Health Tips: ਦਿਮਾਗ ਨੂੰ ਤੇਜ਼ ਤੇ ਸਿਹਤਮੰਦ ਰੱਖਣ ਲਈ ਅਪਣਾਓ ਇਹ 6 ਨੁਕਤੇ
Tuesday, Jul 18, 2023 - 05:05 PM (IST)
ਨਵੀਂ ਦਿੱਲੀ (ਬਿਊਰੋ)- ਦਿਮਾਗ਼ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਚੰਗੀ ਸਿਹਤ ਲਈ ਸਿਹਤਮੰਦ ਦਿਮਾਗ਼ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਵਰਤਮਾਨ ਸਮੇਂ 'ਚ ਤਣਾਅ ਭਰਪੂਰ ਜੀਵਨ ਸ਼ੈਲੀ ਤੇ ਗਲਤ ਖਾਣ-ਪੀਣ ਦੀਆਂ ਆਦਤਾਂ ਦਾ ਗ਼ਲਤ ਅਸਰ ਸਾਡੇ ਦਿਮਾਗ਼ 'ਤੇ ਪੈਦਾ ਹੈ। ਭੱਜ-ਦੌੜ ਭਰੀ ਇਸ ਜ਼ਿੰਦਗੀ ਵਿੱਚ ਅਸੀਂ ਆਪਣੀ ਦਿਮਾਗੀ ਸਿਹਤ ਵੱਲ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਦਿਮਾਗੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਦਿਮਾਗ਼ ਨੂੰ ਤੇਜ਼ ਕਰਨ ਲਈ ਖੁਰਾਕ ਵਿਚ ਪੌਸ਼ਟਿਕ ਤੱਤਾਂ ਦਾ ਸੇਵਨ ਕਰਨਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਓਮੇਗਾ-3 ਫੈਟੀ ਐਸਿਡ ਵਾਲੇ ਭੋਜਨ ਦਾ ਸੇਵਨ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਕਰਨ ਨਾਲ ਦਿਮਾਗ ਸਿਹਤਮੰਦ ਹੋ ਜਾਂਦਾ ਹੈ....
ਫੈਟੀ ਫਿਸ਼
ਫੈਟੀ ਫਿਸ਼ ਵਿੱਚ ਓਮੇਗਾ-3 ਫੈਟੀ ਐਸਿਡ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਇਹ ਤੁਹਾਡੇ ਦਿਮਾਗ਼ ਦੇ ਸੈੱਲਾਂ ਨੂੰ ਡੈਮੇਜ ਹੋਣ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਫੈਟੀ ਫਿਸ਼ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ। ਇਸੇ ਲਈ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਫੈਟੀ ਫਿਸ਼ ਦਾ ਸੇਵਨ ਜ਼ਰੂਰ ਕਰੋ।
ਸਾਬਤ ਅਨਾਜ
ਦਿਮਾਗ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਸਾਬਤ ਅਨਾਜ ਦਾ ਸੇਵਨ ਕਰ ਸਕਦੇ ਹੋ। ਦਿਮਾਗੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਵਿਟਾਮਿਨ-ਈ ਵਾਲੇ ਭੋਜਨਾਂ ਦਾ ਸੇਵਨ ਕਰ ਸਕਦੇ ਹੋ, ਕਿਉਂਕਿ ਇਸ 'ਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਪਣੀ ਖੁਰਾਕ ਵਿੱਚ ਤੁਸੀਂ ਭੂਰੇ ਚੌਲ, ਜੌਂ, ਕਣਕ, ਓਟਮੀਲ ਅਤੇ ਅਨਾਜ ਵਰਗੀਆਂ ਚੀਜ਼ਾਂ ਵੀ ਸ਼ਾਮਲ ਕਰ ਸਕਦੇ ਹੋ।
ਕੌਫੀ
ਮਾਹਿਰਾਂ ਅਨੁਸਾਰ ਬਹੁਤ ਸਾਰੇ ਲੋਕ ਆਪਣੇ ਊਰਜਾ ਪੱਧਰ ਨੂੰ ਵਧਾਉਣ ਲਈ ਕੌਫੀ ਦਾ ਸੇਵਨ ਕਰਦੇ ਹਨ, ਜਦਕਿ ਕੌਫੀ ਵਿੱਚ ਮੌਜੂਦ ਕੈਫੀਨ ਦਿਮਾਗੀ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਕੈਫੀਨ ਦਿਮਾਗ ਵਿੱਚ ਐਂਟਰੌਪੀ ਦੇ ਪੱਧਰ ਨੂੰ ਵਧਾਉਂਦੀ ਹੈ, ਜਿਸ ਨਾਲ ਤੁਹਾਡੇ ਦਿਮਾਗ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ।
ਆਂਡੇ
ਆਂਡੇ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਲਈ ਵੀ ਬਹੁਤ ਜ਼ਰੂਰੀ ਹਨ। ਇਨ੍ਹਾਂ 'ਚ ਵਿਟਾਮਿਨ-ਬੀ6, ਵਿਟਾਮਿਨ-ਬੀ12 ਅਤੇ ਫੋਲਿਕ ਐਸਿਡ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਆਂਡੇ ਦਾ ਨਿਯਮਤ ਸੇਵਨ ਦਿਮਾਗ ਦੀ ਸਿਹਤ ਲਈ ਚੰਗਾ ਹੁੰਦਾ ਹੈ। ਤੁਸੀਂ ਨਾਸ਼ਤੇ ਵਿੱਚ ਅੰਡੇ ਖਾ ਸਕਦੇ ਹੋ।
ਕਸਰਤ
ਦਿਮਾਗ ਨੂੰ ਤੰਦਰੁਸਤ ਅਤੇ ਸ਼ਾਂਤ ਰੱਖਣ ਲਈ ਰੋਜ਼ਾਨਾ ਕਸਰਤ ਕਰਨੀ ਜ਼ਰੂਰੀ ਹੁੰਦੀ ਹੈ। ਸਵੇਰ ਦੇ ਸਮੇਂ ਸੈਰ, ਯੋਗਾ, ਕਸਰਤ ਕਰਨ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਮਾਨਸਿਕ ਤਣਾਅ ਦੂਰ ਹੋ ਜਾਂਦਾ ਹੈ।
ਲੋੜੀਂਦੀ ਨੀਂਦ ਅਤੇ ਆਰਾਮ
ਲੋੜੀਂਦੀ ਨੀਂਦ ਅਤੇ ਆਰਾਮ ਕਰਨ ਨਾਲ ਦਿਮਾਗ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ। ਚੰਗੀ ਨੀਂਦ ਲੈਣ ਨਾਲ ਅਗਲੇ ਦਿਨ ਦਿਮਾਗ ਚੰਗੇ ਤਰੀਕੇ ਨਾਲ ਸਰਗਰਮ ਰਹਿੰਦਾ ਹੈ। ਚੰਗੀ ਨੀਂਦ ਲੈਣ ਨਾਲ ਡਿਪਰੈਸ਼ਨ ਦੀ ਸੰਭਾਵਨਾ ਘੱਟ ਜਾਂਦੀ ਹੈ ਅਤੇ ਯਾਦਦਾਸ਼ਤ ਤੇਜ਼ ਹੁੰਦੀ ਹੈ।