ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਮੌਤ
Wednesday, Jan 01, 2025 - 05:53 PM (IST)
ਦੌਰਾਂਗਲਾ (ਨੰਦਾ) : ਸਰਹੱਦੀ ਖੇਤਰ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਗਾਹਲੜੀ ਤੋਂ ਸੰਦਲਪੁਰ ਨੂੰ ਜਾਂਦੇ ਹੇਟ ਦੇ ਪੁੱਲ ਦੇ ਰਸਤੇ ਵਿਚ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਤ ਅੱਠ ਵਜੇ ਦੇ ਕਰੀਬ ਇਕ ਸਰਦਾਰ ਵਿਅਕਤੀ ਜ਼ਖ਼ਮੀ ਹਾਲਤ ਵਿਚ ਸੜਕ ਕਿਨਾਰੇ ਪਿਆ ਸੀ। ਜਿਸ ਨੂੰ ਜਦੋਂ ਰਾਹਗੀਰਾਂ ਨੇ ਦੇਖਿਆ ਤਾਂ ਤੁਰੰਤ ਥਾਣਾ ਦੌਰਾਂਗਲਾ ਦੀ ਪੁਲਸ ਨੂੰ ਸੂਚਨਾ ਮਿਲਣ 'ਤੇ ਤੁਰੰਤ ਕਰਵਾਈਆਂ ਕਰਦੇ ਹੋਏ ਇੰਸਪੈਕਟਰ ਦਵਿੰਦਰ ਕੁਮਾਰ ਸ਼ਰਮਾ ਆਪਣੇ ਪੁਲਸ ਮੁਲਾਜ਼ਮਾ ਨਾਲ ਮੌਕੇ 'ਤੇ ਪਹੁੰਚੇ।
ਇਸ ਦੌਰਾਨ ਉਨ੍ਹਾਂ ਨੇ ਜ਼ਖਮੀ ਵਿਅਕਤੀ ਦੀ ਜਾਂਚ ਕੀਤੀ ਤਾਂ ਉਹ ਮ੍ਰਿਤਕ ਪਾਇਆ ਗਿਆ। ਤਲਾਸ਼ੀ ਲੈਣ 'ਤੇ ਉਸ ਦਾ ਪਛਾਣ ਪੱਤਰ ਨਹੀਂ ਮਿਲਿਆ। ਜਿਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਦੋਰਾਂਗਲਾ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।