ਲੂ ਤੋਂ ਬਚਾਅ ਦੇ ਨਾਲ ਦਿਨ ਭਰ ਤਾਜ਼ਾ ਰੱਖੇਗਾ ਕੱਚੇ ਅੰਬ ਦਾ ਪੰਨਾ, ਸਿੱਖੋ ਮਿੰਟਾਂ ’ਚ ਬਣਾਉਣ ਦਾ ਸੌਖਾ ਤਰੀਕਾ
Wednesday, Jun 14, 2023 - 12:50 PM (IST)

ਜਲੰਧਰ (ਬਿਊਰੋ)– ਜੇਕਰ ਤੁਸੀਂ ਅੱਤ ਦੀ ਗਰਮੀ ਦੇ ਵਿਚਕਾਰ ਲੂ ਤੋਂ ਬਚਣਾ ਚਾਹੁੰਦੇ ਹੋ ਤਾਂ ਕੱਚੇ ਅੰਬ ਦਾ ਪੰਨਾ ਇਕ ਵਧੀਆ ਵਿਕਲਪ ਹੋ ਸਕਦਾ ਹੈ। ਦੇਸੀ ਐਨਰਜੀ ਤੇ ਹੈਲਥ ਡਰਿੰਕ ਵਜੋਂ ਜਾਣਿਆ ਜਾਣ ਵਾਲਾ ਅੰਬ ਦਾ ਪੰਨਾ ਬਹੁਤ ਹੀ ਸਵਾਦਿਸ਼ਟ ਹੈ ਤੇ ਲੂ ਤੋਂ ਵੀ ਬਚਾਉਂਦਾ ਹੈ। ਇਸ ਦੇ ਬਹੁਤ ਸਾਰੇ ਗੁਣਾਂ ਕਾਰਨ, ਜ਼ਿਆਦਾਤਰ ਲੋਕ ਕੱਚੇ ਅੰਬ ਤੋਂ ਬਣੇ ਪੰਨੇ ਨੂੰ ਪੀਣਾ ਪਸੰਦ ਕਰਦੇ ਹਨ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਕੱਚੇ ਅੰਬ ਦੇ ਪੰਨੇ ਦਾ ਸਵਾਦ ਬਹੁਤ ਪਸੰਦ ਕਰਦੇ ਹਨ। ਇਸ ਨੂੰ ਬਣਾਉਣ ਲਈ ਕੱਚੇ ਅੰਬ ਯਾਨੀ ਕੇਰੀ ਨੂੰ ਉਬਾਲਿਆ ਜਾਂਦਾ ਹੈ। ਇਹ ਇਕ ਸਿਹਤਮੰਦ ਡਰਿੰਕ ਹੈ, ਜੋ ਮਿੰਟਾਂ ’ਚ ਤਿਆਰ ਕੀਤੀ ਜਾ ਸਕਦੀ ਹੈ।
ਗਰਮੀਆਂ ’ਚ ਅੰਬ ਦੇ ਕਈ ਪਕਵਾਨ ਬਹੁਤ ਮਸ਼ਹੂਰ ਹੋ ਜਾਂਦੇ ਹਨ, ਕੱਚੇ ਅੰਬ ਦਾ ਪੰਨਾ ਵੀ ਇਨ੍ਹਾਂ ’ਚੋਂ ਇਕ ਹੈ। ਤੁਸੀਂ ਇਸ ਨੂੰ ਬਹੁਤ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤਕ ਇਸ ਨੂੰ ਨਹੀਂ ਬਣਾਇਆ ਤਾਂ ਇਹ ਤਰੀਕਾ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ।
ਕੱਚੇ ਅੰਬ ਦਾ ਪੰਨਾ ਬਣਾਉਣ ਲਈ ਸਮੱਗਰੀ
- ਕੱਚੇ ਅੰਬ (ਕੇਰੀ)– 4
- ਭੁੰਨਿਆ ਜੀਰਾ ਪਾਊਡਰ– 2 ਚਮਚੇ
- ਕਾਲਾ ਲੂਣ– 2 ਚਮਚੇ
- ਪੁਦੀਨੇ ਦੇ ਪੱਤੇ– 1 ਚਮਚਾ
- ਗੁੜ/ਖੰਡ– 6 ਚਮਚੇ
- ਲੂਣ– ਸੁਆਦ ਅਨੁਸਾਰ
ਕੱਚਾ ਅੰਬ ਦਾ ਪੰਨਾ ਬਣਾਉਣ ਦੀ ਵਿਧੀ
