ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਨੇ ਕੇਜਰੀਵਾਲ ਤੇ CM ਮਾਨ ''ਤੇ ਕਸੇ ਤੰਜ

Monday, Oct 10, 2022 - 10:02 PM (IST)

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਨੇ ਕੇਜਰੀਵਾਲ ਤੇ CM ਮਾਨ ''ਤੇ ਕਸੇ ਤੰਜ

ਗੁਰਦਾਸਪੁਰ (ਜੀਤ ਮਠਾਰੂ): ਅੱਜ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਿਵਾਸ ਸਥਾਨ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਨੂੰ ਤਿੱਖੇ ਰਗੜੇ ਲਗਾਏ ਹਨ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਵੀ ਮੌਜੂਦ ਸਨ। ਬਾਜਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸਰਕਾਰ ਬਣਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਸੂਚਨਾ ਦੇਣ ਲਈ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਨੂੰ ਰਿਚਾਰਜ ਕਰਨ ਲਈ ਵੀ ਪੈਸੇ ਨਹੀਂ ਹਨ ਅਤੇ ਇਹ ਗੱਲ ਖ਼ੁਦ ਮੁੱਖ ਮੰਤਰੀ ਨੇ ਗੁਜਰਾਤ ਦੇ ਚੋਣ ਪ੍ਰਚਾਰ ਦੌਰਾਨ ਮੰਨੀ ਹੈ।

ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਪਰਾਲੀ ਪ੍ਰਬੰਧਨ ਬਾਰੇ ਪੰਜਾਬ ਦੇ ਉੱਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਸਮੀਖਿਆ ਮੀਟਿੰਗ

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਕੋਲ ਫੋਨ ਰਿਚਾਰਜ ਕਰਨ ਦੇ ਪੈਸੇ ਨਹੀਂ ਹਨ ਪਰ ਕੇਜਰੀਵਾਲ ਨੂੰ ਘੁਮਾਉਣ ਲਈ ਪੰਜਾਬ ਦਾ ਸਰਕਾਰੀ ਖ਼ਜ਼ਾਨੇ ਦਾ 45 ਲੱਖ ਰੁਪਇਆ ਹੈਲੀਕਾਪਟਰ 'ਤੇ ਉਡਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਬਹੁਤ ਵੱਡੇ ਵੱਡੇ ਝੂਠ ਬੋਲਦੇ ਹਨ। ਬਾਜਵਾ ਨੇ ਕਿਹਾ ਉਨ੍ਹਾਂ ਨੇ ਅਪ੍ਰੈਲ ਮਹੀਨੇ ਹੀ ਕਹਿ ਦਿੱਤਾ ਸੀ ਕਿ ਲੋਕਾਂ ਦੀ ਹਮਦਰਦੀ ਲੈਣ ਲਈ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਆਪਣੇ ਦੋ ਵੱਡੇ ਨੇਤਾਵਾਂ ਦੀ ਬਲੀ ਲਵੇਗੀ ਜਿਸ ਦੇ ਬਾਅਦ ਭਗਵੰਤ ਮਾਨ ਨੇ 45 ਦਿਨਾਂ ਉਪਰੰਤ ਹੀ ਆਪਣੇ ਕੈਬਨਿਟ ਮੰਤਰੀ ਨੂੰ ਪਹਿਲਾਂ ਬਲੀ ਦਾ ਬੱਕਰਾ ਬਣਾ ਕੇ ਹਲਾਲ ਕਰ ਦਿੱਤਾ। ਬਾਜਵਾ ਨੇ ਕਿਹਾ ਕਿ ਇਹ ਸਰਕਾਰ ਭ੍ਰਿਸ਼ਟ ਸਰਕਾਰ ਹੈ ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ 11 ਵਿਧਾਇਕਾਂ ਨੂੰ ਛਤਰ ਛਾਇਆ ਹੈ ਜਿਨ੍ਹਾਂ ਨੇ 11 ਟਰੱਕ ਯੂਨੀਅਨਾਂ ਉੱਤੇ ਕਬਜ਼ੇ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਇਹ ਵੀ ਪੜ੍ਹੋ : ਰੇਲਵੇ ਬੋਰਡ ਨੇ ਟਿਕਟ ਚੈਕਿੰਗ ਕਰ 2.09 ਕਰੋੜ ਰੁਪਏ ਜੁਰਮਾਨਾ ਵਸੂਲਿਆ

