Child Care: ਬੱਚਿਆਂ ਨੂੰ ਸ਼ੁਰੂ ਤੋਂ ਸਿਖਾਓ ਇਹ 5 ਆਦਤਾਂ, ਬੀਮਾਰੀਆਂ ਰਹਿਣਗੀਆਂ ਦੂਰ

Monday, Aug 21, 2023 - 12:52 PM (IST)

Child Care: ਬੱਚਿਆਂ ਨੂੰ ਸ਼ੁਰੂ ਤੋਂ ਸਿਖਾਓ ਇਹ 5 ਆਦਤਾਂ, ਬੀਮਾਰੀਆਂ ਰਹਿਣਗੀਆਂ ਦੂਰ

ਜਲੰਧਰ - ਬੱਚਿਆਂ ਨੂੰ ਬਚਪਨ ਤੋਂ ਹੀ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਜ਼ਿੰਦਗੀ ਭਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਬੱਚਿਆਂ ਦੀਆਂ ਚੰਗੀਆਂ ਆਦਤਾਂ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਫਿੱਟ ਅਤੇ ਤੰਦਰੁਸਤ ਰੱਖਣ ਵਿੱਚ ਮਦਦ ਕਰਦੀਆਂ ਹਨ। ਵੈਸੇ ਤਾਂ ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹਮੇਸ਼ਾ ਖੁਸ਼ ਅਤੇ ਸਿਹਤਮੰਦ ਰਹਿਣ ਪਰ ਉਨ੍ਹਾਂ ਨੂੰ ਤੰਦਰੁਸਤ ਰੱਖਣ ਲਈ ਮਾਪਿਆਂ ਨੂੰ ਬਹੁਤ ਯਤਨ ਕਰਨੇ ਪੈਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਬੀਮਾਰੀਆਂ ਤੋਂ ਦੂਰ ਰਹੇ ਤਾਂ ਬਚਪਨ 'ਚ ਉਨ੍ਹਾਂ 'ਚ ਕੁਝ ਖ਼ਾਸ ਆਦਤਾਂ ਸਿੱਖਾ ਦਿਓ, ਜਿਵੇਂ.....

ਮਾਪੇ ਬੱਚਿਆਂ ਨਾਲ ਖੇਡਣ ਅਤੇ ਕਸਰਤ ਕਰਨ
ਬੱਚੇ ਹਮੇਸ਼ਾ ਆਪਣੇ ਮਾਤਾ-ਪਿਤਾ ਨੂੰ ਵੇਖ ਕੇ ਸਿੱਖਦੇ ਹਨ। ਇਸ ਲਈ ਬੱਚਿਆਂ ਨੂੰ ਕੁਝ ਵੀ ਸਿਖਾਉਣ ਜਾਂ ਸਮਝਾਉਣ ਦੇ ਲਈ ਮਾਪੇ ਆਪ ਪਹਿਲਾਂ ਉਹਨਾਂ ਦੀਆਂ ਗੱਲਾਂ ਨੂੰ ਸਮਝਣ ਦੀ ਕੌਸ਼ਿਸ਼ ਕਰਨ। ਬੱਚਿਆਂ ਨਾਲ ਮਾਪੇ ਰੋਜ਼ਾਨਾ ਉਨ੍ਹਾਂ ਦੀ ਮਨਪਸੰਦ ਖੇਡ ਖੇਡਣ ਅਤੇ ਘੱਟੋ-ਘੱਟ 30 ਮਿੰਟ ਕਸਰਤ ਕਰਨ। ਉਨ੍ਹਾਂ ਨੂੰ ਰੋਜ਼ਾਨਾ ਇਸ ਰੁਟੀਨ ਦੀ ਪਾਲਣਾ ਕਰਨਾ ਸਿਖਾਓ। ਇਸ ਨਾਲ ਬੱਚੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਰਗਰਮ ਰਹਿਣਗੇ। ਨਾਲ ਹੀ ਉਨ੍ਹਾਂ ਦਾ ਸਰੀਰਕ ਵਾਧਾ ਵੀ ਚੰਗਾ ਹੋਵੇਗਾ।

