ਤੁਹਾਨੂੰ ਡੇਂਗੂ ਹੈ ਜਾਂ ਵਾਇਰਲ ਬੁਖ਼ਾਰ? ਇੰਝ ਕਰੋ ਪਛਾਣ
Thursday, Mar 16, 2023 - 11:57 AM (IST)
ਜਲੰਧਰ (ਬਿਊਰੋ)– ਡੇਂਗੂ ਤੇ ਵਾਇਰਲ ਬੁਖ਼ਾਰ ਦੇ ਲੱਛਣ ਇਕੋ ਜਿਹੇ ਹੁੰਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ’ਚ ਫਰਕ ਨਹੀਂ ਕਰ ਪਾਉਂਦੇ ਹਨ। ਅਜਿਹੇ ’ਚ ਮਰੀਜ਼ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ। ਜੇਕਰ ਡੇਂਗੂ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣ ਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਨ੍ਹਾਂ ਦੋਵਾਂ ਬੁਖ਼ਾਰਾਂ ਦੇ ਲੱਛਣ ਇਕੋ ਜਿਹੇ ਹਨ ਤਾਂ ਡੇਂਗੂ ਤੇ ਵਾਇਰਲ ਬੁਖ਼ਾਰ ਦੀ ਪਛਾਣ ਕਿਵੇਂ ਕੀਤੀ ਜਾਵੇ?
ਡੇਂਗੂ ਤੇ ਵਾਇਰਲ ਬੁਖ਼ਾਰ ਦਾ ਕੀ ਕਾਰਨ ਹੈ?
ਵਾਇਰਲ ਬੁਖ਼ਾਰ ਵਾਇਰਸ ਦੀ ਲਾਗ ਕਾਰਨ ਹੁੰਦਾ ਹੈ। ਇਸ ਕਾਰਨ ਠੰਡ, ਜ਼ੁਕਾਮ ਤੇ ਬੁਖ਼ਾਰ ਦੀ ਸਮੱਸਿਆ ਰਹਿੰਦੀ ਹੈ। ਮੌਸਮ ’ਚ ਬਦਲਾਅ ਦੌਰਾਨ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਵਾਇਰਸ ਦੀ ਲਪੇਟ ’ਚ ਆ ਜਾਂਦੇ ਹਨ। ਆਮ ਤੌਰ ’ਤੇ ਵਾਇਰਲ ਬੁਖ਼ਾਰ 5 ਤੋਂ 7 ਦਿਨਾਂ ਦੇ ਅੰਦਰ ਆਪਣੇ ਆਪ ਠੀਕ ਹੋ ਜਾਂਦਾ ਹੈ। ਡੇਂਗੂ ਬੁਖ਼ਾਰ ਸੰਕਰਮਿਤ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਇਸ ਦੇ ਕੱਟਣ ਤੋਂ ਕੁਝ ਦਿਨਾਂ ਬਾਅਦ ਲੱਛਣ ਦਿਖਾਈ ਦਿੰਦੇ ਹਨ। ਜੇਕਰ ਡੇਂਗੂ ਦਾ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਵਿਅਕਤੀ ਦੀ ਹਾਲਤ ਗੰਭੀਰ ਹੋ ਜਾਂਦੀ ਹੈ। ਇਸ ਦਾ ਅਸਰ ਜਿਗਰ ’ਤੇ ਵੀ ਦੇਖਣ ਨੂੰ ਮਿਲਦਾ ਹੈ। ਡੇਂਗੂ ਵੀ ਵਾਇਰਲ ਬੁਖ਼ਾਰ ਹੈ ਪਰ ਇਹ ਮੱਛਰ ਦੇ ਕੱਟਣ ਨਾਲ ਹੀ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੁਹਾਡੀਆਂ ਇਹ ਆਦਤਾਂ, ਲਿਆਓ ਇਨ੍ਹਾਂ ’ਚ ਸੁਧਾਰ
ਡੇਂਗੂ ਤੇ ਵਾਇਰਲ ਬੁਖ਼ਾਰ ’ਚ ਜਾਣੋ ਫਰਕ
