ਸਰੀਰ ਦੇ ਨਾਲ ਦਿਮਾਗ ਨੂੰ ਵੀ ਰੱਖੋ ਸਿਹਤਮੰਦ, ਇਨ੍ਹਾਂ ਤਰੀਕਿਆਂ ਨਾਲ ਮਿਲੇਗੀ ਮਦਦ

03/13/2024 1:40:41 PM

ਜਲੰਧਰ (ਬਿਊਰੋ)– ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਸਿਰਫ ਸਰੀਰਕ ਸਿਹਤ ਬਾਰੇ ਗੱਲ ਕਰਦੇ ਹਨ। ਹਾਲਾਂਕਿ ਜਿੰਨੀ ਜ਼ਰੂਰੀ ਸਰੀਰਕ ਸਿਹਤ ਦਾ ਚੰਗਾ ਰਹਿਣਾ ਹੈ, ਉਨਾ ਹੀ ਮਾਨਸਿਕ ਸਿਹਤ ਦਾ ਚੰਗਾ ਹੋਣਾ ਵੀ ਜ਼ਰੂਰੀ ਹੈ। ਅੱਜ ਦੇ ਸਮੇਂ ’ਚ ਸਾਡਾ ਮਨ ਇੰਨਾ ਰੁੱਝਿਆ ਤੇ ਕਿਰਿਆਸ਼ੀਲ ਰਹਿੰਦਾ ਹੈ ਕਿ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਇਹ ਨਿੱਜੀ ਤੋਂ ਪੇਸ਼ੇਵਰ ਜੀਵਨ ਤੱਕ ਬਹੁਤ ਪ੍ਰਭਾਵਿਤ ਕਰਦਾ ਹੈ।

ਖ਼ੁਸ਼ਹਾਲ ਜੀਵਨ ਤੇ ਸਫਲ ਕਰੀਅਰ ਲਈ ਤੁਹਾਡੀ ਚੰਗੀ ਮਾਨਸਿਕ ਸਿਹਤ ਸਭ ਤੋਂ ਮਹੱਤਵਪੂਰਨ ਹੈ। ਜਦੋਂ ਤੁਹਾਡੀ ਮਾਨਸਿਕ ਸਿਹਤ ਚੰਗੀ ਹੁੰਦੀ ਹੈ, ਤੁਸੀਂ ਵਧੇਰੇ ਧਿਆਨ ਕੇਂਦਰਿਤ ਕਰਨ ਦੇ ਯੋਗ ਹੁੰਦੇ ਹੋ। ਤੁਸੀਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਦੇ ਹੋ ਤੇ ਤੁਸੀਂ ਤਣਾਅ ਮੁਕਤ ਰਹਿੰਦੇ ਹੋ। ਚੰਗੀ ਮਾਨਸਿਕ ਸਿਹਤ ਤੁਹਾਨੂੰ ਪ੍ਰਤੀਕੂਲ ਹਾਲਾਤਾਂ ਨਾਲ ਨਜਿੱਠਣ ਦੀ ਤਾਕਤ ਵੀ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ, ਜੋ ਤੁਹਾਡੀ ਮਾਨਸਿਕ ਸਿਹਤ ਨੂੰ ਠੀਕ ਰੱਖਣ ’ਚ ਮਦਦ ਕਰਨਗੇ।

ਰੁਟੀਨ ਬਣਾਉਣਾ ਤੇ ਉਸ ਦਾ ਪਾਲਣ ਕਰਨਾ
ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੁਸੀਂ ਆਪਣੇ ਲਈ ਰੁਟੀਨ ਬਣਾਉਂਦੇ ਹੋ ਤੇ ਉਸ ਦਾ ਪਾਲਣ ਕਰਦੇ ਹੋ ਤਾਂ ਇਸ ਦਾ ਤੁਹਾਡੀ ਮਾਨਸਿਕ ਸਿਹਤ ’ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਕ ਦਿਮਾਗੀ ਕਸਰਤ ਤੁਹਾਡੀ ਰੁਟੀਨ ’ਚ ਸ਼ਾਮਲ ਹੋਣੀ ਚਾਹੀਦੀ ਹੈ। ਹਰ ਰੋਜ਼ ਘੱਟੋ-ਘੱਟ 10 ਮਿੰਟ ਤੁਹਾਨੂੰ ਦਿਮਾਗੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਰੋਜ਼ਾਨਾ ਰੁਟੀਨ ਬਣਾ ਕੇ ਕੰਮ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਸਾਦੀ ਹੁੰਦੀ ਹੈ ਤੇ ਤਣਾਅ ਤੁਹਾਡੇ ਤੋਂ ਦੂਰ ਹੁੰਦਾ ਹੈ। ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਤਣਾਅ ਮੁਕਤ ਮਨ ਬਹੁਤ ਜ਼ਰੂਰੀ ਹੈ।

