ਧਾਰਮਿਕ ਕੰਮਾਂ ਲਈ ਵਰਤਿਆ ਜਾਣ ਵਾਲਾ 'ਕਪੂਰ' ਸਰੀਰ ਦੇ ਇਨ੍ਹਾਂ ਰੋਗਾਂ ਦਾ ਕਰਦੈ ਇਲਾਜ

Wednesday, Sep 11, 2024 - 03:21 PM (IST)

ਧਾਰਮਿਕ ਕੰਮਾਂ ਲਈ ਵਰਤਿਆ ਜਾਣ ਵਾਲਾ 'ਕਪੂਰ' ਸਰੀਰ ਦੇ ਇਨ੍ਹਾਂ ਰੋਗਾਂ ਦਾ ਕਰਦੈ ਇਲਾਜ

ਜਲੰਧਰ - ਪਿਛਲੇ ਕਈ ਸਾਲਾ ਤੋਂ ਕਪੂਰ ਦੀ ਵਰਤੋਂ ਭਾਰਤ ਵਿਚ ਧਾਰਮਿਕ ਕੰਮਾਂ ਅਤੇ ਇਲਾਜ ਦੇ ਲਈ ਕੀਤੀ ਜਾ ਰਹੀ ਹੈ। ਆਯੁਰਵੇਦ ਮੁਤਾਬਕ ਕਪੂਰ ਜਲਾਉਣ ਨਾਲ ਮਨ ਤੇ ਸਰੀਰ ਦੋਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਕਿਉਂਕਿ ਕਪੂਰ ਸਿਨਾਮੋਨਮ ਕੈਂਫੋਰਾ ਨਾਂ ਦੇ ਬੂਟੇ ਤੋਂ ਸਫੈਦ ਮੋਮ ਦੇ ਰੂਪ 'ਚ ਪ੍ਰਾਪਤ ਹੁੰਦਾ ਹੈ। ਕਪੂਰ 'ਚ ਐਂਟੀਸੈਪਟਿਕ, ਐਨੇਸਥੈਟਿਕ, ਐਂਟੀਸਪਾਸਮੋਡਿਕ, ਇਨਫਲਾਮੇਟਰੀ ਤੇ ਐਂਟੀਨੈਰਲਗਿਕ ਗੁਣ ਪਾਏ ਜਾਂਦੇ ਹਨ। ਕਪੂਰ ਕੀਟਨਾਸ਼ਕਾਂ ਦੇ ਤੌਰ ’ਤੇ ਵੀ ਵਰਤਿਆ ਜਾਂਦਾ ਹੈ, ਕਿਉਂਕਿ ਇਹ ਅਸਰਦਾਰ ਢੰਗ ਨਾਲ ਕੀੜਿਆਂ ਨੂੰ ਮਾਰਦਾ ਹੈ ਅਤੇ ਡੇਂਗੂ-ਮਲੇਰੀਆ ਵਰਗੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾ ਕੇ ਰੱਖਦਾ ਹੈ। ਇਹ ਬਲਾਕ, ਟੈਬਲੇਟਸ, ਤੇਲ ਤੇ ਪਾਊਡਰ ਦੇ ਰੂਪ 'ਚ ਬਾਜ਼ਾਰ ’ਚੋਂ ਮਿਲ ਜਾਂਦਾ ਹੈ। ਇਸ ਦੀ ਵਰਤੋਂ ਬੰਦ ਨੱਕ, ਸਕਿਨ ਐਲਰਜੀ, ਖਾਰਿਸ਼, ਜੋੜਾਂ, ਮਾਸਪੇਸ਼ੀਆਂ ਦੇ ਦਰਦ, ਮਾਮੂਲੀ ਸੱਟ ਅਤੇ ਸੜ ਜਾਣ ’ਤੇ ਇਲਾਜ ਦੇ ਤੌਰ ’ਤੇ ਕੀਤੀ ਜਾਂਦੀ ਹੈ। ਕਪੂਰ ਦੇ ਤੇਲ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। 

1. ਮਜ਼ਬੂਤ ਵਾਲ 
ਜੇਕਰ ਤੁਸੀਂ ਵਾਲਾਂ ਦੇ ਝੜਨ ਅਤੇ ਸਿਕਰੀ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਦੇ ਤੇਲ 'ਚ ਕਪੂਰ ਪਾ ਕੇ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਨਾਰੀਅਲ ਤੇਲ ਉਂਝ ਵੀ ਵਾਲ ਝੜਨ ਅਤੇ ਡੈਂਡ੍ਰਫ ਨੂੰ ਰੋਕਦਾ ਹੈ। ਇਹ ਬੈਸਟ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ।

