ਬੱਚਿਆਂ ''ਚ ਵੱਧ ਰਿਹੈ ਮੋਟਾਪਾ ਤੇ ਸ਼ੂਗਰ, ਇਹ ਆਦਤਾਂ ਹਨ ਸਭ ਤੋਂ ਵੱਡਾ ਕਾਰਨ
Friday, Sep 05, 2025 - 12:53 PM (IST)

ਹੈਲਥ ਡੈਸਕ- ਅੱਜ ਦੇ ਸਮੇਂ 'ਚ ਛੋਟੇ ਬੱਚਿਆਂ 'ਚ ਮੋਟਾਪਾ (Obesity) ਅਤੇ ਟਾਈਪ 2 ਸ਼ੂਗਰ ਵਰਗੀਆਂ ਗੰਭੀਰ ਬੀਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਪਹਿਲਾਂ ਇਹ ਸਮੱਸਿਆਵਾਂ ਜ਼ਿਆਦਾਤਰ ਵੱਡੇ ਲੋਕਾਂ 'ਚ ਹੀ ਦੇਖੀਆਂ ਜਾਂਦੀਆਂ ਸਨ ਪਰ ਹੁਣ 6 ਸਾਲ ਦੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹਨ ਅਤੇ 10 ਸਾਲ ਦੀ ਉਮਰ ਤੱਕ ਸ਼ੂਗਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਬੱਚਿਆਂ ਦੇ ਭਵਿੱਖ ਲਈ ਚਿੰਤਾਜਨਕ ਹੈ।
ਜੀਵਨਸ਼ੈਲੀ ਅਤੇ ਖਾਣ-ਪੀਣ ਵੱਡਾ ਕਾਰਨ
ਮਾਹਿਰਾਂ ਦੇ ਮੁਤਾਬਕ, ਬੱਚਿਆਂ ਦੀ ਬਦਲਦੀ ਜੀਵਨਸ਼ੈਲੀ ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ। ਜੰਕ ਫੂਡ, ਪ੍ਰੋਸੈਸਡ ਸਨੈਕਸ ਅਤੇ ਕੋਲਡ ਡ੍ਰਿੰਕਸ ਦਾ ਵੱਧ ਸੇਵਨ, ਨਾਲ ਹੀ ਘੱਟ ਖੇਡ-ਕੂਦ ਅਤੇ ਵੱਧ ਸਕਰੀਨ ਟਾਈਮ (ਮੋਬਾਈਲ, ਟੀਵੀ, ਕੰਪਿਊਟਰ) ਮੋਟਾਪੇ ਅਤੇ ਸ਼ੂਗਰ ਨੂੰ ਵਧਾ ਰਹੇ ਹਨ। ਮਾਤਾ-ਪਿਤਾ ਦੇ ਰੁਝੇ ਸ਼ੈਡਿਊਲ ਕਾਰਨ ਘਰ 'ਚ ਸਿਹਤਮੰਦ ਖਾਣਾ ਘੱਟ ਬਣਦਾ ਹੈ ਅਤੇ ਫਾਸਟ ਫੂਡ ਵੱਧ ਖਾਧਾ ਜਾਂਦਾ ਹੈ। ਜੇ ਪਰਿਵਾਰ 'ਚ ਪਹਿਲਾਂ ਹੀ ਸ਼ੂਗਰ ਜਾਂ ਮੋਟਾਪੇ ਦੀ ਸਮੱਸਿਆ ਹੈ ਤਾਂ ਬੱਚਿਆਂ 'ਚ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ
ਬੱਚਿਆਂ ਦੇ ਮਨ ਅਤੇ ਸਰੀਰ 'ਤੇ ਅਸਰ
ਮੋਟਾਪੇ ਨਾਲ ਬੱਚਿਆਂ ਦਾ ਆਤਮਵਿਸ਼ਵਾਸ ਘੱਟਦਾ ਹੈ ਅਤੇ ਉਹ ਦੋਸਤਾਂ ਤੋਂ ਵੱਖ ਰਹਿਣ ਲੱਗਦੇ ਹਨ। ਟਾਈਪ 2 ਡਾਇਬਟੀਜ਼ ਨਾਲ ਦਿਲ ਦੀਆਂ ਬੀਮਾਰੀਆਂ, ਇੰਸੁਲਿਨ ਰੋਧ ਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਵੀ ਜੁੜ ਰਹੀਆਂ ਹਨ। ਲੰਮੇ ਸਮੇਂ ਤੱਕ ਖੰਡ ਵੱਧ ਖਾਣ ਨਾਲ ਗੁਰਦੇ, ਅੱਖਾਂ ਅਤੇ ਨਸਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਮੋਟਾਪੇ ਦੇ ਲੱਛਣ
