Health Tips: ਰਾਤ ਨੂੰ ਸੌਂਣ ਸਮੇਂ ਜੇਕਰ ਤੁਹਾਨੂੰ ਆਉਂਦਾ ਹੈ ‘ਪਸੀਨਾ’ ਤਾਂ ਹੋ ਸਕਦੀਆਂ ਨੇ ਇਹ ਬੀਮਾਰੀਆਂ
Monday, Apr 25, 2022 - 12:41 PM (IST)

ਜਲੰਧਰ (ਬਿਊਰੋ) : ਗਰਮੀ ਦੇ ਮੌਸਮ ਵਿੱਚ ਪਸੀਨਾ ਆਉਣਾ ਆਮ ਗੱਲ ਹੈ। ਜਦੋਂ ਲੋਕ ਬਾਹਰ ਧੁੱਪ ਵਿੱਚ ਜਾਂਦੇ ਹਨ ਅਤੇ ਕੰਮ ਕਰਦੇ ਹਨ ਤਾਂ ਪਸੀਨਾ ਜ਼ਰੂਰ ਆਉਂਦਾ ਹੈ। ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਰਾਤ ਨੂੰ ਸੌਂਦੇ ਸਮੇਂ ਵੀ ਪਸੀਨਾ ਆਉਂਦਾ ਹੈ, ਜੋ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਰਾਤ ਨੂੰ ਸੋਂਦੇ ਸਮੇਂ ਸਰੀਰ ਨੂੰ ਪਸੀਨਾ ਆਉਣਾ ਸਮੱਸਿਆ ਹੈ। ਡਾਕਟਰਾਂ ਅਨੁਸਾਰ ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਜਾਂ ਬੇਚੈਨੀ ਮਹਿਸੂਸ ਹੋਣਾ ਖ਼ਤਰਨਾਕ ਹੋ ਸਕਦਾ ਹੈ, ਜਿਸ ਦੇ ਕਈ ਕਾਰਨ ਹਨ....
ਜ਼ਿਆਦਾ ਪਸੀਨਾ ਆਉਣ ਦੇ ਕਾਰਨ
ਗਰਮੀ ਕਾਰਨ ਮੁੜ੍ਹਕਾ ਆਉਣਾ ਆਮ ਗੱਲ ਹੈ ਪਰ ਕਈ ਵਾਰ ਹਾਈਪਰ ਹਾਈਡ੍ਰੋਸੈਸ ਤੋਂ ਪੀੜਤ ਲੋਕਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਜ਼ਿਆਦਾ ਕਿਰਿਆਸ਼ੀਲ ਹੋ ਜਾਂਦੀਆਂ ਹਨ। ਹਾਈਪਰ ਹਾਈਡ੍ਰੋਸੈੱਸ ਸਵੈੱਟ ਗਲੈਂਡ ਦੀ ਗੜਬੜੀ, ਜ਼ਿਆਦਾ ਤਣਾਅ ਵਿੱਚ ਰਹਿਣਾ, ਮੋਟਾਪਾ, ਦਵਾਈਆਂ ਦੇ ਅਸਰ, ਕੈਫੀਨ ਜਾਂ ਜ਼ਿਆਦਾ ਮਸਾਲੇਦਾਰ ਭੋਜਨ ਦੀ ਲੋੜ ਤੋਂ ਵੱਧ ਵਰਤੋਂ ਕਾਰਨ ਹੋ ਸਕਦਾ ਹੈ ।
ਇੰਨਫੈਕਸ਼ਨ
ਕੁਝ ਤਰ੍ਹਾਂ ਦੇ ਬੈਕਟੀਰੀਆ ਦੇ ਇੰਨਫੈਕਸ਼ਨ ਦੇ ਕਾਰਨ ਵੀ ਰਾਤ ਨੂੰ ਪਸੀਨਾ ਆਉਂਦਾ ਹੈ। ਇਸ ਸਥਿਤੀ ‘ਚ ਦਿਲ ਦੇ ਵਾਲ ‘ਚ ਸੋਜ, ਹੱਡੀਆਂ ‘ਚ ਇੰਨਫੈਕਸ਼ਨ ਦੇ ਨਾਲ ਹੀ ਐੱਚ.ਆਈ.ਵੀ. (HIV) ਇੰਨਫੈਕਸ਼ਨ ਵੀ ਹੋ ਸਕਦਾ ਹੈ। ਇਸ ‘ਚ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਲੋਅ ਬਲੱਡ ਸ਼ੂਗਰ