ਕਿਤਾਬਾਂ ਪੜ੍ਹੋ
ਕਿਤਾਬਾਂ ਪੜ੍ਹਨਾ ਸਭ ਤੋਂ ਆਸਾਨ ਤੇ ਮਜ਼ੇਦਾਰ ਦਿਮਾਗੀ ਕਸਰਤ ਹੈ। ਥੋੜ੍ਹੀ ਦੇਰ ਲਈ ਰੋਜ਼ਾਨਾ ਇਕ ਕਿਤਾਬ ਪੜ੍ਹਨਾ ਤੁਹਾਡੀ ਜ਼ਿੰਦਗੀ ’ਚ ਇਕ ਵੱਡੀ ਤੇ ਚੰਗੀ ਤਬਦੀਲੀ ਲਿਆ ਸਕਦਾ ਹੈ। ਨਾਲ ਹੀ, ਕਿਤਾਬਾਂ ਪੜ੍ਹਨ ਨਾਲ ਤੁਹਾਡੀ ਯਾਦਾਸ਼ਤ ਚੰਗੀ ਰਹਿੰਦੀ ਹੈ ਤੇ ਤੁਹਾਡਾ ਧਿਆਨ ਵੀ ਵੱਧਦਾ ਹੈ। ਕਿਤਾਬਾਂ ਪੜ੍ਹਨ ਨਾਲ ਤੁਹਾਡਾ ਗਿਆਨ ਵੱਧਦਾ ਹੈ ਤੇ ਤੁਸੀਂ ਆਪਣੇ ਆਪ ਨੂੰ ਵਧੇਰੇ ਆਤਮਵਿਸ਼ਵਾਸ ਤੇ ਚੰਗਾ ਮਹਿਸੂਸ ਕਰਦੇ ਹੋ। ਇਸ ਦੇ ਨਾਲ ਹੀ ਕਿਤਾਬਾਂ ਪੜ੍ਹ ਕੇ ਤੁਸੀਂ ਆਪਣੇ ਮਨ ’ਚ ਅਜਿਹੇ ਵਿਚਾਰ ਆਉਣ ਤੋਂ ਵੀ ਰੋਕ ਸਕਦੇ ਹੋ, ਜੋ ਤੁਹਾਨੂੰ ਪ੍ਰੇਸ਼ਾਨ ਕਰਦੇ ਹਨ ਜਾਂ ਤੁਹਾਨੂੰ ਤਣਾਅ ਦਿੰਦੇ ਹਨ।

ਨਵੀਂ ਭਾਸ਼ਾ ਸਿੱਖੋ
ਕੁਝ ਨਵਾਂ ਸਿੱਖਣਾ ਜਾਂ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। ਆਪਣੀ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਤੁਹਾਨੂੰ ਨਵੀਂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਵੀਂ ਭਾਸ਼ਾ ਸਿੱਖਣ ਨਾਲ ਤੁਹਾਨੂੰ ਨਵੀਆਂ ਚੀਜ਼ਾਂ ਤੇ ਸ਼ਬਦਾਂ ਦਾ ਪਤਾ ਲੱਗਦਾ ਹੈ। ਇਸ ਦੇ ਨਾਲ ਹੀ, ਜਦੋਂ ਤੁਹਾਡਾ ਦਿਮਾਗ ਕੁਝ ਨਵਾਂ ਤੇ ਲਾਭਕਾਰੀ ਸਿੱਖਦਾ ਹੈ ਤਾਂ ਤੁਸੀਂ ਆਪਣੇ ਆਪ ਹੀ ਬਹੁਤ ਚੰਗਾ ਮਹਿਸੂਸ ਕਰਦੇ ਹੋ। ਨਵੀਆਂ ਚੀਜ਼ਾਂ ਸਿੱਖਣ ਨਾਲ ਸਾਡਾ ਮਨ ਨਕਾਰਾਤਮਕ ਸੋਚ ਤੋਂ ਦੂਰ ਰਹਿੰਦਾ ਹੈ।