PunjabKesari

ਜੰਕ ਫੂਡ ਦੀ ਥਾਂ ਬੱਚਿਆਂ ਨੂੰ ਘਰ ਦਾ ਸਾਦਾ ਭੋਜਨ ਖਾਣ ਦੀ ਆਦਤ ਪਾਓ
ਬੱਚੇ ਦੀ ਸਿਹਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਸਾਰੇ ਪੌਸ਼ਟਿਕ ਤੱਤ ਮਿਲਣ। ਇਸ ਲਈ ਮਾਪੇ ਬੱਚਿਆਂ ਨੂੰ ਜੰਕ ਫੂਡ ਦੀ ਥਾਂ ਘਰ ਦਾ ਸਾਦਾ ਭੋਜਨ ਖਾਣ ਦੀ ਆਦਤ ਪਾਉਣ। ਬੱਚਿਆਂ ਦੀ ਖੁਰਾਕ ਦਾ ਖ਼ਾਸ ਧਿਆਨ ਰੱਖਦੇ ਹੋਏ ਹਰੀਆਂ-ਸਬਜ਼ੀਆਂ, ਦਾਲਾਂ, ਸੁੱਕੇ ਮੇਵੇ, ਛੋਲੇ, ਰਾਜਮਾ, ਪੁੰਗਰੇ ਹੋਏ ਅਨਾਜ, ਵਿਟਾਮਿਨ ਸੀ ਨਾਲ ਭਰਪੂਰ ਫਲ, ਰਾਇਤਾ, ਚਟਨੀ, ਸਲਾਦ ਆਦਿ ਨੂੰ ਸ਼ਾਮਲ ਕਰਨ। ਜੇਕਰ ਬੱਚੇ ਫਾਸਟ ਫੂਡ ਖਾਣ 'ਤੇ ਜ਼ੋਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਹਫ਼ਤੇ 'ਚ ਸਿਰਫ਼ ਇਕ ਵਾਰ ਖਾਣ ਦੀ ਇਜਾਜ਼ਤ ਦਿਓ।

ਬਾਹਰੋਂ ਖਾਣਾ ਮੰਗਵਾਉਣ ਤੋਂ ਕਰੋ ਪਰਹੇਜ਼
ਅੱਜ-ਕੱਲ੍ਹ ਹਰੇਕ ਮੌਕੇ 'ਤੇ ਲੋਕ ਬਾਹਰੋਂ ਖਾਣਾ ਮੰਗਵਾਉਂਦੇ ਹਨ ਜਾਂ ਫਿਰ ਪਰਿਵਾਰ ਦੇ ਨਾਲ ਦੁਪਹਿਰ ਅਤੇ ਰਾਤ ਦਾ ਖਾਣਾ ਬਾਹਰ ਖਾਣ ਦੀ ਯੋਜਨਾ ਬਣਾ ਲੈਂਦੇ ਹਨ। ਬਾਹਰ ਦਾ ਖਾਣਾ ਜਿਵੇਂ ਪੀਜ਼ਾ, ਬਰਗਰ, ਚਿਪਸ, ਕੋਲਡ ਡਰਿੰਕਸ ਆਦਿ ਦਾ ਸੇਵਨ ਕਰਨ ਨਾਲ ਸਿਹਤ ਖ਼ਰਾਬ ਹੁੰਦੀ ਹੈ। ਇਸ ਲਈ ਰੋਜ਼ਾਨਾ ਬਾਹਰ ਦਾ ਖਾਣਾ ਖਾਣ ਦੀ ਥਾਂ ਬੱਚਿਆਂ ਨੂੰ ਘਰ ਦਾ ਖਾਣਾ ਖਾਣ ਦੀ ਆਦਤ ਸਿਖਾਓ। ਮਾਪੇ ਘਰ ਵਿੱਚ ਬੱਚਿਆਂ ਦੇ ਪਸੰਦੀਦਾ ਪਕਵਾਨ ਬਣਾ ਕੇ ਉਨ੍ਹਾਂ ਨੂੰ ਖੁਆਉਣ। ਇਸ ਨਾਲ ਬੱਚੇ ਖੁਸ਼ ਹੋ ਜਾਣਗੇ ਅਤੇ ਉਨ੍ਹਾਂ ਦੀ ਸਿਹਤ ਵੀ ਠੀਕ ਰਹੇਗੀ।

