Heat Wave Safety Tips: ਅੱਤ ਦੀ ਗਰਮੀ 'ਚ 'ਲੂ' ਤੋਂ ਬਚਣ ਲਈ ਅਪਣਾਓ ਇਹ ਘਰੇਲੂ ਨੁਸਖੇ, ਨਹੀਂ ਹੋਵੇਗੇ ਬੀਮਾਰ

05/23/2024 12:00:27 PM

ਨਵੀਂ ਦਿੱਲੀ (ਬਿਊਰੋ) : ਜੇਕਰ ਰੋਜ਼ਾਨਾ ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਜਾਂ ਬਾਹਰ ਰਹਿ ਕੇ ਕੰਮ ਕਰਨਾ ਪੈਂਦਾ ਹੈ ਤਾਂ ਤੁਹਾਨੂੰ ਸੂਰਜ ਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਤੁਹਾਨੂੰ ਲੂ ਲੱਗਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਲੂ ਲੱਗਣ ਦਾ ਪ੍ਰਮੁੱਖ ਕਾਰਨ ਸਰੀਰ 'ਚ ਲੂਣ ਅਤੇ ਪਾਣੀ ਦੀ ਕਮੀ ਦਾ ਹੋਣਾ ਹੈ। ਗਰਮੀ 'ਚ ਨਿਕਲਣ ਵਾਲੇ ਮੁੜ੍ਹਕੇ ਰਾਹੀਂ ਸਰੀਰ 'ਚੋਂ ਲੂਣ ਅਤੇ ਪਾਣੀ ਦਾ ਇਕ ਬਹੁਤ ਹਿੱਸਾ ਬਾਹਰ ਨਿਕਲ ਜਾਂਦਾ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਲੂ ਦੇ ਸ਼ਿਕਾਰ ਹੋ ਜਾਂਦੇ ਹਨ।  


ਲੂ ਦੇ ਲੱਛਣ :-

ਲੂ ਲੱਗਣ ਦੇ ਕਈ ਲੱਛਣ ਹਨ ਜਿਵੇਂ ਸਿਰ 'ਚ ਭਾਰਾਪਣ ਹੋਣਾ, ਨਾੜੀ ਦੀ ਰਫ਼ਤਾਰ ਵਧਣਾ, ਖ਼ੂਨ ਦੀ ਰਫ਼ਤਾਰ ਦਾ ਤੇਜ਼ ਹੋ ਜਾਣਾ, ਸਾਹ ਲੈਣ 'ਚ ਮੁਸ਼ਕਿਲ ਹੋਣਾ, ਤੇਜ਼ ਬੁਖ਼ਾਰ, ਹੱਥਾਂ ਅਤੇ ਪੈਰਾਂ ਦੇ ਤਲੀਆਂ 'ਚ ਜਲਣ ਹੋਣਾ, ਅੱਖਾ 'ਚ ਜਲਣ ਆਦਿ। ਜੇਕਰ ਇਨ੍ਹਾਂ ਲੱਛਣਾਂ ਵੱਲ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਰੋਗੀ ਦੀ ਮੌਤ ਤਕ ਹੋ ਸਕਦੀ ਹੈ।

ਬਚਾਅ ਦੇ ਉਪਾਅ :-
1. ਜੇਕਰ ਤੁਸੀਂ ਅਪਣੀ ਸਿਹਤ ਦਾ ਖ਼ਿਆਲ ਨਹੀਂ ਰੱਖੋਗੇ ਤਾਂ ਬੀਮਾਰੀਆਂ ਤੁਹਾਨੂੰ ਜ਼ਿੰਦਾ ਨਹੀਂ ਰਹਿਣ ਦੇਣਗੀਆਂ। ਲੂ ਤੋਂ ਬਚਣ ਦੇ ਕੁੱਝ ਉਪਾਅ ਹੇਠਾਂ ਦਿੱਤੇ ਗਏ ਹਨ। ਤੁਸੀਂ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਦੇ ਸਮੇਂ ਇਕ ਕੱਪੜਾ ਅਪਣੇ ਨਾਲ ਜ਼ਰੂਰ ਰੱਖੋ ਤਾਂਕਿ ਉਸ ਨਾਲ ਅਪਣੇ ਸਿਰ, ਗਰਦਨ ਅਤੇ ਕੰਨ ਢੱਕ ਕੇ ਰੱਖ ਸਕੋ। 