ਸਾਡੇ ਸਰੀਰ ‘ਚ ਬਲੱਡ ਸ਼ੂਗਰ ਦੇ ਪੱਧਰ ‘ਚ ਗਿਰਾਵਟ ਆਉਣ ਨਾਲ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਂਦਾ ਹੈ। ਦਿਨ ਭਰ ਦੀ ਭੱਜਦੌੜ ਤੇ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਸੌਂਣ ਤੋਂ ਬਾਅਦ ਬਲੱਡ ਗਲੂਕੋਜ਼ ‘ਚ ਅਚਾਨਕ ਗਿਰਾਵਟ ਆ ਜਾਂਦੀ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਇੰਸੁਲਿਨ ਜ਼ਿੰਮੇਵਾਰੀ ਹੋ ਸਕਦੀ ਹੈ। ਇਸ ਲਈ ਜਦੋਂ ਗਲੂਕੋਜ਼ ਪੱਧਰ ‘ਚ ਅਸੰਤੁਲਨ ਪੈਦਾ ਹੋ ਜਾਂਦਾ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਬਹੁਤ ਪਸੀਨਾ ਆਉਂਦਾ ਹੈ।
ਥਾਇਰਾਈਡ
ਹਾਈਪਰਥਾਇਰਾਇਡਿਜ਼ਮ ਭਾਵ ਥਾਇਰਾਈਡ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਦਾ ਪ੍ਰਮੁੱਖ ਕਾਰਨ ਹੈ। ਥਾਇਰਾਈਡ ਗ੍ਰੰਥੀ ਸਾਡੇ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਜਦੋਂ ਥਾਇਰਾਈਡ ਗ੍ਰੰਥੀ ਜ਼ਿਆਦਾ ਹਾਰਮੋਨ ਬਣਾਉਣ ਲਗਦੀ ਹੈ ਤਾਂ ਸਾਡੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਸਥਿਤੀ ‘ਚ ਭੁੱਖ ਤੇ ਪਿਆਸ ਲੱਗਦੀ ਹੈ। ਨਬਜ਼ ਤੇਜ਼ ਹੋ ਜਾਂਦੀ ਹੈ ਤੇ ਹੱਥ-ਪੈਰ ਕੰਬਣ ਲੱਗਦੇ ਹਨ।
ਐਸਿਡ ਰਿਫਲਕਸ ਤੇ ਦਵਾਈਆਂ
ਢਿੱਡ ਦੀ ਸਮੱਸਿਆਵਾਂ ਕਾਰਨ ਵੀ ਰਾਤ ਨੂੰ ਪਸੀਨਾ ਆਉਂਦਾ ਹੈ। ਬਹੁਤ ਸਾਰੀਆਂ ਦਵਾਈਆਂ ਜ਼ਿਆਦਾਤਰ ਬੁਖ਼ਾਰ ਲਈ ਉਪਯੋਗ ਕੀਤੀਆਂ ਗਈਆਂ ਦਵਾਈਆਂ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਦਾ ਕਾਰਨ ਬਣਦੀਆਂ ਹਨ। ਟ੍ਰਾਈਸਾਈਕਲ ਜਾਂ ਟੀਸੀਏ ਵਰਗੇ ਪੁਰਾਣੇ ਐਂਟੀਡਿਪ੍ਰੈਜ਼ੈਂਟਸ ਦੇ ਨਾਲ-ਨਾਲ ਬੁਪ੍ਰੋਪਿਅਨ ਤੇ ਵੇਨਲਾਫੈਕਸਿਨ ਵਰਗੇ ਸਟੇਰਾਇਡ ਕਾਰਨ ਵੀ ਰਾਤ ਨੂੰ ਪਸੀਨਾ ਆਉਂਦਾ ਹੈ।
ਅਪਣਾਓ ਇਹ ਨੁਸਖ਼ਾ
ਅਜਿਹੇ ‘ਚ ਰਾਤ ਨੂੰ ਸੌਂਣ ਤੋਂ ਪਹਿਲਾਂ ਘੱਟ ਖਾਣਾ ਖਾਓ, ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੁਝ ਕਦਮ ਚੱਲੋ, ਜ਼ਿਆਦਾ ਫੈਟ ਵਾਲੇ, ਤਲੇ ਹੋਏ ਤੇ ਟਮਾਟਰ ਨਾਲ ਬਣੇ ਭੋਜਨ ਖਾਣ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਇਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਆਪਣੇ ਡਾਕਟਰ ਨੂੰ ਦਿਖਾਓ।