- ਡੇਂਗੂ ਬੁਖ਼ਾਰ ਬਹੁਤ ਤੇਜ਼ ਬੁਖ਼ਾਰ ਦਾ ਕਾਰਨ ਬਣਦਾ ਹੈ। ਇਸ ਨੂੰ ਬਰੇਕ ਬੋਨ ਫੀਵਰ ਵੀ ਕਿਹਾ ਜਾਂਦਾ ਹੈ। ਵਾਇਰਲ ਬੁਖ਼ਾਰ ’ਚ ਤੇਜ਼ ਬੁਖ਼ਾਰ ਨਹੀਂ ਹੁੰਦਾ।
- ਡੇਂਗੂ ਨਾਲ ਸੰਕਰਮਿਤ ਮਰੀਜ਼ਾਂ ਦੀ ਚਮੜੀ ’ਤੇ ਲਾਲ ਧੱਫੜ ਹੋ ਜਾਂਦੇ ਹਨ ਪਰ ਵਾਇਰਲ ਬੁਖ਼ਾਰ ’ਚ ਚਮੜੀ ’ਤੇ ਕੋਈ ਨਿਸ਼ਾਨ ਨਹੀਂ ਦਿਖਾਈ ਦਿੰਦੇ।
- ਡੇਂਗੂ ਕਾਰਨ ਪਲੇਟਲੈੱਟਸ ਦੀ ਗਿਣਤੀ ਤੇਜ਼ੀ ਨਾਲ ਘੱਟ ਜਾਂਦੀ ਹੈ। ਵਾਇਰਲ ਬੁਖ਼ਾਰ ’ਚ ਪਲੇਟਲੈੱਟਸ ਕਾਊਂਟਸ ’ਤੇ ਬਹੁਤਾ ਅਸਰ ਨਹੀਂ ਹੁੰਦਾ।
- ਡੇਂਗੂ ਬੁਖ਼ਾਰ ਕਾਰਨ ਕਈ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ, ਜਦਕਿ ਵਾਇਰਲ ਬੁਖ਼ਾਰ ’ਚ ਬਲੱਡ ਪ੍ਰੈਸ਼ਰ ’ਤੇ ਕੋਈ ਅਸਰ ਨਹੀਂ ਹੁੰਦਾ।
- ਡੇਂਗੂ ਕਾਰਨ ਉਲਟੀਆਂ ਤੇ ਪੇਟ ਦਰਦ ਹੁੰਦਾ ਹੈ। ਡੇਂਗੂ ਲੀਵਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਵਾਇਰਲ ਬੁਖ਼ਾਰ ’ਚ ਉਲਟੀ ਜਾਂ ਪੇਟ ਦਰਦ ਦੀ ਸਮੱਸਿਆ ਨਹੀਂ ਹੁੰਦੀ।
ਦੋਵਾਂ ਦਾ ਇਲਾਜ ਕੀ ਹੈ?
ਬੁਖ਼ਾਰ ਆਉਣ ’ਤੇ ਲੋਕਾਂ ਨੂੰ ਆਪਣੇ ਖ਼ੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਖ਼ੂਨ ਦੀ ਜਾਂਚ ’ਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਡੇਂਗੂ ਹੈ ਜਾਂ ਨਹੀਂ। ਇਲਾਜ ਦੀ ਗੱਲ ਕਰੀਏ ਤਾਂ ਦੋਵਾਂ ਸਥਿਤੀਆਂ ’ਚ ਲੋਕਾਂ ਨੂੰ ਪੈਰਾਸੀਟਾਮੋਲ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਡੇਂਗੂ ਤੇ ਵਾਇਰਲ ਬੁਖ਼ਾਰ ਦੀ ਸਥਿਤੀ ’ਚ ਐਂਟੀਬਾਇਓਟਿਕਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਦਵਾਈਆਂ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਸਹੀ ਸਮੇਂ ’ਤੇ ਡੇਂਗੂ ਦਾ ਇਲਾਜ ਕਰਦੇ ਹੋ ਤਾਂ ਤੁਸੀਂ 1 ਹਫ਼ਤੇ ’ਚ ਆਸਾਨੀ ਨਾਲ ਠੀਕ ਹੋ ਸਕਦੇ ਹੋ, ਜਦਕਿ ਵਾਇਰਲ ਬੁਖ਼ਾਰ 5 ਤੋਂ 7 ਦਿਨਾਂ ’ਚ ਦਵਾਈ ਲੈਣ ਨਾਲ ਠੀਕ ਹੋ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।