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਮੁੱਦੇ ਕਈ ਵਾਰ ਵਿਧਾਨ ਸਭਾ 'ਚ ਉਠਾਏ ਹਨ ਪਰ ਇਸ ਦੇ ਬਾਵਜੂਦ ਅਜੇ ਤੱਕ ਇਸ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਸ਼ਰਾਬ ਨੀਤੀ ਦੀ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਸ਼ਰਾਬ ਦੀ ਨੀਤੀ ਫੇਲ੍ਹ ਹੋਈ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਇਸ ਵਿਚ ਵੱਡੇ ਘਪਲੇ ਸਾਹਮਣੇ ਆਉਣਗੇ। ਸ਼ਰਾਬ ਦੇ ਕਾਰੋਬਾਰ ਵਿੱਚ ਬੇਨਿਯਮੀਆਂ ਦੇ ਇਲਾਵਾ ਮਾਈਨਿੰਗ ਅਤੇ ਫੂਡ ਸਪਲਾਈ ਵਿਭਾਗ ਵਿੱਚ ਵੱਡੇ ਘਪਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਰੇਤ ਸਿਰਫ 2500 ਰੁਪਏ ਪ੍ਰਤੀ ਸੈਂਕੜਾ ਮਿਲਦੀ ਸੀ ਜੋ ਹੁਣ ਅੱਠ ਹਜ਼ਾਰ ਰੁਪਏ ਤੱਕ ਪਹੁੰਚ ਚੁੱਕੀ ਹੈ। ਇਸ ਕਾਰਨ ਮਜ਼ਦੂਰ ਵਰਗ ਆਰਥਿਕ ਤੰਗੀਆਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀ.ਓ.ਜੀ ਨੂੰ ਪੰਜਾਬ ਵਿੱਚ 72 ਕਰੋੜ ਰੁਪਏ ਵੇਤਨ ਦਿੱਤਾ ਜਾ ਰਿਹਾ ਸੀ ਅਤੇ ਜੀ.ਓ. ਜੀ. ਵੀ ਬਹੁਤ ਵਧੀਆ ਕੰਮ ਕਰ ਰਹੇ ਸਨ ਪਰ ਉਨ੍ਹਾਂ ਨੂੰ ਵੀ ਬੇਇੱਜ਼ਤ ਕਰਕੇ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਮਾਲਪੁਰ ਗੋਲੀਬਾਰੀ ਕਾਂਡ: ਅਕਾਲੀ ਨੇਤਾ ਸਮੇਤ ਦੋ ਪੁਲਸ ਕਰਮੀਆਂ ਨੂੰ ਉਮਰ ਕੈਦ, ਇਕ ਹੋਮ ਗਾਰਡ ਬਰੀ

ਬਾਜਵਾ ਨੇ ਹੋਰ ਵੀ ਅਨੇਕਾਂ ਉਦਾਹਰਣਾਂ ਦਿੰਦਿਆਂ ਇਸ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਜਦੋਂ ਕਿ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜਿੰਨਾ ਚਿੱਟਾ ਪੰਜਾਬ ਵਿਚ ਹੁਣ ਵਿੱਕ ਰਿਹਾ ਹੈ, ਇਸ ਤੋਂ ਪਹਿਲਾਂ ਏਨਾ ਚਿੱਟਾ ਕਦੇ ਵੀ ਨਹੀਂ ਵਿੱਕਿਆ ਸੀ। ਇੱਥੇ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਅਤੇ ਸਰਕਾਰ ਸਿਰਫ਼ ਝੂਠੇ ਵਾਅਦਿਆਂ ਵਾਲੀ ਸਰਕਾਰ ਹੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਗਤ ਸਿੰਘ ਦੇ ਪਿੰਡ ਜਾ ਕੇ ਵਾਰ-ਵਾਰ ਡਰਾਮੇ ਕਰਦੀ ਹੈ ਜਦੋਂਕਿ ਭਗਤ ਸਿੰਘ ਦੇ ਪਿੰਡ ਦੇ ਵਿਕਾਸ ਲਈ ਅੱਜ ਤੱਕ ਇੱਕ ਰੁਪਈਆ ਖਰਚ ਨਹੀਂ ਕੀਤਾ। ਰੰਧਾਵਾ ਨੇ ਕਿਹਾ ਕਿ ਵੱਡੀਆਂ ਜੇਲ੍ਹਾਂ ਵਿੱਚ ਸਰਕਾਰ ਦੀ ਮਿਲੀਭੁਗਤ ਨਾਲ ਮੋਬਾਈਲ ਫੋਨਾਂ ਦਾ ਇਸਤੇਮਾਲ ਹੋ ਰਿਹਾ ਹੈ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ, ਸੁੱਖ ਭਿਖਾਰੀਵਾਲ, ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਸ਼ਰੇਆਮ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਰੰਧਾਵਾ ਨੇ ਕਿਹਾ ਕਿ ਇਸ ਸਰਕਾਰ ਹਰ ਮੁਹਾਜ਼ 'ਤੇ ਫੇਲ੍ਹ ਹੋ ਚੁੱਕੀ ਹੈ।


author

Mandeep Singh

Content Editor

Related News