PunjabKesari

ਪਾਣੀ ਪੀਣ ਦੀ ਆਦਤ ਪਾਓ
ਸਿਹਤਮੰਦ ਰਹਿਣ ਲਈ ਰੋਜ਼ਾਨਾ ਜ਼ਿਆਦਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪਰ ਕਈ ਬੱਚੇ ਪਾਣੀ ਪੀਣਾ ਪਸੰਦ ਨਹੀਂ ਕਰਦੇ। ਅਜਿਹੇ 'ਚ ਬੱਚਿਆਂ ਨੂੰ ਪਾਣੀ ਪੀਣ ਦੇ ਫ਼ਾਇਦੇ ਦੱਸਦੇ ਹੋਏ ਪਾਣੀ ਪੀਣਾ ਸਿਖਾਓ। ਉਨ੍ਹਾਂ ਨੂੰ ਦੱਸੋ ਕਿ ਸਰੀਰ ਨੂੰ ਡੀਟੌਕਸ ਕਰਨ ਲਈ ਭਰਪੂਰ ਮਾਤਰਾ ਵਿੱਚ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇੱਕ ਛੋਟੇ ਬੱਚੇ ਨੂੰ ਦਿਨ ਵਿੱਚ 5-6 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਵੱਡੇ ਬੱਚਿਆਂ ਨੂੰ 7-8 ਅਤੇ ਬਜ਼ੁਰਗਾਂ ਨੂੰ 8-10 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਬੱਚਿਆਂ ਨੂੰ ਪਾਣੀ ਪੀਣ ਦੀ ਆਦਤ ਪਾਉਣ ਲਈ ਡਿਜ਼ਾਈਨਰ ਗਲਾਸ, ਛੋਟੇ ਗਲਾਸ, ਬੋਤਲਾਂ ਆਦਿ ਖਰੀਦੋ।

ਬੱਚਿਆਂ ਸਮੇਂ ਸਿਰ ਸੌਣ ਦੀ ਆਦਤ ਸਿਖਾਉਣ ਮਾਪੇ 
ਬੀਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਚੰਗੀ ਖੁਰਾਕ ਦੇ ਨਾਲ-ਨਾਲ ਸਮੇਂ ਸਿਰ ਸੌਣਾ ਵੀ ਸਿਖਾਓ, ਜਿਸ ਨਾਲ ਉਹਨਾਂ ਦਾ ਦਿਮਾਗ ਠੀਕ ਢੰਗ ਨਾਲ ਕੰਮ ਕਰੇਗਾ। ਚੰਗੀ ਨੀਂਦ ਲੈਣ ਨਾਲ ਬੱਚਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਚੁਸਤ ਅਤੇ ਤੰਦਰੁਸਤ ਰਹੇਗਾ। ਉਸ ਦਾ ਸਹੀ ਢੰਗ ਨਾਲ ਵਿਕਾਸ ਹੋਵੇਗਾ। ਨਵਜੰਮੇ ਬੱਚਿਆਂ ਨੂੰ ਰੋਜ਼ਾਨਾ 15 ਘੰਟੇ, ਛੋਟੇ ਬੱਚਿਆਂ ਨੂੰ 10 ਘੰਟੇ, ਵੱਡੇ ਬੱਚਿਆਂ ਨੂੰ 9 ਘੰਟੇ ਅਤੇ ਬਾਲਗਾਂ ਨੂੰ ਘੱਟੋ-ਘੱਟ 7 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। ਚੰਗੀ ਨੀਂਦ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਮੇਂ ਸਿਰ ਸੌਣਾ ਚਾਹੀਦਾ ਹੈ। ਉਨ੍ਹਾਂ ਲਈ ਰਾਤ ਦੇ ਸਮੇਂ ਟੀਵੀ, ਮੋਬਾਈਲ, ਲੈਪਟਾਪ, ਟੈਬਲੇਟ ਆਦਿ ਦੀ ਵਰਤੋਂ ਕਰਨ ਦਾ ਸਮਾਂ ਨਿਸ਼ਚਿਤ ਕਰੋ। ਇਸ ਨਾਲ ਬੱਚਿਆਂ ਨੂੰ ਪੂਰੀ ਨੀਂਦ ਦੇ ਨਾਲ ਚੰਗੀ ਸਿਹਤ ਵੀ ਮਿਲੇਗੀ।

PunjabKesari


author

rajwinder kaur

Content Editor

Related News