ਸਰਦੀਆਂ ਦੇ ਮੌਸਮ ’ਚ ਜ਼ਰੂਰ ਕਰੋ ਮੂੰਗਫਲੀ ਤੇ ਤਿਲ ਸਣੇ ਇਨ੍ਹਾਂ ਚੀਜ਼ਾਂ ਦੀ ਵਰਤੋਂ, ਸਰੀਰ ਨੂੰ ਮਿਲੇਗੀ ਗਰਮੀ
Wednesday, Dec 28, 2022 - 12:29 PM (IST)
ਜਲੰਧਰ (ਬਿਊਰੋ)– ਸਰਦੀਆਂ ਦੇ ਮੌਸਮ ’ਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਸਰਦੀਆਂ ਦੇ ਮੌਸਮ ’ਚ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਠੰਢ ਦੇ ਮੌਸਮ ’ਚ ਜ਼ਿਆਦਾਤਰ ਲੋਕਾਂ ਨੂੰ ਸਰਦੀ, ਖਾਂਸੀ, ਜੋੜਾਂ ਦਾ ਦਰਦ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਤੇ ਇਸ ਦੇ ਨਾਲ-ਨਾਲ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਲਈ ਠੰਡ ਦੇ ਮੌਸਮ ’ਚ ਆਪਣੀ ਖੁਰਾਕ ’ਚ ਉਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਕਰੋ, ਜੋ ਸਰੀਰ ਨੂੰ ਗਰਮ ਰੱਖਣ। ਸਰਦੀਆਂ ’ਚ ਖਾਣ-ਪੀਣ ’ਚ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜੋ ਸਾਡੇ ਸਰੀਰ ਨੂੰ ਗਰਮ ਬਣਾ ਕੇ ਰੱਖਦੀਆਂ ਹਨ ਤੇ ਜਿਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਨਹੀਂ ਹੁੰਦੀਆਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਪੰਜ ਚੀਜ਼ਾਂ, ਜੋ ਸਰਦੀਆਂ ਦੇ ਮੌਸਮ ’ਚ ਜ਼ਰੂਰ ਖਾਣੀਆਂ ਚਾਹੀਦੀਆਂ ਹਨ।
ਮੂੰਗਫਲੀ
ਸਰਦੀਆਂ ਦੇ ਮੌਸਮ ’ਚ ਮੂੰਗਫਲੀ ਬਾਜ਼ਾਰ ’ਚ ਹਰ ਜਗ੍ਹਾ ਦੇਖਣ ਨੂੰ ਮਿਲਦੀ ਹੈ। ਮੂੰਗਫਲੀ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਮੂੰਗਫਲੀ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ਗਰਮ ਰਹਿੰਦਾ ਹੈ ਤੇ ਇਸ ਦੇ ਨਾਲ-ਨਾਲ ਇਹ ਦਿਲ ਤੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।
ਤਿਲ
ਤਿਲ ਦੀ ਵਰਤੋਂ ਵੀ ਸਰਦੀਆਂ ਦੇ ਮੌਸਮ ’ਚ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ ਈ ਤੇ ਫੈਟੀ ਐਸਿਡਸ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਲਈ ਸਰਦੀਆਂ ਦੇ ਮੌਸਮ ’ਚ ਆਪਣੀ ਖੁਰਾਕ ’ਚ ਤਿਲ ਜ਼ਰੂਰ ਸ਼ਾਮਲ ਕਰੋ। ਤੁਸੀਂ ਤਿਲ ਦੇ ਲੱਡੂ ਜਾਂ ਫ਼ਿਰ ਰੋਜ਼ਾਨਾ ਇਕ ਚਮਚਾ ਤਿਲ ਦੀ ਦੁੱਧ ਨਾਲ ਵਰਤੋਂ ਕਰ ਸਕਦੇ ਹੋ।
ਬਾਜਰਾ
ਬਾਜਰੇ ਦੀ ਤਾਸੀਰ ਗਰਮ ਹੁੰਦੀ ਹੈ। ਸਰਦੀਆਂ ਦੇ ਮੌਸਮ ’ਚ ਬਾਜਰੇ ਦੀ ਰੋਟੀ ਬਣਾ ਕੇ ਖਾਓ। ਇਸ ਨਾਲ ਸਰੀਰ ਨੂੰ ਠੰਡ ਨਹੀਂ ਲੱਗਦੀ ਤੇ ਇਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ ।
ਫਲ ਤੇ ਸਬਜ਼ੀਆਂ
ਸਰਦੀ ਦੇ ਮੌਸਮ ’ਚ ਫਲ ਤੇ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਗਾਜਰ, ਮਟਰ, ਸੋਇਆ, ਮੇਥੀ, ਬਾਥੂ, ਪਾਲਕ। ਇਹ ਸਾਰੀਆਂ ਸਬਜ਼ੀਆਂ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਤੇ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।
ਨੋਟ– ਤੁਸੀਂ ਸਰਦੀਆਂ ਦੇ ਮੌਸਮ ਦੌਰਾਨ ਆਪਣੀ ਡਾਈਟ ’ਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।