ਘੁੰਮਣ-ਘੇਰੀਆਂ ’ਚ ਉਲਝੀ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਸੀ, ਆਸਮਾਨੀ ਚੜ੍ਹੇ ਰੇਤ-ਬੱਜਰੀ ਦੇ ਭਾਅ

Friday, Dec 02, 2022 - 05:04 PM (IST)

ਘੁੰਮਣ-ਘੇਰੀਆਂ ’ਚ ਉਲਝੀ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਸੀ, ਆਸਮਾਨੀ ਚੜ੍ਹੇ ਰੇਤ-ਬੱਜਰੀ ਦੇ ਭਾਅ

ਗੁਰਦਾਸਪੁਰ (ਜੀਤ ਮਠਾਰੂ) : ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਰੇਟਾਂ ਨੂੰ ਲੈ ਕੈ ਪਿਛਲੀਆਂ ਸਰਕਾਰਾਂ ਦੀ ਹੋਈ ਵੱਡੀ ਕਿਰਕਰੀ ਦੇ ਬਾਅਦ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨੂੰ ਸਸਤੀ ਰੇਤ-ਬੱਜਰੀ ਦਿਵਾਉਣ ਦੇ ਵੱਡੇ ਦਾਅਵੇ ਕੀਤੇ ਸਨ ਪਰ ਸਰਕਾਰ ਬਣਨ ਦੇ ਬਾਅਦ ਸੂਬੇ ਅੰਦਰ ਰੇਤ ਦੇ ਰੇਟ ਘਟਣ ਦੀ ਬਜਾਏ ਦੁੱਗਣੇ ਹੋ ਚੁੱਕੇ ਹਨ।ਸਿਤਮ ਦੀ ਗੱਲ ਇਹ ਹੈ ਕਿ ਆਸਮਾਨੀ ਚੜ੍ਹੇ ਇਨ੍ਹਾਂ ਰੇਟਾਂ ਕਾਰਨ ਜਿੱਥੇ ਲੋਕ ਤਰਾਹ-ਤਰਾਹ ਕਰ ਰਹੇ ਹਨ, ਉਥੇ ਮਿਸਤਰੀ-ਮਜ਼ਦੂਰਾਂ ਤੇ ਰੇਤ-ਸੀਮੈਂਟ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਵੱਡੀ ਮੰਦਹਾਲੀ ਦੀ ਮਾਰ ਪੈ ਰਹੀ ਹੈ। ਅਜਿਹੀ ਸਥਿਤੀ ’ਚ ਲੋਕ ਇਹ ਦਾਅਵਾ ਕਰ ਰਹੇ ਹਨ ਕਿ ਜੇਕਰ ਪੰਜਾਬ ਸਰਕਾਰ ਰੇਤ-ਬੱਜਰੀ ਦੀਆਂ ਕੀਮਤਾਂ ਘੱਟ ਕਰਨ ਵਿਚ ਅਸਫ਼ਲ ਰਹੀ ਤਾਂ ਆਗਾਮੀ ਸਮੇਂ ਵਿਚ ਇਸ ਸਰਕਾਰ ਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦੇ ਐਲਾਨ ਮਗਰੋਂ ਸੀਨੀਅਰ ਆਗੂ ਨੇ ਖੋਲ੍ਹਿਆ ਮੋਰਚਾ, ਮਚੀ ਹਲਚਲ