2. ਜੋੜਾਂ ਦੇ ਦਰਦ ਤੋਂ ਰਾਹਤ
ਜੋੜਾਂ ਤੇ ਮਾਸਪੇਸ਼ੀਆਂ 'ਚ ਦਰਦ ਅਤੇ ਜਕੜਨ ਹੋਣ 'ਤੇ ਵੀ ਕਪੂਰ ਦੀ ਮਦਦ ਲਈ ਜਾ ਸਕਦੀ ਹੈ। ਹਲਕੇ ਕੋਸੇ ਤਿਲ ਦੇ ਤੇਲ 'ਚ ਕਪੂਰ ਦੀ ਟਿੱਕੀ ਮਿਕਸ ਕਰ ਕੇ ਮਸਾਜ ਕਰਨ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ। 

3. ਗੰਜੇਪਣ ਦੀ ਸਮੱਸਿਆ 'ਚ ਰਾਹਤ
ਮੁੰਡਾ ਹੋਵੇ ਜਾਂ ਕੁੜੀ, ਹਰ ਕਿਸੇ ਨੂੰ ਆਪਣੇ ਵਾਲ਼ਾਂ ਨਾਲ ਪਿਆਰ ਹੁੰਦਾ ਹੈ। ਅਜਿਹੇ ਵਿਚ ਵਾਲ਼ਾਂ ਦਾ ਝੜਨਾ ਅਤੇ ਸਿਕਰੀ ਹੋਣੀ ਆਮ ਗੱਲ ਹੈ, ਜਿਸ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ। ਅਜਿਹੀ ਹਾਲਤ ’ਚ ਗੰਜੇਪਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਲਈ ਕਪੂਰ ਦੇ ਤੇਲ ’ਚ ਜੈਤੂਨ ਜਾਂ ਨਾਰੀਅਲ ਤੇਲ ਮਿਕਸ ਕਰਕੇ ਰੂੰ ਨਾਲ ਆਪਣੇ ਵਾਲ਼ਾਂ 'ਚ ਲਗਾਓ। ਇਸ ਵਿਚ ਕੁਝ ਬੂੰਦਾਂ ਕਪੂਰ ਅਸੈਂਸ਼ੀਅਲ ਆਇਲ ਦੀਆਂ ਵੀ ਤੁਸੀਂ ਮਿਲਾ ਸਕਦੇ ਹੋ, ਜਿਸ ਨਾਲ ਗੰਜੇਪਣ ਦੀ ਸਮੱਸਿਆ ਘੱਟ ਹੋ ਜਾਵੇਗੀ। 

4. ਮੁਹਾਸਿਆਂ ਦੀ ਕਰੇ ਛੁੱਟੀ
ਕਪੂਰ ਪੋਰਸ ਨੂੰ ਸਾਫ ਅਤੇ ਟਾਈਟ ਕਰਨ ਦਾ ਕੰਮ ਕਰਦਾ ਹੈ। ਇਹ ਆਇਲੀ ਸਕਿਨ ਨਾਲ ਹੋਣ ਵਾਲੇ ਮੁਹਾਸਿਆਂ ਤੋਂ ਛੁਟਕਾਰਾ ਦਿਵਾਉਣ ਵਿਚ ਕਾਫੀ ਫਾਇਦੇਮੰਦ ਹੁੰਦਾ ਹੈ। ਟੀ ਟ੍ਰੀ ਆਇਲ ਤੇ ਕਪੂਰ ਦੇ ਤੇਲ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਰੂੰ ਦੀ ਮਦਦ ਨਾਲ ਮੁਹਾਸਿਆਂ 'ਤੇ ਲਗਾਓ। ਅਜਿਹਾ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਅਤੇ ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਹ ਪਿੰਪਲਸ ਤੇ ਦਾਗ-ਧੱਬਿਆਂ ਨੂੰ ਹਟਾਉਣ 'ਚ ਤੁਹਾਡੀ ਮਦਦ ਕਰਦਾ ਹੈ। 