ਸਵਾਦ ਤੇ ਪੌਸ਼ਟਿਕਤਾ ਨਾਲ ਭਰਪੂਰ ਕੱਚੇ ਅੰਬ ਦਾ ਪੰਨਾ ਬਣਾਉਣ ਲਈ ਪਹਿਲਾਂ ਕੱਚੇ ਅੰਬ ਨੂੰ ਲੈ ਕੇ ਉਨ੍ਹਾਂ ਨੂੰ ਧੋ ਲਓ। ਇਸ ਤੋਂ ਬਾਅਦ ਕੱਚੇ ਅੰਬਾਂ ਨੂੰ ਪ੍ਰੈਸ਼ਰ ਕੁੱਕਰ ’ਚ ਪਾਓ ਤੇ ਲੋੜ ਅਨੁਸਾਰ ਪਾਣੀ ਪਾ ਕੇ ਉਬਾਲਣ ਲਈ ਰੱਖ ਦਿਓ। 4-5 ਸੀਟੀਆਂ ਤੋਂ ਬਾਅਦ ਗੈਸ ਬੰਦ ਕਰ ਦਿਓ ਤੇ ਪ੍ਰੈਸ਼ਰ ਕੁੱਕਰ ਨੂੰ ਠੰਡਾ ਹੋਣ ਦਿਓ। ਕੁੱਕਰ ਦਾ ਪ੍ਰੈਸ਼ਰ ਛੱਡਣ ਤੋਂ ਬਾਅਦ ਢੱਕਣ ਖੋਲ੍ਹੋ ਤੇ ਕੱਚੇ ਅੰਬਾਂ ਨੂੰ ਪਾਣੀ ’ਚੋਂ ਕੱਢ ਲਓ।
ਜਦੋਂ ਕੱਚੇ ਅੰਬ ਠੰਡੇ ਹੋ ਜਾਣ ਤਾਂ ਉਨ੍ਹਾਂ ਨੂੰ ਛਿੱਲ ਲਓ ਤੇ ਅੰਬ ਦੇ ਗੁੱਦੇ ਨੂੰ ਭਾਂਡੇ ’ਚ ਕੱਢ ਲਓ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਤਾਂ ਕਿ ਗੁੱਦਾ ਪੂਰੀ ਤਰ੍ਹਾਂ ਬਾਹਰ ਆ ਸਕੇ। ਹੁਣ ਭਾਂਡੇ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਤੇ ਇਸ ’ਚ ਕੱਟੇ ਹੋਏ ਪੁਦੀਨੇ ਦੇ ਪੱਤੇ, ਕਾਲਾ ਨਮਕ, ਜੀਰਾ ਪਾਊਡਰ ਤੇ ਹੋਰ ਸਾਰੀਆਂ ਸਮੱਗਰੀਆਂ ਪਾ ਕੇ ਮਿਕਸ ਕਰ ਲਓ। ਹੁਣ ਇਸ ਮਿਸ਼ਰਣ ਨੂੰ ਮਿਕਸਰ ’ਚ ਪਾਓ ਤੇ ਲੋੜ ਅਨੁਸਾਰ ਪਾਣੀ ਪਾ ਕੇ ਬਲੈਂਡ ਕਰੋ।
ਮਿਸ਼ਰਣ ਨੂੰ ਕੁਝ ਮਿੰਟਾਂ ਤੱਕ ਬਲੈਂਡ ਕਰਨ ਤੋਂ ਬਾਅਦ ਇਸ ਨੂੰ ਭਾਂਡੇ ’ਚ ਕੱਢ ਲਓ। ਜੇਕਰ ਪੰਨਾ ਮੋਟਾ ਲੱਗਦਾ ਹੈ ਤਾਂ ਇਸ ’ਚ ਥੋੜ੍ਹਾ ਹੋਰ ਪਾਣੀ ਮਿਲਾ ਸਕਦੇ ਹੋ। ਇਸ ਤੋਂ ਬਾਅਦ ਪੰਨੇ ’ਚ ਕੁਝ ਬਰਫ ਦੇ ਟੁਕੜੇ ਪਾਓ ਤੇ ਕੁਝ ਦੇਰ ਲਈ ਛੱਡ ਦਿਓ। ਜਦੋਂ ਅੰਬ ਦਾ ਪੰਨਾ ਠੰਡਾ ਹੋ ਜਾਵੇ ਤਾਂ ਇਸ ਨੂੰ ਸਰਵਿੰਗ ਗਲਾਸ ’ਚ ਪਾਓ ਤੇ ਇਸ ’ਚ ਇਕ ਜਾਂ ਦੋ ਬਰਫ ਦੇ ਟੁਕੜੇ ਪਾਓ ਤੇ ਠੰਡਾ ਕਰਕੇ ਸਰਵ ਕਰੋ।
ਨੋਟ– ਤੁਸੀਂ ਅੰਬ ਦਾ ਪੰਨਾ ਪੀਣਾ ਪਸੰਦ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।