Health Tips: ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਖ਼ੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
Saturday, Sep 02, 2023 - 05:28 PM (IST)

ਜਲੰਧਰ - ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਕਈ ਲੋਕ ਅਜਿਹੇ ਵੀ ਹਨ, ਜੋ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ। ਭਾਰ ਵਧਾਉਣ ਦੇ ਚੱਕਰ 'ਚ ਲੋਕ ਗੈਰ-ਸਿਹਤਮੰਦ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਗੈਰ-ਸਿਹਤਮੰਦ ਤਰੀਕਿਆਂ ਨਾਲ ਭਾਰ ਵਧਣ ਨਾਲ ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋ ਸਕਦੀਆਂ ਹਨ। ਅਜਿਹੇ 'ਚ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ਲਈ ਆਪਣੀ ਡਾਈਟ ਦੇ ਨਾਲ-ਨਾਲ ਆਪਣੀ ਉਮਰ ਦੇ ਹਿਸਾਬ ਨਾਲ ਕੈਲੋਰੀ ਦਾ ਸੇਵਨ ਕਰੋ। ਭਾਰ ਵਧਾਉਣ ਵਾਲੇ ਵਿਅਕਤੀ ਨੂੰ ਭਰਪੂਰ ਨੀਂਦ, ਕਸਰਤ ਦੇ ਨਾਲ-ਨਾਲ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ਲਈ ਕਿਹੜੇ ਟਿਪਸ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਕੇਲਾ ਖਾਓ
ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਖ਼ੁਰਾਕ ਵਿੱਚ ਕੇਲੇ ਦਾ ਸੇਵਨ ਜ਼ਰੂਰ ਕਰੋ। ਕੇਲਾ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਭਾਰ ਵਧਾਉਣ ਲਈ ਦੁੱਧ ਜਾਂ ਦਹੀ ਦੇ ਨਾਲ ਕੇਲਾ ਖਾਓ। ਜੇ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ਵਿੱਚ ਘੱਟੋ-ਘੱਟ 3-4 ਕੇਲੇ ਜ਼ਰੂਰ ਖਾਣੇ ਚਾਹੀਦੇ ਹਨ।
ਸੁੱਕੇ ਮੇਵੇ ਦਾ ਸੇਵਨ
ਸੁੱਕੇ ਮੇਵੇ ਭਾਰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ। ਇਸੇ ਲਈ ਇਹਨਾਂ ਨੂੰ ਆਪਣੀ ਖ਼ੁਰਾਕ 'ਚ ਜ਼ਰੂਰ ਸ਼ਾਮਲ ਕਰੋ। ਸਰੀਰ ਦਾ ਭਾਰ ਵਧਾਉਣ ਲਈ ਤੁਸੀਂ ਦੁੱਧ ਵਿੱਚ 3-4 ਬਦਾਮ, ਖਜੂਰ ਤੇ ਅੰਜੀਰ ਪਾ ਕੇ ਉਬਾਲ ਲਓ। ਇਸ ਦਾ ਰੋਜ਼ਾਨਾ ਦੁੱਧ ਨਾਲ ਸੇਵਨ ਕਰਨ 'ਤੇ ਭਾਰ ਵਧੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੁੱਧ ਨੂੰ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ।
ਸਿਹਤਮੰਦ ਨਾਸ਼ਤਾ ਕਰੋ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਭਾਰ ਘਟਾਉਣ ਲਈ ਖਾਣਾ ਛੱਡ ਦਿੰਦੇ ਹਨ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਮੇਂ ਸਿਰ ਖਾਣਾ ਖਾਓ। ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਸਿਹਤਮੰਦ ਨਾਸ਼ਤਾ ਜ਼ਰੂਰ ਕਰੋ। ਇਸ ਨਾਲ ਸਾਰਾ ਦਿਨ ਢਿੱਡ ਭਰਿਆ ਹੋਇਆ ਰਹਿੰਦਾ ਹੈ।
ਡੇਅਰੀ ਉਤਪਾਦਾਂ ਦਾ ਸੇਵਨ ਕਰੋ
ਭਾਰ ਵਧਾਉਣ ਲਈ ਆਪਣੀ ਖ਼ੁਰਾਕ 'ਚ ਡੇਅਰੀ ਉਤਪਾਦਾਂ ਨੂੰ ਸ਼ਾਮਲ ਕਰੋ। ਆਪਣੇ ਭੋਜਨ ਵਿੱਚ ਰੋਜ਼ਾਨਾ ਦੁੱਧ, ਦਹੀਂ ਅਤੇ ਪਨੀਰ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਸਰੀਰ ਦੀ ਚਰਬੀ ਵਧਣ ਅਤੇ ਭਾਰ ਵਧਣ 'ਚ ਮਦਦ ਮਿਲੇਗੀ। ਡੇਅਰੀ ਉਤਪਾਦਾਂ ਦਾ ਸੇਵਨ ਕਰਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਦੁੱਧ ਤੇ ਸ਼ਹਿਦ
ਦੁੱਧ ’ਚ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਭਾਰ ਵਧਣ ’ਚ ਮਦਦ ਮਿਲਦੀ ਹੈ। ਸ਼ਹਿਦ ’ਚ ਪੌਸ਼ਟਿਕ ਤੱਤ ਹੁੰਦੇ ਹਨ, ਜੋ ਭਾਰ ਵਧਾਉਂਦੇ ਹਨ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲ ਲਓ। ਹੁਣ ਇਸ 'ਚ 3 ਤੋਂ 4 ਚਮਚੇ ਸ਼ਹਿਦ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਭਾਰ ਵਧਣ ਦੇ ਨਾਲ-ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।