ਠੰਢ ਦੇ ਮੌਸਮ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੋਗੇ ਬੀਮਾਰ
Wednesday, Jan 13, 2021 - 12:46 PM (IST)
ਨਵੀਂ ਦਿੱਲੀ (ਬਿਊਰੋ): ਇਨੀਂ ਦਿਨੀਂ ਠੰਢ ਆਪਣੇ ਪੂਰੇ ਜ਼ੋਰਾਂ ’ਤੇ ਹੈ। ਇਸ ਮੌਸਮ ’ਚ ਧੁੰਦ ਤੇ ਧੂੰਆਂ ਮਿਲ ਕੇ ਸਮੌਗ ਬਣਾਉਂਦੇ ਹਨ, ਜਿਸ ਨਾਲ ਅਸਥਮਾ, ਸੀਓਪੀਡੀ ਤੇ ਦਿਲ ਸਬੰਧੀ ਬਿਮਾਰੀਆਂ ਜ਼ਿਆਦਾ ਵੱਧਦੀਆਂ ਹਨ। ਜਿਵੇਂ-ਜਿਵੇਂ ਤਾਪਮਾਨ ਘਟਦਾ ਹੈ, ਬਜ਼ੁਰਗਾਂ ਤੇ ਬੱਚਿਆਂ ਦੀਆਂ ਤਕਲੀਫ਼ਾਂ ਵੱਧ ਜਾਂਦੀਆਂ ਹਨ। ਕਮਜ਼ੋਰ ਇਮਿਊਨਿਟੀ ਹੋਣ ਕਰਕੇ ਉਹ ਤੁਰੰਤ ਬਿਮਾਰ ਪੈ ਜਾਂਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਇਸ ਮੌਸਮ ’ਚ ਠੰਢ ਤੋਂ ਆਪਣਾ ਬਚਾਅ ਕਰੋ। ਗਰਮ ਕੱਪੜੇ ਪਹਿਨ ਕੇ ਹੀ ਘਰੋਂ ਨਿਕਲੋ।
ਹਾਰਟ ਅਟੈਕ ਦਾ ਖ਼ਤਰਾ
ਠੰਢ ਦੇ ਮੌਸਮ ਦੌਰਾਨ ਸਰੀਰ ’ਚ ਕੁਝ ਤਬਦੀਲੀਆਂ ਆਉਂਦੀਆਂ ਹਨ। ਜਦੋਂ ਤਾਪਮਾਨ ਘਟਦਾ ਹੈ ਤਾਂ ਵਿਅਕਤੀ ਦਾ ਸਰੀਰ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਬਲੱਡ ਸਰਕੂਲੇਸ਼ਨ ਨੂੰ ਵਧਾ ਦਿੰਦਾ ਹੈ। ਅਜਿਹਾ ਕਰਨ ਨਾਲ ਦਿਲ ਦੀ ਗਤੀ ਤੇ ਬਲੱਡ ਪ੍ਰੈਸ਼ਰ ਦੋਵੇਂ ਵੱਧ ਜਾਂਦੇ ਹਨ। ਆਮ ਲੋਕਾਂ ਦੀ ਜੀਵਨਸ਼ੈਲੀ ’ਤੇ ਇਸ ਦਾ ਖ਼ਾਸ ਪ੍ਰਭਾਵ ਪੈਂਦਾ ਹੈ । ਹਾਈਪਰਟੈਂਸ਼ਨ ਤੇ ਦਿਲ ਦੇ ਮਰੀਜ਼ਾਂ ’ਤੇ ਇਸ ਦਾ ਮਾੜਾ ਅਸਰ ਪੈਂਦਾ ਹੈ। ਇਸ ਕਰਕੇ ਇਸ ਮੌਸਮ ’ਚ ਉਨ੍ਹਾਂ ਨੂੰ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਇਸ ਮੌਸਮ ’ਚ ਖ਼ੂਨ ਦੇ ਥੱਕੇ ਜੰਮਣੇ ਵੀ ਵੱਧ ਜਾਂਦੇ ਹਨ। ਇਸ ਨਾਲ ਬ੍ਰੇਨ ਸਟਰੋਕ ਤੇ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਬਜ਼ੁਰਗਾਂ, ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਤੇ ਠੰਢ ਤੋਂ ਆਪਣਾ ਬਚਾਅ ਨਾ ਕਰਨ ਵਾਲੇ ਲੋਕਾਂ ’ਚ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਸੀਓਪੀਡੀ ਤੇ ਅਸਥਮਾ ਜਿਹੇ ਫੇਫੜੇ ਦੇ ਰੋਗੀਆਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਇਸ ਦੇ ਇਲਾਵਾ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ।
– ਗਰਮ ਕੱਪੜੇ ਪਹਿਨੋ ਤੇ ਕੰਨਾਂ ਨੂੰ ਢਕ ਕੇ ਰੱਖੋ।
– ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ।
