ਪੈਰਾ-ਓਲੰਪਿਕ ਖਿਡਾਰੀਆਂ ਨੂੰ ਵੀ ਆਮ ਸ਼੍ਰੇਣੀ ਦੀ ਤਰਜ ’ਤੇ ਮਿਲਣਗੀਆਂ ਨੌਕਰੀਆਂ : ਸੰਦੀਪ ਸਿੰਘ
Tuesday, Mar 09, 2021 - 04:36 PM (IST)
ਚੰਡੀਗੜ੍ਹ (ਵਾਰਤਾ) : ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੈਰ-ਓਲੰਪਿਕ ਅਤੇ ਪੈਰਾ-ਅਥਲੈਟਿਸਕ ਖਿਡਾਰੀਆਂ ਨੂੰ ਵੀ ਆਮ ਸ਼ੇ੍ਰਣੀ ਦੀ ਤਰ੍ਹਾਂ ਉਤਸ਼ਾਹ ਅਤੇ ਨੌਕਰੀਆਂ ਦੇਵੇਗੀ। ਸੰਦੀਪ ਸਿੰਘ ਨੇ ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪ੍ਰਸ਼ਨਕਾਲ ਦੌਰਾਨ ਇਕ ਸਵਾਲ ’ਤੇ ਸਦਨ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕ ਵਾਰ ਫਿਰ ਤੋਂ ਖੇਡ ਨੀਤੀ ਵਿਚ ਬਦਲਾਅ ਕੀਤਾ ਹੈ, ਜਿਸ ਨਾਲ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਹੁਣ ਪੈਰ-ਓਲੰਪਿਕ ਅਤੇ ਪੈਰਾ-ਅਥਲੈਟਿਸਕ ਲਈ ਸਮਾਨ ਰੂਪ ਨਾਲ ਲਾਗੂ ਹੋਵੇਗੀ ਅਤੇ ਇਨ੍ਹਾਂ ਸ਼ੇ੍ਰਣੀ ਦੇ ਖਿਡਾਰੀਆਂ ਨੂੰ ਉਹ ਸਭ ਸੁਵਿਧਾਵਾਂ ਮਿਲਣਗੀਆਂ ਜੋ ਆਮ ਸ਼੍ਰੇਣੀ ਦੇ ਖਿਡਾਰੀਆਂ ਨੂੰ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਦਲਾਅ ਪੈਰਾ-ਓਲੰਪਿਕ ਅਤੇ ਪੈਰਾ-ਅਥਲੈਟਿਸਕ ਖਿਡਾਰੀਆਂ ਦੇ ਖੇਡ ਨੀਤੀ ਵਿਚ ਆਮ ਸ਼੍ਰੇਣੀ ਦੇ ਸਮਾਨ ਲਾਭ ਦੇਣ ਦੀ ਬੀਤੀ 24 ਫਰਵਰੀ ਨੂੰ ਕੀਤੀ ਗਈ ਮੰਗ ਨੂੰ ਲੈ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖਿਡਾਰੀਆਂ ਦੀ ਇਸ ਮੰਗ ਨੂੰ ਤੁਰੰਤ ਸਵੀਕਾਰ ਕਰਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਹੈ। ਹੁਣ ਓਲੰਪਿਕ, ਏਸ਼ੀਆਈ ਅਤੇ ਰਾਸ਼ਟਰ ਮੰਡਲ ਵਰਗੇ ਮੁਕਾਬਲਿਆਂ ਵਿਚ ਤਮਗਾ ਜਿੱਤਣ ’ਤੇ ਇਨ੍ਹਾਂ ਖਿਡਾਰੀਆਂ ਨੂੰ ਸਾਧਾਰਨ ਸ਼੍ਰੇਣੀ ਦੀ ਤਰਜ ’ਤੇ ਪ੍ਰਥਮ ਸ਼੍ਰੇਣੀ ਦੀ ਨੌਕਰੀ ਪ੍ਰਦਾਨ ਕੀਤੀ ਜਾਵੇਗੀ।