ਖੇਤੀ ਕਾਨੂੰਨ ''ਹਰ ਕਿਸਾਨ ਦੀ ਆਤਮਾ ''ਤੇ ਹਮਲਾ'' ਹੈ : ਰਾਹੁਲ ਗਾਂਧੀ
Saturday, Oct 17, 2020 - 05:12 PM (IST)
ਚੰਡੀਗੜ੍ਹ/ਹਰਿਆਣਾ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ 'ਤੇ ਹਮਲਾ ਜਾਰੀ ਰੱਖਿਆ ਅਤੇ ਦਾਅਵਾ ਕੀਤਾ ਕਿ ਇਹ ਕਾਨੂੰਨ ਹਰ ਕਿਸਾਨ ਦੀ ਆਤਮਾ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਨੇ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕੀਤਾ। ਇਹ ਤਿੰਨੋਂ ਕਾਨੂੰਨ ਇਸ ਦੇਸ਼ ਦੇ ਹਰ ਕਿਸਾਨ ਦੀ ਆਤਮਾ 'ਤੇ ਹਮਲਾ ਹੈ, ਇਹ ਕਿਸਾਨਾਂ ਦੇ ਖੂਨ-ਪਸੀਨੇ 'ਤੇ ਹਮਲਾ ਹੈ। ਰਾਹੁਲ ਨੇ ਪੰਜਾਬ ਅਤੇ ਹਰਿਆਣਾ ਦੀ ਆਪਣੀ ਹਾਲ ਹੀ ਦੀ ਯਾਤਰਾ ਦੌਰਾਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀਆਂ 'ਟਰੈਕਟਰ ਰੈਲੀਆਂ' ਦਾ ਜ਼ਿਕਰ ਕੀਤਾ। ਰਾਹੁਲ ਨੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਆਇਆ। ਹਰ ਕਿਸਾਨ ਅਤੇ ਮਜ਼ਦੂਰ ਨੂੰ ਪਤਾ ਹੈ ਕਿ ਇਹ ਤਿੰਨੋਂ ਕਾਨੂੰਨ ਉਨ੍ਹਾਂ 'ਤੇ ਹਮਲਾ ਹੈ।
ਰਾਹੁਲ ਨੇ ਅੱਗੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਖੁਸ਼ ਹਨ ਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ 19 ਅਕਤੂਬਰ ਨੂੰ ਵਿਧਾਨਸਭਾ ਵਿਚ ਇਕ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਵਿਧਾਇਕ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਫ਼ੈਸਲਾ ਕਰਨਗੇ। ਪੰਜਾਬ ਵਿਚ 'ਸਮਾਰਟ ਪਿੰਡ ਮੁਹਿੰਮ' ਦੇ ਦੂਜੇ ਪੜਾਅ ਦੀ ਸ਼ੁਰੂਆਤ 'ਤੇ ਡਿਜ਼ੀਟਲ ਸੰਬੋਧਨ ਦੌਰਾਨ ਉਨ੍ਹਾਂ ਨੇ ਇਹ ਗੱਲ ਆਖੀ। ਇਸ ਮੁਹਿੰਮ ਤਹਿਤ ਕਰੀਬ 50,000 ਵੱਖ-ਵੱਖ ਵਿਕਾਸ ਕੰਮਾਂ ਲਈ 2,663 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਰਾਹੁਲ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਦੇਸ਼ ਦੀ ਨੀਂਹ (ਕਿਸਾਨਾਂ) ਨੂੰ ਕਮਜ਼ੋਰ ਕਰਾਂਗੇ, ਤਾਂ ਭਾਰਤ ਕਮਜ਼ੋਰ ਹੋ ਜਾਵੇਗਾ।
ਰਾਹੁਲ ਨੇ ਅੱਗੇ ਕਿਹਾ ਕਿ ਜੇਕਰ ਕਾਨੂੰਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤ 'ਚ ਹੈ ਤਾਂ ਸਰਕਾਰ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਇਨ੍ਹਾਂ ਨੂੰ ਪਾਸ ਕਰਾਉਣ ਤੋਂ ਪਹਿਲਾਂ ਚਰਚਾ ਕਿਉਂ ਨਹੀਂ ਹੋਣ ਦਿੱਤੀ? ਉਹ ਚਰਚਾ ਤੋਂ ਕਿਉਂ ਡਰ ਗਏ ਸਨ? ਪੂਰਾ ਦੇਸ਼ ਚਰਚਾ ਦੇਖਦਾ ਅਤੇ ਇਹ ਫ਼ੈਸਲਾ ਕਰਦਾ ਕਿ ਕੀ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹੈ। ਰਾਹੁਲ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਵਿਚ ਹਿੰਦੁਸਤਾਨ ਦੇ ਕਿਸਾਨਾਂ ਦੀ ਆਵਾਜ਼ ਦਬਾਅ ਦਿੱਤੀ ਗਈ ਹੈ। ਮੈਂ ਖੁਸ਼ ਹਾਂ ਕਿ ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਸੁਣੀ ਜਾਵੇਗੀ। ਦੱਸਣਯੋਗ ਹੈ ਕਿ ਹਾਲ ਹੀ ਵਿਚ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਖੇਤੀ ਨਾਲ ਸੰਬੰਧ 3 ਬਿਲ ਪਾਸ ਕੀਤੇ ਗਏ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਗਏ ਹਨ।