇ ਦੀ ਖਰਾਸ਼, ਸੁੱਕੀ ਖੰਘ ਆਦਿ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਤੁਸੀਂ ਹਰਬਲ ਚਾਹ ਜਾਂ ਗਰਮ ਪਾਣੀ ਵਿਚ ਨਿੰਬੂ ਨਾਲ 2 ਚਮਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਦਿਨ 'ਚ ਦੋ ਵਾਰ ਇਸ ਦਾ ਸੇਵਨ ਕਰਨ ਨਾਲ ਸੁੱਕੀ ਖੰਘ ਅਤੇ ਗਲੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਅਦਰਕ ਦਾ ਕਰੋ ਇਸਤੇਮਾਲ
ਸੁੱਕੀ ਖੰਘ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ। ਇਹ ਸੁੱਕੀ ਖੰਘ ਦੀ ਸਮੱਸਿਆ ਨੂੰ ਦੂਰ ਕਰਕੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਤੁਸੀਂ ਚਾਹ 'ਚ ਅਦਰਕ ਅਤੇ ਕਾਲੀ ਮਿਰਚ ਮਿਲਾ ਕੇ ਪੀ ਸਕਦੇ ਹੋ। ਤੁਸੀਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਮਾਹਿਰਾਂ ਮੁਤਾਬਕ ਜ਼ਿਆਦਾ ਚਾਹ ਪੀਣ ਨਾਲ ਢਿੱਡ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ 'ਚ ਇਸ ਨੂੰ ਥੋੜ੍ਹੀ ਮਾਤਰਾ 'ਚ ਹੀ ਪੀਓ।

ਹਲਦੀ ਵਾਲਾ ਦੁੱਧ
ਹਲਦੀ 'ਚ ਐਂਟੀਵਾਇਰਲ, ਐਂਟੀਬੈਕਟੀਰੀਅਲ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜੋ ਸੁੱਕੀ ਖੰਘ ਤੋਂ ਰਾਹਤ ਦਿਵਾਉਣ 'ਚ ਕਾਰਗਰ ਸਾਬਿਤ ਹੁੰਦੇ ਹਨ। ਰੋਜ਼ਾਨਾ ਸੌਣ ਤੋਂ ਪਹਿਲਾਂ ਗਰਮ ਦੁੱਧ 'ਚ 2 ਚੁਟਕੀ ਹਲਦੀ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਸੁੱਕੀ ਖੰਘ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ​​ਕਰਨ ਦਾ ਕੰਮ ਵੀ ਕਰਦਾ ਹੈ। 

ਗਰਮ ਘਿਓ 'ਚ ਕਾਲੀ ਮਿਰਚ ਦਾ ਸੇਵਨ
ਸੁੱਕੀ ਖੰਘ ਦੀ ਸਮੱਸਿਆ ਤੋਂ ਬਚਣ ਲਈ ਗਰਮ ਘਿਓ 'ਚ ਕਾਲੀ ਮਿਰਚ ਪਾਊਡਰ ਮਿਲਾ ਕੇ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਸੁੱਕੀ ਖੰਘ ਤੋਂ ਤੁਹਾਨੂੰ ਆਰਾਮ ਮਿਲੇਗਾ। ਤੁਸੀਂ ਚਾਹੋ ਤਾਂ ਕਾਲੀ ਮਿਰਚ ਪਾਊਡਰ ਨੂੰ ਸ਼ਹਿਦ ਨਾਲ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਖੰਘ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਲੂਣ ਵਾਲੇ ਪਾਣੀ ਗਰਾਰੇ
ਜੇਕਰ ਤੁਹਾਨੂੰ ਸੁੱਕੀ ਖੰਘ ਦੇ ਨਾਲ ਗਲੇ 'ਚ ਖਾਰਸ਼ ਦੀ ਸਮੱਸਿਆ ਹੈ ਤਾਂ ਲੂਣ ਵਾਲੇ ਪਾਣੀ ਦੇ ਗਰਾਰੇ ਜ਼ਰੂਰ ਕਰੋ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਗਲੇ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਸੁੱਕੀ ਖੰਘ, ਗਲੇ ਦੀ ਖਰਾਸ਼, ਜਲਨ, ਖੁਜਲੀ ਆਦਿ ਤੋਂ ਰਾਹਤ ਦਿਵਾਉਂਦੇ ਹਨ। ਇਸ ਲਈ ਇਕ ਕੱਪ ਕੋਸੇ ਪਾਣੀ 'ਚ 1/4 ਚਮਚ ਲੂਣ ਮਿਲਾ ਕੇ ਦਿਨ 'ਚ 2-3 ਵਾਰ ਗਰਾਰੇ ਕਰੋ, ਜਿਸ ਨਾਲ ਰਾਹਤ ਮਿਲੇਗੀ।

