Health Tips: ਬਦਲਦੇ ਮੌਸਮ 'ਚ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਤਰੀਕੇ, ਮਿਲੇਗੀ ਰਾਹਤ

07/10/2023 5:54:29 PM

ਜਲੰਧਰ (ਬਿਊਰੋ) - ਬਦਲਦੇ ਮੌਸਮ ਵਿੱਚ ਗਲਾ ਖ਼ਰਾਬ ਅਤੇ ਗਲੇ 'ਚ ਖਰਾਸ਼ ਹੋਣੀ ਇੱਕ ਆਮ ਸਮੱਸਿਆ ਹੈ। ਇਸ ਦੌਰਾਨ ਜੇਕਰ ਖਾਣ-ਪੀਣ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਹੋ ਜਾਂਦੀ ਹੈ ਤਾਂ ਇਸ ਦਾ ਅਸਰ ਗਲੇ 'ਤੇ ਪੈਂਦਾ ਹੋਇਆ ਦਿਖਾਈ ਦਿੰਦਾ ਹੈ। ਕਈ ਵਾਰ ਜ਼ੁਕਾਮ ਜਾਂ ਖਾਂਸੀ ਕਾਰਨ ਸਾਨੂੰ ਗਲੇ ਵਿਚ ਖਰਾਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਗਲੇ ਦੀ ਖਰਾਸ਼ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਇਸ ਦੇ ਵਧਣ ਨਾਲ ਹੋਰ ਵੀ ਕਈ ਗੰਭੀਰ ਰੋਗ ਹੋ ਸਕਦੇ ਹਨ। ਗਲੇ ਵਿੱਚ ਖ਼ਰਾਸ਼ ਹੋਣ ਦੀ ਸਮੱਸਿਆ ਤੋਂ ਬਚਣ ਲਈ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਹਾਨੂੰ ਘਰ ਦੀ ਰਸੋਈ ਵਿੱਚ ਮੌਜੂਦ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਕੋਈ ਪਰੇਸ਼ਾਨੀ ਨਹੀਂ ਹੋਵੇਗੀ...

ਇੰਝ ਦੂਰ ਕਰੋ ਗਲੇ ਦੀ ਖਰਾਸ਼ 

ਤੁਲਸੀ ਦੀਆਂ ਪੱਤੀਆਂ ਦਾ ਕਾੜ੍ਹਾ
ਗਲੇ ਦੀ ਖ਼ਰਾਸ਼ ਦੂਰ ਕਰਨ ਲਈ ਤੁਸੀਂ ਤੁਲਸੀ ਦੀਆਂ ਪੱਤੀਆਂ ਦੇ ਕਾੜ੍ਹੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਇਕ ਕੱਪ ਪਾਣੀ ਵਿੱਚ ਮੁਲੱਠੀ ਪਾ ਕੇ ਉਸ ਨੂੰ ਉਬਲ ਲਓ। ਫਿਰ ਉਸ ਪਾਣੀ ਵਿੱਚ ਤੁਲਸੀ ਅਤੇ ਪੁਦੀਨੇ ਦੀਆਂ ਪੱਤੀਆਂ ਮਿਲਾ ਲਓ। ਕਰੀਬ 10 ਮਿੰਟ ਤੱਕ ਇਸ ਨੂੰ ਪਕਾਉਣ ਤੋਂ ਬਾਅਦ ਇਸ ਕਾੜ੍ਹੇ ਨੂੰ ਛਾਣ ਕੇ ਪੀ ਲਓ। ਇਸ ਨਾਲ ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲੇਗੀ।

ਮੁਲੱਠੀ
ਘਰ ਦੀ ਰਸੋਈ ਵਿੱਚ ਇਸਤੇਮਾਲ ਹੋਣ ਵਾਲੀ ਮੁਲੱਠੀ ਵਿੱਚ ਐਂਟੀਵਾਇਰਲ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਗੁਣ ਗਲੇ ਦੀ ਖਰਾਸ਼ ਨੂੰ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਗਲੇ ਦੀ ਖ਼ਰਾਸ਼ ਹੋਣ 'ਤੇ ਤੁਸੀਂ ਮੁਲੱਠੀ ਨੂੰ ਪੀਸ ਕੇ ਇਸ ਦਾ ਪਾਊਡਰ ਬਣਾ ਲਓ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਇਸ ਦੇ ਗਰਾਰੇ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲ ਜਾਵੇਗੀ।

