ਅਪੀਲ ਰੱਦ ਹੋਣ ਤੋਂ ਬਾਅਦ ਵਿਨੇਸ਼ ਦਾ ਛਲਕਿਆ ਦਰਦ, ਕਿਹਾ- ''ਮੇਰੇ ਅੰਦਰ ਲੜਾਈ ਤੇ ਕੁਸ਼ਤੀ ਹਮੇਸ਼ਾ ਰਹੇਗੀ...''
Friday, Aug 16, 2024 - 10:33 PM (IST)
ਸਪੋਰਟਸ ਡੈਸਕ- ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਆਪਣੀ ਪੋਸਟ ਰਾਹੀਂ ਦੁੱਖ ਅਤੇ ਸੰਘਰਸ਼ ਦਾ ਪ੍ਰਗਟਾਵਾ ਕੀਤਾ। ਵਿਨੇਸ਼ ਦਾ ਭਾਰ 100 ਗ੍ਰਾਮ ਵਧ ਗਿਆ ਸੀ, ਜਿਸ ਕਾਰਨ ਉਹ ਗੋਲਡ ਲਈ ਫਾਈਨਲ ਨਹੀਂ ਲੜ ਸਕੀ। ਫੋਗਾਟ ਨੇ ਪੋਸਟ 'ਚ ਆਪਣੀ ਜਰਨੀ, ਆਪਣੇ ਅਨਿਸ਼ਚਿਤ ਭਵਿੱਖ ਅਤੇ 2032 ਦੇ ਸੰਭਾਵਿਤ ਟੀਚੇ ਦਾ ਜ਼ਿਕਰ ਕਰਦੇ ਹੋਏ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ। ਵਿਨੇਸ਼ ਨੇ ਪੈਰਿਸ ਓਲੰਪਿਕ 2024 ਤੱਕ ਉਸ ਦੇ ਸਫ਼ਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
ਆਪਣੀ ਪੋਸਟ ਵਿੱਚ ਵਿਨੇਸ਼ ਨੇ ਆਪਣੇ ਸ਼ੁਰੂਆਤੀ ਸੁਪਨਿਆਂ, ਪਿਤਾ ਦੀਆਂ ਉਮੀਦਾਂ ਅਤੇ ਮਾਂ ਦੇ ਸੰਘਰਸ਼ ਨੂੰ ਯਾਦ ਕੀਤਾ। ਆਪਣੇ ਪਤੀ ਸੋਮਵੀਰ ਨੂੰ ਹਰ ਉਤਰਾਅ-ਚੜ੍ਹਾਅ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਦਾ ਸਿਹਰਾ ਦਿੱਤਾ।
ਮਹਿਲਾ ਪਹਿਲਵਾਨ ਨੇ ਪੋਸਟ ਦੇ ਆਖਰੀ ਹਿੱਸੇ 'ਚ ਲਿਖਿਆ, 'ਹੋ ਸਕਦਾ ਹੈ ਕਿ ਵੱਖ-ਵੱਖ ਹਾਲਾਤਾਂ 'ਚ ਮੈਂ 2032 ਤੱਕ ਆਪਣੇ ਆਪ ਨੂੰ ਖੇਡਦੇ ਹੋਏ ਦੇਖ ਸਕਾਂ ਕਿਉਂਕਿ ਮੇਰੇ ਅੰਦਰ ਲੜਾਈ ਅਤੇ ਕੁਸ਼ਤੀ ਹਮੇਸ਼ਾ ਰਹੇਗੀ। ਮੈਂ ਭਵਿੱਖਬਾਣੀ ਨਹੀਂ ਕਰ ਸਕਦੀ ਹਾਂ ਕਿ ਭਵਿੱਖ ਵਿੱਚ ਮੇਰੇ ਲਈ ਕੀ ਹੈ ਅਤੇ ਇਸ ਯਾਤਰਾ ਵਿੱਚ ਅੱਗੇ ਕੀ ਹੋਵੇਗਾ ਪਰ ਮੈਨੂੰ ਯਕੀਨ ਹੈ ਕਿ ਮੈਂ ਹਮੇਸ਼ਾ ਉਸ ਚੀਜ਼ ਲਈ ਲੜਦੀ ਰਹਾਂਗੀ ਜਿਸ 'ਤੇ ਮੇਰਾ ਵਿਸ਼ਵਾਸ ਹੈ ਅਤੇ ਜੋ ਸਹੀ ਹੈ।
ਬੁੱਧਵਾਰ ਨੂੰ ਭਾਰਤੀ ਓਲੰਪਿਕ ਸੰਘ (IOA) ਨੇ ਘੋਸ਼ਣਾ ਕੀਤੀ ਕਿ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਨੇ ਵਿਨੇਸ਼ ਫੋਗਾਟ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਉਸ ਦੀਆਂ ਸਿਲਵਰ ਮੈਡਲ ਦੀਆਂ ਉਮੀਦਾਂ ਵੀ ਟੁੱਟ ਗਈਆਂ।
7 ਅਗਸਤ ਦੀ ਸਵੇਰ ਨੂੰ ਸਾਰਾ ਐੱਨ ਹਿਲਡੇਬ੍ਰਾਂਟ ਦੇ ਖਿਲਾਫ ਆਪਣੇ ਇਤਿਹਾਸਕ ਗੋਲਡ ਮੈਡਲ ਮੈਚ ਤੋਂ ਠੀਕ ਪਹਿਲਾਂ, ਵਜ਼ਨ ਤੋਲਨ ਦੌਰਾਨ ਉਨ੍ਹਾਂ ਦਾ ਵਜ਼ਨ 100 ਗ੍ਰਾਮ ਵੱਧ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਵਿਨੇਸ਼ ਫੋਗਾਟ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। UWW ਨਿਯਮਾਂ ਦੇ ਅਨੁਸਾਰ, ਕੋਈ ਵੀ ਪਹਿਲਵਾਨ ਜੋ ਮੁਕਾਬਲੇ ਦੇ ਕਿਸੇ ਵੀ ਪੜਾਅ ਦੌਰਾਨ ਭਾਰ ਮਾਪਣ ਵਿੱਚ ਅਸਫਲ ਰਹਿੰਦਾ ਹੈ, ਉਸ ਨੂੰ ਤੁਰੰਤ ਅਯੋਗ ਕਰ ਦਿੱਤਾ ਜਾਂਦਾ ਹੈ ਅਤੇ ਉਸਦੀਆਂ ਪਿਛਲੀਆਂ ਸਾਰੀਆਂ ਜਿੱਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ।