ਹਰਿਆਣਾ ''ਚ ਟਮਾਟਰਾਂ ਦੇ ਉਤਪਾਦਕਾਂ ਨੂੰ ਹੋਇਆ ਘਾਟਾ, ਥੋਕ ਮੁੱਲ 5 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਡਿੱਗਿਆ

Monday, May 15, 2023 - 12:16 PM (IST)

ਹਰਿਆਣਾ ''ਚ ਟਮਾਟਰਾਂ ਦੇ ਉਤਪਾਦਕਾਂ ਨੂੰ ਹੋਇਆ ਘਾਟਾ, ਥੋਕ ਮੁੱਲ 5 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਡਿੱਗਿਆ

ਨਵੀਂ ਦਿੱਲੀ - ਇਸ ਸਾਲ ਟਮਾਟਰਾਂ ਦੇ ਉਤਪਾਦਕਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਟਮਾਟਰਾਂ ਦਾ ਥੋਕ ਮੁੱਲ 5 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਡਿੱਗ ਗਿਆ ਹੈ। ਇਸ ਸਬੰਧ ਵਿੱਚ ਟਮਾਟਰਾਂ ਦੇ ਉਤਪਾਦਕਾਂ ਨੇ ਦੱਸਿਆ ਕਿ ਇਸ ਵਾਰ ਵਪਾਰੀ ਉਨ੍ਹਾਂ ਦੇ ਟਮਾਟਰ ਖਰੀਦਣ ਵਿੱਚ ਦਿਲਚਸਪੀ ਨਹੀਂ ਵਿਖਾ ਰਹੇ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲ ਦਿੱਲੀ, ਦੇਹਰਾਦੂਨ, ਸਹਾਰਨਪੁਰ, ਚੰਡੀਗੜ੍ਹ, ਹਰਿਦੁਆਰ ਅਤੇ ਗੁਆਂਢੀ ਰਾਜਾਂ ਦੇ ਹੋਰ ਸ਼ਹਿਰਾਂ ਵਿੱਚ ਮਹਿੰਗੇ ਭਾਅ ਵੇਚਣ ਲਈ ਮਜਬੂਰ ਹੋ ਰਹੇ ਹਨ।

ਦੇਸ਼ ਦੇ ਟਮਾਟਰ ਦੇ ਉਤਪਾਦਨ ਵਿੱਚ ਹਰਿਆਣਾ ਦਾ ਯੋਗਦਾਨ ਲਗਭਗ 3.60% ਹੈ। ਰਾਜ ਦੇ ਬਾਗਬਾਨੀ ਵਿਭਾਗ ਦੇ ਅੰਕੜਿਆਂ ਅਨੁਸਾਰ, ਰਾਜ ਨੇ ਪਿਛਲੇ ਸਾਲ 22,000 ਹੈਕਟੇਅਰ ਦੇ ਮੁਕਾਬਲੇ ਲਗਭਗ 30,000 ਹੈਕਟੇਅਰ ਵਿੱਚ ਟਮਾਟਰ ਦੀ ਕਾਸ਼ਤ ਕੀਤੀ ਹੈ।ਟਮਾਟਰ ਉੱਤਰੀ ਜ਼ਿਲ੍ਹਿਆਂ ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ ਅਤੇ ਅੰਬਾਲਾ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ 'ਤੇ ਉਗਾਇਆ ਜਾਂਦਾ ਹੈ। ਪਿਛਲੇ ਸਾਲ ਟਮਾਟਰ ਦੀ ਕੀਮਤ 800 ਰੁਪਏ ਪ੍ਰਤੀ ਕਰੇਟ ਤੱਕ ਪਹੁੰਚਣ ਕਾਰਨ ਕਿਸਾਨਾਂ ਨੇ ਬਹੁਤ ਜ਼ਿਆਦਾ ਮੁਨਾਫਾ ਕਮਾਇਆ ਸੀ। 

ਦੱਸ ਦੇਈਏ ਕਿ ਟਮਾਟਰਾਂ ਦਾ ਭਾਅ ਪਿਛਲੇ ਸਾਲ ਔਸਤਨ 600 ਤੋਂ 800 ਰੁਪਏ ਪ੍ਰਤੀ ਕਰੇਟ (25 ਕਿਲੋ) ਦੇ ਮੁਕਾਬਲੇ 100 ਤੋਂ 150 ਰੁਪਏ ਪ੍ਰਤੀ ਕਰੇਟ ਰਹਿ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਤਪਾਦ ਨੂੰ ਦਿੱਲੀ ਅਤੇ ਹੋਰ ਸ਼ਹਿਰਾਂ ਤੱਕ ਪਹੁੰਚਾਉਣ 'ਤੇ 60 ਰੁਪਏ ਪ੍ਰਤੀ ਕਰੇਟ ਦਾ ਖ਼ਰਚ ਆਉਂਦਾ ਹੈ, ਜਿਸ ਵਿੱਚ ਵਾਢੀ, ਢੋਆ-ਢੁਆਈ ਅਤੇ ਮੰਡੀ ਦੇ ਸਾਰੇ ਖ਼ਰਚੇ ਸ਼ਾਮਲ ਹਨ। ਕਿਸਾਨਾਂ ਨੇ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਅਚਾਨਕ ਆਈ ਗਿਰਾਵਟ ਤੋਂ ਕਿਸਾਨਾਂ ਨੂੰ ਬਚਾਉਣ ਲਈ ਹਰਿਆਣਾ ਵਿੱਚ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਾਵੰਤਰ ਭਾਰਪਾਈ ਯੋਜਨਾ (ਕੀਮਤ ਮੁਆਵਜ਼ਾ ਯੋਜਨਾ) ਕਿਸਾਨਾਂ ਨੂੰ ਵੱਡੀ ਰਾਹਤ ਦੇਵੇਗੀ।

ਟਮਾਟਰਾਂ ਦੇ ਉਤਪਾਦਕਾਂ ਨੇ ਦੱਸਿਆ ਕਿ ਇਸ ਲਾਗਤ ਨਾਲ ਉਹ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖ਼ਰਚਾ ਵੀ ਨਹੀਂ ਕਮਾ ਰਹੇ। ਜਿਹੜੇ ਕਿਸਾਨਾਂ ਨੇ ਟਮਾਟਰਾਂ ਦੀ ਖੇਤੀ ਕਰਨ ਲਈ 30 ਹਜ਼ਾਰ ਤੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਕਿਰਾਏ 'ਤੇ ਲਈ ਸੀ, ਉਨ੍ਹਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਟਮਾਟਰ ਦੀ ਪ੍ਰਚੂਨ ਕੀਮਤ ਵੀ ਪਿਛਲੇ ਮਹੀਨੇ 25 ਰੁਪਏ ਤੋਂ ਘੱਟ ਕੇ 10 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ। ਉਤਪਾਦਕਾਂ ਨੇ ਦੱਸਿਆ ਕਿ ਫ਼ਸਲ 'ਤੇ ਵਾਰ-ਵਾਰ ਕੀੜਿਆਂ ਦੇ ਹੋ ਰਹੇ ਹਮਲੇ ਕਾਰਨ ਲਾਗਤ ਵੀ ਵੱਧ ਗਈ ਹੈ, ਕਿਉਂਕਿ ਉਨ੍ਹਾਂ ਨੂੰ ਫ਼ਸਲ ਦੀ ਰਾਖੀ ਲਈ ਕੀਟਨਾਸ਼ਕਾਂ 'ਤੇ ਪੈਸੇ ਖ਼ਰਚਣੇ ਪੈਂਦੇ ਹਨ। 
 


author

rajwinder kaur

Content Editor

Related News