ਗਰਾਰੇ ਕਰੋ
ਗਲੇ ਦੀ ਖਰਾਸ਼ ਨੂੰ ਦੂਰ ਕਰਨ ਦਾ ਇਹ ਸਭ ਤੋਂ ਪੁਰਾਣਾ ਅਤੇ ਅਸਰਦਾਰ ਤਰੀਕਾ ਹੈ। ਜੇਕਰ ਤੁਸੀਂ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਕੋਸੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰੋ, ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ। ਇਸ ਨਾਲ ਗਲੇ ਵਿੱਚ ਆਈ ਸੋਜ ਘੱਟ ਹੋ ਜਾਂਦੀ ਹੈ।  

ਸ਼ਹਿਦ
ਘਰੇਲੂ ਨੁਸਖਿਆਂ ਵਿੱਚ ਸ਼ਹਿਦ ਦੇ ਲਾਜਵਾਬ ਫ਼ਾਇਦੇ ਹਨ। ਇਸ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਨਾਲ ਹੀ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਤੁਹਾਡੇ ਗਲੇ ਨੂੰ ਆਰਾਮ ਦੇਣ ਵਿੱਚ ਸਹਾਇਤਾ ਕਰਦੇ ਹਨ। ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ ਜਾਂ ਇਸਨੂੰ ਅਦਰਕ ਦੇ ਨਾਲ ਮਿਲਾ ਕੇ ਲੈ ਸਕਦੇ ਹੋ।

ਲੂਣ ਅਤੇ ਹਲਦੀ ਦੇ ਪਾਣੀ ਦੇ ਗਰਾਰੇ
ਲੂਣ ਅਤੇ ਹਲਦੀ ਦੀ ਵਰਤੋਂ ਤੁਸੀਂ ਹਮੇਸ਼ਾ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹੋਵੋਗੇ, ਪਰ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਲਈ ਤੁਸੀਂ ਇਕ ਗਿਲਾਸ ਪਾਣੀ ਨੂੰ ਗੈਸ ਸਟੋਵ 'ਤੇ ਕੋਸਾ ਕਰੋ। ਹੁਣ ਇਸ ਵਿਚ ਅੱਧਾ ਚਮਚਾ ਲੂਣ ਅਤੇ ਇੱਕ ਚਮਚਾ ਹਲਦੀ ਨੂੰ ਮਿਕਸ ਕਰਕੇ 5 ਵਾਰ ਗਰਾਰੇ ਕਰੋ, ਤੁਹਾਡੀ ਸਮੱਸਿਆ ਹੌਲੀ-ਹੌਲੀ ਘੱਟ ਹੋਣ ਲੱਗੇਗੀ।

ਮੇਥੀ
ਮੇਥੀ ਦੀ ਵਰਤੋਂ ਸਾਰੇ ਘਰਾਂ ਵਿੱਚ ਮਸਾਲੇ ਵਜ੍ਹੋਂ ਕੀਤੀ ਜਾਂਦੀ ਹੈ। ਇਸ ਦਾ ਇਸਤੇਮਾਲ ਕਈ ਪਕਵਾਨਾਂ ਨੂੰ ਤਿਆਰ ਕਰਨ ਲਈ ਕੀਤਾ ਜਾਂਦਾ ਹੈ। ਗਲੇ ਦੀ ਖਰਾਸ਼ ਹੋਣ 'ਤੇ ਤੁਸੀਂ ਇੱਕ ਚਮਚ ਮੇਥੀ ਦੇ ਬੀਜਾਂ ਨੂੰ ਇੱਕ ਕੱਪ ਪਾਣੀ ਵਿੱਚ ਉਬਾਲ ਲਓ। ਇਸ ਕੋਸੇ ਪਾਣੀ ਨੂੰ ਛਾਣਨੀ ਨਾਲ ਛਾਨਣ ਤੋਂ ਬਾਅਦ ਪੀ ਲਓ, ਜਿਸ ਨਾਲ ਤੁਹਾਨੂੰ ਰਾਹਤ ਮਿਲ ਜਾਵੇਗੀ।


rajwinder kaur

Content Editor

Related News