ਲਸਣ
ਸੁੱਕੀ ਖੰਘ ਨੂੰ ਠੀਕ ਕਰਨ 'ਚ ਲਸਣ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਇਸ ਲਈ ਦੋ-ਤਿੰਨ ਲਸਣ ਦੀਆਂ ਤੁਰੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਹਲਕਾ ਠੰਡਾ ਹੋ ਜਾਵੇ ਤਾਂ ਇਸ 'ਚ ਸ਼ਹਿਦ ਨੂੰ ਮਿਲਾ ਕੇ ਪੀ ਲਓ। ਅਜਿਹਾ ਕਰਨ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਜਲਦੀ ਰਾਹਤ ਮਿਲੇਗੀ।

ਤੁਲਸੀ ਦੇ ਪੱਤੇ
ਤੁਲਸੀ ਦੇ ਪੱਤਿਆਂ 'ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਨਾਲ ਸੁੱਕੀ ਖੰਘ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਲਈ ਤੁਸੀਂ ਤੁਲਸੀ ਦੇ ਕੁਝ ਪੱਤੇ ਚਬਾ ਸਕਦੇ ਹੋ। ਇਸ ਨਾਲ ਤੁਹਾਨੂੰ ਖੰਘ ਤੋਂ ਰਾਹਤ ਮਿਲ ਸਕਦੀ ਹੈ।

ਭਾਫ਼ ਲਵੋ
ਜੇ ਤੁਸੀਂ ਖੰਘ ਅਤੇ ਨੱਕ ਬੰਦ ਹੋਣ ਤੋਂ ਪਰੇਸ਼ਾਨ ਹੋ ਤਾਂ ਸਟੀਮ ਜ਼ਰੂਰ ਲਓ। ਇਹ ਤੁਹਾਨੂੰ ਜ਼ੁਕਾਮ ਤੋਂ ਰਾਹਤ ਦਿਵਾਉਣ ਵਿਚ ਮਦਦ ਕਰਦਾ ਹੈ। ਇਸ ਲਈ ਇਕ ਪੈਨ ਵਿੱਚ ਪਾਣੀ ਉਬਾਲੋ। ਇਸ ਪਾਣੀ ਨੂੰ ਇੱਕ ਕਟੋਰੀ ਵਿੱਚ ਰੱਖੋ, ਇਸ ਵਿੱਚ ਪੌਦੀਨੇ ਦੇ ਤੇਲ ਦੀਆਂ ਦੋ-ਤਿੰਨ ਬੂੰਦਾਂ ਪਾਓ। ਫਿਰ ਆਪਣੇ ਸਿਰ 'ਤੇ ਤੌਲੀਆ ਰੱਖ ਕੇ ਘੱਟੋ-ਘੱਟ 10 ਮਿੰਟ ਲਈ ਉਸ 'ਤੇ ਝੁਕੋ ਅਤੇ ਭਾਫ਼ ਲਓ।


rajwinder kaur

Content Editor

Related News