2. ਪਾਣੀ ਕਈ ਬੀਮਾਰੀਆਂ ਦਾ ਇਲਾਜ ਹੈ। ਲੂ ਤੋਂ ਬਚਣ ਲਈ ਦਿਨ 'ਚ ਕਈ ਵਾਰ ਪਾਣੀ, ਨਿੰਬੂ ਪਾਣੀ ਪੀਉ। ਪਾਣੀ 'ਚ ਗਲੂਕੋਜ਼ ਪਾ ਕੇ ਪੀ ਲਉ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਤਾਂ ਦੂਰ ਹੋਵੇਗੀ ਹੀ, ਊਰਜਾ ਵੀ ਬਣੀ ਰਹੇਗੀ।

3. ਇਸ ਮੌਸਮ 'ਚ ਜ਼ਿਆਦਾ ਮਸਾਲੇ ਵਾਲਾ ਖਾਣਾ ਨਾ ਖਾਉ, ਇਸ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਅਜਿਹਾ ਖਾਣਾ ਖਾਉ ਜੋ ਆਸਾਨੀ ਨਾਲ ਪਚ ਸਕੇ। 

4. ਲੰਮੇ ਸਮੇਂ ਤਕ ਖ਼ਾਲੀ ਢਿੱਡ ਨਾ ਰਹੋ। ਸੱਤੂ ਦਾ ਘੋਲ ਪੀਉ, ਇਹ ਸੰਪੂਰਨ ਭੋਜਨ ਦਾ ਕੰਮ ਕਰਦਾ ਹੈ। 

5. ਇਸ ਮੌਸਮ 'ਚ ਖਰਬੂਜ਼ਾ, ਤਰਬੂਜ਼, ਅੰਗੂਰ, ਖੀਰਾ ਆਦਿ ਫਲਾਂ ਦਾ ਸੇਵਨ ਕਰੋ। 

6. ਗਰਮੀ ਦੇ ਮੌਸਮ 'ਚ ਅਜਿਹੇ ਕਪੜੇ ਪਹਿਨੋ, ਜੋ ਆਸਾਨੀ ਨਾਲ ਮੁੜ੍ਹਕਾ ਸੋਖ ਸਕਣ। ਹਲਕੇ ਸੂਤੀ ਰੰਗ ਦੇ ਕੱਪੜੇ ਹੀ ਪਾਉ, ਸੂਤੀ ਕਪੜੇ ਸਰੀਰ ਨੂੰ ਠੰਢਾ ਰਖਦੇ ਹਨ।   

7. ਲੂ ਲੱਗਣ ’ਤੇ ਜੇਕਰ ਤੁਹਾਡੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਹੈ ਤਾਂ ਕਿਸੇ ਛਾਂਦਾਰ ਦਰਖ਼ੱਤ ਦੇ ਹੇਠਾਂ ਬੈਠ ਜਾਉ। 

8. ਮੁੜ੍ਹਕਾ ਸੁਕਾਉ ਅਤੇ ਹੱਥ, ਪੈਰ, ਮੂੰਹ ਪਾਣੀ ਨਾਲ ਧੋਵੋ, ਪਾਣੀ ਪੀਉ। 

9. ਜ਼ਿਆਦਾ ਸਮੱਸਿਆ ਹੋਣ ’ਤੇ ਡਾਕਟਰ ਨੂੰ ਜ਼ਰੂਰ ਦਿਖਾਉ। ਗਰਮੀ ਦੇ ਮੌਸਮ 'ਚ ਠੰਢੀ ਤਾਸੀਰ ਵਾਲੇ ਭੋਜਨ ਹੀ ਕਰੋ। ਇਸ 'ਚ ਤਾਜ਼ਾ ਮੁਸੰਮੀ ਫਲ ਉਤਮ ਰਹਿੰਦਾ ਹੈ। 

10. ਜੇਕਰ ਲੂ ਲੱਗਣ ਨਾਲ ਤੇਜ਼ ਬੁਖ਼ਾਰ ਹੋ ਗਿਆ ਤਾਂ ਠੰਢੇ ਗਿੱਲੇ ਕਪੜੇ ਨਾਲ ਸਰੀਰ ਨੂੰ ਸਾਫ਼ ਕਰੋ। ਰੋਗੀ ਨੂੰ ਠੰਢੀ ਖੁਲ੍ਹੀ ਹਵਾ 'ਚ ਆਰਾਮ ਕਰਵਾਉ। 

11. ਪਿਆਸ ਬੁਝਾਉਣ ਲਈ ਨਿੰਬੂ ਦੇ ਰਸ 'ਚ ਮਿੱਟੀ ਦੇ ਘੜੇ ਜਾਂ ਸੁਰਾਹੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।


sunita

Content Editor

Related News