- ਉਮਰ ਅਤੇ ਕੱਦ ਮੁਤਾਬਕ ਬੱਚੇ ਦਾ ਵੱਧ ਭਾਰ
- ਊਰਜਾ ਦੀ ਘਾਟ, ਜਲਦੀ ਥੱਕ ਜਾਣਾ
- ਖੇਡ-ਕੂਦ 'ਚ ਦਿਲਚਸਪੀ ਘੱਟ ਹੋਣਾ
- ਵੱਧ ਪਸੀਨਾ ਆਉਣਾ ਅਤੇ ਸਾਹ ਚੜ੍ਹਣਾ
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਟਾਈਪ 2 ਡਾਇਬਟੀਜ਼ ਦੇ ਲੱਛਣ
- ਵਾਰ-ਵਾਰ ਪਿਆਸ ਲੱਗਣਾ ਅਤੇ ਵੱਧ ਪਿਸ਼ਾਬ ਆਉਣਾ
- ਅਸਾਧਾਰਣ ਤੌਰ 'ਤੇ ਭੁੱਖ ਵੱਧਣਾ
- ਭਾਰ ਦਾ ਵੱਧਣਾ ਜਾਂ ਘਟਣਾ
- ਜ਼ਿਆਦਾ ਥਕਾਵਟ, ਕਮਜ਼ੋਰੀ
- ਅੱਖਾਂ ਦੀ ਨਜ਼ਰ ਧੁੰਦਲੀ ਹੋਣਾ
- ਛੋਟੇ ਜ਼ਖ਼ਮਾਂ ਦਾ ਜਲਦੀ ਨਾ ਭਰਨਾ
ਮਾਹਿਰਾਂ ਦੀ ਸਲਾਹ
ਮਾਹਿਰ ਮਾਤਾ-ਪਿਤਾ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹਨ। ਬੱਚਿਆਂ ਦੇ ਭੋਜਨ 'ਚ ਤਾਜ਼ੇ ਫਲ, ਸਬਜ਼ੀਆਂ ਅਤੇ ਅਨਾਜ ਸ਼ਾਮਲ ਕਰਨਾ ਲਾਜ਼ਮੀ ਹੈ। ਉਨ੍ਹਾਂ ਨੂੰ ਰੋਜ਼ਾਨਾ ਖੇਡ-ਕੂਦ ਅਤੇ ਕਸਰਤ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸਕੂਲਾਂ 'ਚ ਪੋਸ਼ਣ ਸਿੱਖਿਆ ਅਤੇ ਖੇਡਾਂ ਦੀਆਂ ਗਤੀਵਿਧੀਆਂ ਨੂੰ ਵਧਾਉਣਾ ਵੀ ਜ਼ਰੂਰੀ ਹੈ ਤਾਂ ਜੋ ਬੱਚੇ ਸਿਹਤਮੰਦ ਜੀਵਨਸ਼ੈਲੀ ਅਪਣਾ ਸਕਣ।
ਸਿਹਤਮੰਦ ਭਵਿੱਖ ਲਈ ਜ਼ਰੂਰੀ ਕਦਮ
ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀਆਂ ਆਦਤਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਬਾਹਰ ਖੇਡਣ, ਟੈਕਨਾਲੋਜੀ ਦਾ ਘੱਟ ਇਸਤੇਮਾਲ ਕਰਨ ਅਤੇ ਸਿਹਤਮੰਦ ਖਾਣਾ ਖਾਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਬੱਚਿਆਂ 'ਚ ਇਹ ਬੀਮਾਰੀਆਂ ਹੋਰ ਗੰਭੀਰ ਰੂਪ ਧਾਰ ਸਕਦੀਆਂ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8