ਖੇਡਾਂ ਖੇਡੋ
ਜਿਵੇਂ ਤੁਸੀਂ ਆਪਣੀ ਸਰੀਰਕ ਸਿਹਤ ਨੂੰ ਵਧੀਆ ਰੱਖਣ ਲਈ ਖੇਡਾਂ ’ਚ ਹਿੱਸਾ ਲੈਂਦੇ ਹੋ। ਇਸੇ ਤਰ੍ਹਾਂ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਤੁਹਾਨੂੰ ਅਜਿਹੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਤੁਹਾਡੇ ਦਿਮਾਗ ਦੀ ਕਸਰਤ ਹੋ ਸਕੇ। ਬੋਰਡ ਗੇਮਾਂ ਤੋਂ ਲੈ ਕੇ ਵੀਡੀਓ ਗੇਮਾਂ ਤੱਕ, ਬਹੁਤ ਸਾਰੀਆਂ ਅਜਿਹੀਆਂ ਖੇਡਾਂ ਹਨ, ਜੋ ਤੁਹਾਡੇ ਦਿਮਾਗ ਨੂੰ ਕਸਰਤ ਕਰਨ ’ਚ ਮਦਦ ਕਰ ਸਕਦੀਆਂ ਹਨ। ਤੁਸੀਂ ਪਹੇਲੀਆਂ, ਕਵਿਜ਼ ਵਰਗੀਆਂ ਖੇਡਾਂ ਖੇਡ ਕੇ ਆਪਣੇ ਦਿਮਾਗ ਦੀ ਕਸਰਤ ਕਰ ਸਕਦੇ ਹੋ।

ਸੈਰ
ਹਰ ਸ਼ਾਮ ਜਾਂ ਸਵੇਰੇ ਆਪਣੇ ਲਈ ਸਮਾਂ ਕੱਢੋ ਤੇ ਸੈਰ ਲਈ ਜਾਓ। ਸੈਰ ਕਰਨ ਨਾਲ ਨਾ ਸਿਰਫ਼ ਤੁਹਾਡੇ ਸਰੀਰ ਨੂੰ ਕਸਰਤ ਮਿਲਦੀ ਹੈ, ਸਗੋਂ ਇਸ ਦੇ ਨਾਲ ਤੁਹਾਡੇ ਦਿਮਾਗ ਨੂੰ ਵੀ ਸ਼ਾਂਤੀ ਮਿਲਦੀ ਹੈ।

ਚੰਗਾ ਸੰਗੀਤ ਸੁਣੋ
ਚੰਗਾ ਸੰਗੀਤ ਜਿਥੇ ਦਿਮਾਗ ਨੂੰ ਸ਼ਾਂਤੀ ਦਿੰਦਾ ਹੈ, ਉਥੇ ਰੂਹ ਨੂੰ ਵੀ ਸਕੂਨ ਮਿਲਦਾ ਹੈ। ਤੁਸੀਂ ਸਵੇਰੇ ਜਾਂ ਸ਼ਾਮ ਦੀ ਸੈਰ ਦੌਰਾਨ ਚੰਗਾ ਸੰਗੀਤ ਸੁਣ ਸਕਦੇ ਹੋ। ਮਾਹਿਰਾਂ ਦਾ ਮੰਨਣਾ ਹੈ ਕਿ ਚੰਗਾ ਸੰਗੀਤ ਤੁਹਾਡੇ ਮਨ ਨੂੰ ਸ਼ਾਂਤ ਰੱਖਦਾ ਹੈ।

ਨੋਟ– ਦਿਮਾਗ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਉੱਪਰ ਦਿੱਤੀਆਂ ਕਿਹੜੀਆਂ ਚੀਜ਼ਾਂ ਨੂੰ ਫਾਲੋਅ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News