ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਸ਼ੋਅ ''ਚ ਹੋ ਗਿਆ ਹੰਗਾਮਾ ! ਸ਼ਰੇਆਮ ਮਿਲੀ ਗੋਲੀ ਮਾਰਨ ਦੀ ਧਮਕੀ
Tuesday, Oct 14, 2025 - 10:56 AM (IST)

ਐਂਟਰਟੇਨਮੈਂਟ ਡੈਸਕ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਬਦਸਲੂਕੀ ਅਤੇ ਗੋਲੀ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 12 ਅਕਤੂਬਰ ਨੂੰ ਜਸ਼ਨ ਰਿਜ਼ੌਰਟ 'ਚ ਹੋਈ, ਜਿੱਥੇ ਸਪਨਾ ਚੌਧਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪ੍ਰੋਗਰਾਮ ਦੌਰਾਨ ਭਾਰੀ ਭੀੜ ਅਤੇ ਹੰਗਾਮੇ ਕਾਰਨ ਉਨ੍ਹਾਂ ਨੇ ਢਾਈ ਘੰਟਿਆਂ ਦੀ ਬਜਾਏ ਸਿਰਫ਼ ਇਕ ਘੰਟੇ 'ਚ ਹੀ ਪ੍ਰੋਗਰਾਮ ਖ਼ਤਮ ਕਰ ਦਿੱਤਾ।
ਰਿਜ਼ੌਰਟ ਮਾਲਕ ਦੀ ਸ਼ਿਕਾਇਤ 'ਤੇ ਦਰਜ ਹੋਈ FIR
ਰਿਜ਼ੌਰਟ ਦੇ ਮਾਲਕ ਕਰਨਦੀਪ ਸਿੰਘ ਦੀ ਸ਼ਿਕਾਇਤ 'ਤੇ ਸਿਟੀ ਕੋਤਵਾਲੀ ਪੁਲਸ ਨੇ ਅਮਿਤ ਨਵਰੰਗਲਾਲ ਅਗਰਵਾਲ, ਅਨਿਲ ਦਿਵੇਦੀ, ਯੁਗਲ ਸ਼ਰਮਾ ਅਤੇ ਸੁਜਲ ਅਗਰਵਾਲ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਸ਼ਿਕਾਇਤ ਮੁਤਾਬਕ, ਇਹ ਚਾਰੇ ਵਿਅਕਤੀ ਰਾਤ ਦੇ ਸਮੇਂ ਸਪਨਾ ਚੌਧਰੀ ਦੇ ਕਮਰੇ ਤੱਕ ਪਹੁੰਚੇ, ਦਰਵਾਜ਼ਾ ਤੋੜਣ ਦੀ ਕੋਸ਼ਿਸ਼ ਕੀਤੀ, ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਜ਼ੌਰਟ 'ਚ ਭੰਨ-ਤੋੜ ਕੀਤੀ, ਸੀਸੀਟੀਵੀ ਦਾ ਡੀਵੀਆਰ ਅਤੇ 10 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ; ਮਸ਼ਹੂਰ ਸਟੇਜ ਡਾਂਸਰ ਦਾ ਗੋਲੀ ਮਾਰ ਕੇ ਕਤਲ
ਦੂਜੇ ਪਾਸੇ ਤੋਂ ਵੀ ਦਰਜ ਹੋਈ ਸ਼ਿਕਾਇਤ
ਦੂਜੇ ਪੱਖ ਦੇ ਅਨਿਲ ਦਿਵੇਦੀ ਨੇ ਵੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਸਪਨਾ ਚੌਧਰੀ ਨੂੰ ਸਫਲ ਪ੍ਰੋਗਰਾਮ ਦੀ ਵਧਾਈ ਦੇਣ ਗਏ, ਉਦੋਂ ਰਿਜ਼ੌਰਟ ਕਰਮਚਾਰੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਗਲੇ ਤੋਂ ਪੰਜ ਤੋਲੇ ਦੀ ਸੋਨੇ ਦੀ ਚੇਨ ਲੁੱਟ ਲਈ।
ਪੁਲਸ ਨੇ ਦੋਵੇਂ ਪੱਖਾਂ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕੀਤੀ
ਐਡੀਸ਼ਨਲ ਐੱਸਪੀ ਨਿਤੀਸ਼ ਠਾਕੁਰ ਨੇ ਦੱਸਿਆ ਕਿ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ 'ਤੇ ਕੁੱਟਮਾਰ, ਭੰਨ-ਤੋੜ ਅਤੇ ਲੁੱਟਖੋਹ ਦੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਸਪਨਾ ਚੌਧਰੀ ਨੇ ਕਿਹਾ- ਪੁਲਸ ਤੇ ਮਾਲਕ ਨਾ ਹੁੰਦੇ ਤਾਂ ਜਾਨ ਜਾਂਦੀ
ਦੂਜੇ ਪਾਸੇ ਸਪਨਾ ਚੌਧਰੀ ਨੇ ਪੁਲਸ ਅਤੇ ਮੀਡੀਆ ਨੂੰ ਭੇਜੇ ਪੱਤਰ 'ਚ ਕਿਹਾ ਹੈ ਕਿ ਜੇ ਪੁਲਸ ਅਤੇ ਰਿਜ਼ੌਰਟ ਮਾਲਕ ਕਰਨਦੀਪ ਸਿੰਘ ਸਮੇਂ 'ਤੇ ਮਦਦ ਨਾ ਕਰਦੇ, ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8