ਗਰਮੀਆਂ ਦੇ ਮੌਸਮ ’ਚ ਵਰਦਾਨ ਨੇ ਇਹ ਦੇਸੀ ਨੁਸਖ਼ੇ, 5 ਵੱਡੀਆਂ ਸਮੱਸਿਆਵਾਂ ਤੋਂ ਦਿਵਾਉਣਗੇ ਨਿਜ਼ਾਤ

Monday, May 01, 2023 - 12:57 PM (IST)

ਗਰਮੀਆਂ ਦੇ ਮੌਸਮ ’ਚ ਵਰਦਾਨ ਨੇ ਇਹ ਦੇਸੀ ਨੁਸਖ਼ੇ, 5 ਵੱਡੀਆਂ ਸਮੱਸਿਆਵਾਂ ਤੋਂ ਦਿਵਾਉਣਗੇ ਨਿਜ਼ਾਤ

ਜਲੰਧਰ (ਬਿਊਰੋ)– ਗਰਮੀਆਂ ਦਾ ਮੌਸਮ ਸਾਡੇ ਲਈ ਕਈ ਤਰੀਕਿਆਂ ਨਾਲ ਚੁਣੌਤੀਆਂ ਲੈ ਕੇ ਆਉਂਦਾ ਹੈ। ਹੀਟ ਸਟ੍ਰੋਕ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ ’ਚ ਸਨਬਰਨ, ਹੀਟ ਰੈਸ਼ੇਜ਼, ਪਾਚਨ ਸਬੰਧੀ ਸਮੱਸਿਆਵਾਂ ਆਮ ਹਨ। ਅਜਿਹੇ ’ਚ ਅੱਜ ਅਸੀਂ ਤੁਹਾਡੇ ਲਈ ਅਜਿਹੇ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਅਜ਼ਮਾ ਕੇ ਤੁਸੀਂ ਰਾਹਤ ਪਾ ਸਕਦੇ ਹੋ।

ਚਮੜੀ ਦੀ ਸਮੱਸਿਆ ਲਈ
ਖੀਰੇ ’ਚ ਪਾਣੀ ਭਰਪੂਰ ਹੁੰਦਾ ਹੈ। ਇਹ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਖੀਰੇ ਨੂੰ ਛਿੱਲ ਕੇ ਪੀਸ ਲਓ। ਆਪਣੇ ਚਿਹਰੇ ਤੇ ਗਰਦਨ ’ਤੇ ਇਸ ਪੇਸਟ ਨੂੰ ਲਗਾਓ। ਲਗਭਗ 10-15 ਮਿੰਟ ਬਾਅਦ ਇਸ ਨੂੰ ਧੋ ਲਓ। ਇਸ ਦੀ ਨਿਯਮਿਤ ਵਰਤੋਂ ਨਾਲ ਤੁਸੀਂ ਮੁਹਾਸੇ ਤੇ ਬਲੈਕਹੈੱਡਸ ਤੋਂ ਛੁਟਕਾਰਾ ਪਾ ਸਕਦੇ ਹੋ।

ਸੁੱਕੀ ਖੰਘ
ਜੇਕਰ ਤੁਸੀਂ ਇਸ ਮੌਸਮ ’ਚ ਸੁੱਕੀ ਖੰਘ ਤੋਂ ਪ੍ਰੇਸ਼ਾਨ ਹੋ ਤਾਂ ਇਸ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ਿਆਂ ਨੂੰ ਅਜ਼ਮਾ ਸਕਦੇ ਹੋ। ਇਕ ਪੈਨ ’ਚ ਦੁੱਧ ਲਓ, ਉਸ ’ਚ 5-6 ਖਜੂਰ ਪਾਓ। ਇਸ ਨੂੰ ਘੱਟ ਅੱਗ ’ਤੇ ਕਰੀਬ 25 ਮਿੰਟ ਤੱਕ ਉਬਾਲੋ। ਜਦੋਂ ਇਹ ਕੋਸਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ।

ਸਾਹ ਦੀ ਬਦਬੂ
ਜੇਕਰ ਤੁਸੀਂ ਇਸ ਮੌਸਮ ’ਚ ਸਾਹ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਇਸ ਤੋਂ ਰਾਹਤ ਪਾਉਣ ਲਈ ਤੁਸੀਂ ਤੁਲਸੀ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ। ਇਹ ਸਾਹ ਦੀ ਬਦਬੂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਇਸ ਦੇ ਲਈ ਰੋਜ਼ਾਨਾ 4-5 ਤੁਲਸੀ ਦੇ ਪੱਤੇ ਚਬਾ ਕੇ ਖਾਓ।

ਹਾਈਡਰੇਟ ਰਹਿਣ ਲਈ
ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਹਦਵਾਣਾ ਖਾਂਦੇ ਹੋ ਪਰ ਇਸ ਦੇ ਜੂਸ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ, ਜੋ ਕਿ ਬਹੁਤ ਸਵਾਦ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦਾ ਹੈ। ਨਾਲ ਹੀ ਜੇਕਰ ਤੁਸੀਂ ਇਸ ਮੌਸਮ ’ਚ ਸਿਰਦਰਦ ਤੋਂ ਪ੍ਰੇਸ਼ਾਨ ਹੋ ਤਾਂ ਇਹ ਤੁਹਾਨੂੰ ਰਾਹਤ ਦੇ ਸਕਦਾ ਹੈ।

ਐਸੀਡਿਟੀ ਤੋਂ ਇਸ ਤਰ੍ਹਾਂ ਪਾਓ ਰਾਹਤ
ਗਰਮੀਆਂ ’ਚ ਅਕਸਰ ਲੋਕ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ, ਅਜਿਹੇ ’ਚ ਇਕ ਲੌਂਗ ਮੂੰਹ ’ਚ ਰੱਖੋ। ਇਸ ’ਚ ਮੌਜੂਦ ਕੁਦਰਤੀ ਤੇਲ ਐਸੀਡਿਟੀ ਨੂੰ ਘੱਟ ਕਰਨ ’ਚ ਮਦਦਗਾਰ ਹੁੰਦਾ ਹੈ।

ਨੋਟ– ਲੇਖ ’ਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ।


author

Rahul Singh

Content Editor

Related News