ਇਕੱਤਰ ਵੇਰਵਿਆਂ ਅਨੁਸਾਰ ਗੁਰਦਾਸਪੁਰ ਸ਼ਹਿਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਕਰੈਸ਼ਰ ਵਾਲੀ ਮੋਟੀ ਰੇਤ ਕਰੀਬ 6000 ਰੁਪਏ ਪ੍ਰਤੀ ਸੈਂਕੜਾ ਅਨੁਸਾਰ ਮਿਲ ਰਹੀ ਹੈ ਅਤੇ ਜਦੋਂ ਕਿ ਕੁਝ ਥਾਵਾਂ ’ਤੇ ਘਟੀਆ ਕਿਸਮ ਦੀ ਰੇਤ 5500 ਰੁਪਏ ਪ੍ਰਤੀ ਸੈਂਕੜਾ ਰੇਟ ’ਤੇ ਵਿਕ ਰਹੀ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਇਹੀ ਰੇਤ 7 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਰੇਟ ’ਤੇ ਵਿਕੀ ਸੀ। ਇਸੇ ਤਰ੍ਹਾਂ ਬਾਰੀਕ ਰੇਤ ਦਾ ਰੇਟ ਵੀ 6000 ਤੋਂ 6500 ਰੁਪਏ ਤੱਕ ਪਹੁੰਚ ਚੁੱਕਾ ਹੈ। ਬੱਜਰੀ ਵੀ ਇਸ ਮੌਕੇ 3000 ਰੁਪਏ ਪ੍ਰਤੀ ਸੈਂਕੜਾ ਤੋਂ ਜ਼ਿਆਦਾ ਰੇਟ ’ਤੇ ਵਿਕ ਰਹੀ ਹੈ। ਪਿਛਲੇ ਕਰੀਬ 6 ਮਹੀਨਿਆਂ ਤੋਂ ਰੇਤ ਦੇ ਰੇਟ ਇਸੇ ਤਰ੍ਹਾਂ ਆਸਮਾਨੀ ਚੜ੍ਹੇ ਹੋਏ ਹਨ।

ਇਹ ਵੀ ਪੜ੍ਹੋ : ਬੱਸ 'ਚ ਮਿਲੀ ਅਣਜਾਣ ਕੁੜੀ ਤੋਂ ਸ਼ੁਰੂ ਹੋਈ ਕਹਾਣੀ,ਬ੍ਰਾਜ਼ੀਲ 'ਚ ਫਸਿਆ ਪੁੱਤ, ਪਿਓ ਨੂੰ ਆਇਆ ਬ੍ਰੇਨ ਅਟੈਕ

ਸ਼ੁਰੂਆਤੀ ਦੌਰ ਵਿਚ ਲੋਕਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਪਾਲਸੀ ਲਿਆਉਣ ਦੇ ਬਾਅਦ ਰੇਤ-ਬੱਜਰੀ ਦੇ ਰੇਟ ਜ਼ਰੂਰ ਘੱਟ ਹੋਣਗੇ ਪਰ ਇਹ ਮਾਮਲਾ ਵਿਭਾਗੀ ਅਤੇ ਅਦਾਲਤੀ ਘੁੰਮਣ ਘੇਰੀਆਂ ’ਚ ਅਜਿਹਾ ਉਲਝਿਆ ਹੈ ਕਿ ਉਸ ਨੇ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਲੋਕਾਂ ਦੇ ਸਾਰੇ ਬਜਟ ਹੀ ਉਲਝਾ ਕੇ ਰੱਖ ਦਿੱਤੇ ਹਨ। ਪਿਛਲੇ ਕੁਝ ਮਹੀਨੇ ਲੋਕਾਂ ਨੇ ਇਮਾਰਤਾਂ ਦੀ ਉਸਾਰੀ ਦੇ ਕੰਮ ਇਸ ਉਡੀਕ ਵਿਚ ਬੰਦ ਰੱਖੇ ਸਨ ਕਿ ਸਰਕਾਰ ਵੱਲੋਂ ਰੇਤ-ਬੱਜਰੀ ਦੇ ਰੇਟ ਘੱਟ ਕਰਨ ਦੇ ਬਾਅਦ ਹੀ ਉਹ ਕੰਮ ਕਰਨਗੇ। ਇਸ ਕਾਰਨ ਉਸਾਰੀ ਦੇ ਕੰਮ ਠੱਪ ਹੋਣ ਕਾਰਨ ਮਿਸਤਰੀ ਮਜ਼ਦੂਰ ਅਤੇ ਠੇਕੇਦਾਰਾਂ ਨੂੰ ਵੀ ਵੱਡੀ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ।


author

Harnek Seechewal

Content Editor

Related News