– ਠੰਢ ਤੋਂ ਬਚਣ ਲਈ ‘ਆਇਲ ਹੀਟ’ ਦੀ ਵਰਤੋਂ ਕਰੋ ਪਰ ਅੰਗੀਠੀ ਜ਼ਰੀਏ ਗਰਮ ਕਰਨ ਵਾਲੇ ਸਾਧਨ ਹਾਨੀਕਾਰਕ ਹੋ ਸਕਦੇ ਹਨ।
– ਹਾਈ ਬਲੱਡ ਪ੍ਰੈਸ਼ਰ ਦੇ ਰੋਗੀ ਨਿਯਮਿਤ ਰੂਪ ਨਾਲ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣ।
– ਦਿਲ ਦੇ ਮਰੀਜ਼ਾਂ ਨੂੰ ਵੀ ਨਿਯਮਿਤ ਤੌਰ ’ਤੇ ਡਾਕਟਰ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।
– ਠੰਢ ’ਚ ਨਿਮੋਨੀਆ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਟੀਕਾ ਜ਼ਰੂਰ ਲਗਵਾਓ।
– ਜੇ ਸੀਨੇ ’ਚ ਅਚਾਨਕ ਦਰਦ ਹੋਣ ਲੱਗੇ ਤਾਂ ਮਾਹਿਰ ਡਾਕਟਰ ਦੀ ਤੁਰੰਤ ਸਲਾਹ ਲਵੋ।
ਕੀ ਨਾ ਕਰੀਏ
– ਸ਼ਰਾਬ ਦਾ ਸੇਵਨ ਬਿਲਕੁਲ ਨਾ ਕਰੋ।
– ਸਵੇਰ ਸਮੇਂ ਟਹਿਲਣ ਵਾਲੇ ਦਿਲ ਦੀਆਂ ਬਿਮਾਰੀਆਂ ਦੇ ਰੋਗੀ ਸੂਰਜ ਨਿਕਲਣ ਤੋਂ ਬਾਅਦ ਹੀ ਬਾਹਰ ਨਿਕਲਣ।
– ਜ਼ਿਆਦਾ ਠੰਢ ਹੋਣ ’ਤੇ ਦਿਲ ਦੇ ਰੋਗੀਆਂ ਦੇ ਨਾਲ ਆਮ ਲੋਕ ਵੀ ਬਾਹਰ ਨਾ ਨਿਕਲਣ।
– ਅਜਿਹੇ ਕੱਪੜੇ ਨਾ ਪਹਿਨੋ, ਜਿਸ ਨਾਲ ਜ਼ਰੂਰਤ ਤੋਂ ਜ਼ਿਆਦਾ ਗਰਮੀ ਆਵੇ ਤੇ ਪਸੀਨਾ ਆਉਣ ਲੱਗੇ ਕਿਉਂਕਿ ਅਜਿਹੇ ’ਚ ਤੁਸੀਂ ਅਕਸਰ ਕੱਪੜੇ ਉਤਾਰ ਦਿੰਦੇ ਹੋ ਤੇ ਠੰਢ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਅਸਥਮਾ ਦੇ ਮਰੀਜ਼ ਰਹਿਣ ਚੌਕਸ
ਸਰਦੀਆਂ ’ਚ ਸਾਹ ਸੰਬੰਧੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਅਸਥਮਾ ਐਲਰਜਿਕ ਬਿਮਾਰੀ ਹੈ। ਇਸ ਨਾਲ ਆਵਾਜ਼ ’ਚ ਗੜਗੜਾਹਟ ਦੇ ਨਾਲ ਸਾਹ ਲੈਣ ’ਚ ਵੀ ਤਕਲੀਫ਼ ਹੁੰਦੀ ਹੈ। ਅਸਥਮਾ ਦੇ ਮਰੀਜ਼ਾਂ ਨੂੰ ਠੰਢ ਦੇ ਮੌਸਮ ’ਚ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ ’ਚ ਕੋਹਰੇ ਕਾਰਨ ਹਵਾ ਵਿਚ ਭਾਰੀ ਮਾਤਰਾ ’ਚ ਖ਼ਤਰਨਾਕ ਅਲਜ਼ਾਇਮ ਮੌਜੂਦ ਰਹਿੰਦੇ ਹਨ। ਇਸ ਹਵਾ ’ਚ ਸਾਹ ਲੈਣ ਨਾਲ ਅਸਥਮਾ ਦੇ ਮਰੀਜ਼ਾਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਇਸ ਕਾਰਨ ਛਿੱਕਾਂ, ਖੰਘ, ਛਾਤੀ ਜਾਮ ਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ। ਠੰਢ ਦੇ ਮੌਸਮ ’ਚ ਮੂੰਹ ਤੇ ਨੱਕ ’ਤੇ ਮਾਸਕ ਲਗਾ ਕੇ ਬਾਹਰ ਨਿਕਲੋ। ਅਸਥਮਾ ਰੋਗੀਆਂ ਨੂੰ ਨਿਬੁਲਾਈਜਰ ਨਾਲ ਰੱਖਣਾ ਚਾਹੀਦਾ ਹੈ, ਜਦੋਂ ਵੀ ਸਾਹ ਲੈਣ ’ਚ ਤਕਲੀਫ਼ ਹੋਵੇ, ਉਸ ਦੀ ਮਦਦ ਨਾਲ ਫੇਫੜਿਆਂ ਦੀ ਨਲੀ ਨੂੰ ਆਰਾਮ ਦੇ ਸਕਣ ਤੇ ਸਹੀ ਤਰ੍ਹਾਂ ਸਾਹ ਲੈ ਸਕਣ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।