5. ਮੱਛਰ-ਮੱਖੀਆਂ ਭਜਾਉਣ 'ਚ ਇਸਤੇਮਾਲ
ਘਰ ਵਿਚ ਕੀੜਿਆਂ-ਮਕੌੜਿਆਂ ਤੋਂ ਛੁਟਕਾਰਾ ਪਾਉਣ ਲਈ ਕਪੂਰ ਦੀਆਂ ਟਿੱਕੀਆਂ ਜਲਾਓ। ਇਹ ਮੱਛਰ-ਮੱਖੀਆਂ ਤੇ ਕਾਕਰੋਚਿਜ਼ ਨੂੰ ਕੋਨੇ-ਕੋਨੇ 'ਚੋਂ ਬਾਹਰ ਕੱਢ ਦੇਵੇਗਾ।

6. ਜ਼ਖਮੀ ਤੇ ਸੜੀ ਹੋਈ ਚਮੜੀ ਲਈ ਫਾਇਦੇਮੰਦ
ਹਲਕੀ ਸੜੀ ਹੋਈ ਚਮੜੀ ਜਾਂ ਸੱਟਾਂ ਦੇ ਇਲਾਜ 'ਚ ਕਪੂਰ ਦੀ ਵਰਤੋਂ ਕਰਨੀ ਕਾਫੀ ਫਾਇਦੇਮੰਦ ਹੈ। ਇਹ ਸੱਟ ਦੇ ਨਿਸ਼ਾਨ ਨੂੰ ਘੱਟ ਕਰਦਾ ਹੈ। ਕਪੂਰ ਦਾ ਤੇਲ ਨਾੜੀ ਨੂੰ ਉਤੇਜਿਤ ਕਰਦਾ ਹੈ, ਜੋ ਚਮੜੀ ਨੂੰ ਠੰਡਕ ਪਹੁੰਚਾਉਂਦਾ ਹੈ। 1 ਕੱਪ ਨਾਰੀਅਲ ਤੇਲ 'ਚ 2 ਕਿਊਬ ਕਪੂਰ ਦੇ ਪਾ ਕੇ ਪ੍ਰਭਾਵਿਤ ਥਾਂ 'ਤੇ ਲਗਾਓ। ਅਜਿਹਾ ਦਿਨ 'ਚ ਦੋ ਵਾਰ ਕਰਨ ਨਾਲ ਫਾਇਦਾ ਹੁੰਦਾ ਹੈ।

7. ਚਮੜੀ ਦੀ ਖਾਰਸ਼ 
ਜੇਕਰ ਤੁਸੀਂ ਚਮੜੀ ਦੀ ਖਾਰਸ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਕਪੂਰ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੇਲ ਰੋਮ-ਛੇਦਾਂ ਵਿਚ ਜਾ ਕੇ ਚਮੜੀ ’ਤੇ ਹੋਣ ਵਾਲੀ ਖਾਰਸ਼ ਤੋਂ ਤੁਰੰਤ ਰਾਹਤ ਦਿਵਾਉਂਦਾ ਹੈ। ਇਕ ਕੱਪ ਨਾਰੀਅਲ ਤੇਲ 'ਚ 1 ਕਪੂਰ ਦੀ ਟਿੱਕੀ ਹੀ ਮਿਲਾ ਕੇ ਲਗਾਓ।

8. ਸਰਦੀ-ਜ਼ੁਕਾਮ
ਸਰਦੀ-ਜ਼ੁਕਾਮ, ਬੰਦ ਨੱਕ ਅਤੇ ਛਾਤੀ ਜਾਮ ਹੋਣ ਤੋਂ ਰਾਹਤ ਪਾਉਣ ਲਈ ਕਪੂਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਪੂਰ ’ਚ ਤੇਜ਼ ਗੰਧ ਭਰੇ ਨੱਕੇ ਅਤੇ ਸਾਹ ਨਲੀ ਨੂੰ ਖੋਲ੍ਹਦੀ ਹੈ। ਕਿਸੇ ਵੀ ਮਿੱਠੇ ਤੇਲ (ਬਾਦਾਮ, ਜੈਤੂਨ) ਵਿਚ ਬਰਾਬਰ ਮਾਤਰਾ ਵਿਚ ਕਪੂਰ ਤੇਲ ਮਿਕਸ ਕਰ ਕੇ ਚੈਸਟ ਮਸਾਜ ਕਰੋ।


author

Tarsem Singh

Content Editor

Related News