‘ਪੁਲਸ ਵੱਲੋਂ ਬਾਬੇ ਦੇ ਵਿਆਹ ਪੁਰਬ ਸਬੰਧੀ ਸੁਰੱਖਿਆ ਪ੍ਰਬੰਧ ਮੁਕੰਮਲ, 2000 ਮੁਲਾਜ਼ਮ ਰਹਿਣਗੇ ਤਾਇਨਾਤ’

09/20/2023 2:02:24 PM

ਬਟਾਲਾ (ਸਾਹਿਲ) : ਪੁਲਸ ਜ਼ਿਲ੍ਹਾ ਬਟਾਲਾ ਦੀ ਮਹਿਲਾ ਐੱਸ. ਐੱਸ. ਪੀ. ਅਸ਼ਵਿਨੀ ਗੋਟਿਆਲ ਵਲੋਂ ਆਪਣੇ ਦਫ਼ਤਰ ਵਿਖੇ ਡਿਊਟੀ ਇੰਚਾਰਜਾਂ ਨੂੰ ਮੀਟਿੰਗ ਲਈ ਸੱਦਿਆ ਗਿਆ, ਜਿਸ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਰੋਹ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਸਬੰਧੀ ਰੂਪ ਰੇਖਾ ਉਲੀਕੀ। ਇਸ ਦੌਰਾਨ ਐੱਸ. ਐੱਸ. ਪੀ. ਗੋਟਿਆਲ ਅਤੇ ਐੱਸ. ਪੀ. ਇਨਵੈੱਸਟੀਗੇਸ਼ਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ 22 ਸਤੰਬਰ ਨੂੰ ਬਟਾਲਾ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ’ਚ ਪੁਲਸ ਵਲੋਂ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ 2000 ਪੁਲਸ ਮੁਲਾਜ਼ਮ ਅਤੇ ਜਵਾਨ ਬਟਾਲਾ ਸ਼ਹਿਰ ਵਿਚ ਤਾਇਨਾਤ ਰਹਿਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਇਹ ਵੀ ਪੜ੍ਹੋ :  ਕੈਨੇਡਾ ਤੋਂ ਰੂਹ ਕੰਬਾਊ ਖ਼ਬਰ: ਜਨਮ ਦਿਨ ਵਾਲੇ ਦਿਨ ਟਰਾਲੇ 'ਚ ਸੜ ਗਿਆ ਪੰਜਾਬੀ ਨੌਜਵਾਨ

ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ 11 ਪੁਲਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਅਤੇ ਵਿਆਹ ਪੁਰਬ ਮੌਕੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਰੂਟਾਂ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ, ਜਿਸ ਦੇ ਚਲਦਿਆਂ 21 ਤੇ 22 ਸਤਬੰਰ ਨੂੰ ਬਟਾਲਾ ਸ਼ਹਿਰ ਦਾ ਬੱਸ ਅੱਡਾ ਬੰਦ ਰੱਖਿਆ ਜਾਵੇਗਾ। ਇਸ ਦੀ ਜਗ੍ਹਾ ’ਤੇ ਨਵੇਂ ਰੂਟ ਬਣਾਏ ਗਏ ਹਨ, ਜਿਸ ਤਹਿਤ ਸ਼ਹਿਰ ਵਿਚ ਵਿਆਹ ਪੁਰਬ ਮੌਕੇ ਬੱਸਾਂ ਰਾਹੀਂ ਆਉਣ ਜਾਣ ਵਾਲੀਆਂ ਸੰਗਤਾਂ ਲਈ ਬੱਸਾਂ ਖੜ੍ਹੀਆਂ ਕਰਨ ਲਈ ਨਵੀਂਆਂ ਜਗ੍ਹਾ ਟੈਪਰੇਂਰੀ ਤੌਰ ’ਤੇ ਮੁਕੱਰਰ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : 'ਬਹਿ ਕੇ ਵੇਖ ਜਵਾਨਾ..., 92 ਸਾਲਾ ਕਿਰਪਾਲ ਸਿੰਘ ਨੇ ਮਲੇਸ਼ੀਆ 'ਚ ਕਰਵਾਈ ਪੰਜਾਬ ਦੀ ਬੱਲੇ-ਬੱਲੇ

ਐੱਸ. ਐੱਸ. ਪੀ. ਤੇ ਐੱਸ. ਪੀ. ਨੇ ਦੱਸਿਆ ਕਿ ਅੰਮ੍ਰਿਤਸਰ ਜਾਣ ਲਈ ਲੋਕਾਂ ਨੂੰ ਸਥਾਨਕ ਅੰਮ੍ਰਿਤਸਰ ਬਾਈਪਾਸ, ਜਲੰਧਰ ਜਾਣ ਲਈ ਜਲੰਧਰ ਬਾਈਪਾਸ, ਪਠਾਨਕੋਟ ਜਾਣ ਲਈ ਕੁਤਬੀਨੰਗਲ ਬਾਈਪਾਸ, ਡੇਰਾ ਬਾਬਾ ਨਾਨਕ, ਕਲਾਨੌਰ ਤੇ ਧਿਆਨਪੁਰ ਜਾਣ ਲਈ ਨਵੀਂ ਦਾਣਾ ਮੰਡੀ ਡੇਰਾ ਰੋਡ, ਕਾਦੀਆਂ ਜਾਣ ਲਈ ਕਾਦੀਆਂ ਵਾਲੀ ਚੁੰਗੀ, ਸ੍ਰੀ ਹਰਗੋਬਿੰਦਪੁਰ ਜਾਣ ਲਈ ਉਮਰਪੁਰਾ ਚੌਂਕ ਅਤੇ ਕਾਹਨੂੰਵਾਨ ਜਾਣ ਲਈ ਆਈ. ਟੀ. ਆਈ. ਵਿਖੇ ਬੱਸਾਂ ਖੜ੍ਹੀਆਂ ਹੋਣਗੀਆਂ ਅਤੇ ਲੋਕਾਂ ਨੂੰ ਉਥੋਂ ਬੱਸਾਂ ਲੈ ਕੇ ਵਾਪਸ ਆਪਣੇ ਘਰਾਂ ਨੂੰ ਪਰਤਣਾ ਪਵੇਗਾ। ਇਹ ਰੂਟ ਸਿਰਫ਼ 21 ਤੇ 22 ਸਤੰਬਰ ਦੋ ਦਿਨਾਂ ਲਈ ਹੀ ਹਨ ਅਤੇ ਬਾਅਦ ’ਚ ਬੱਸਾਂ ਪਹਿਲਾਂ ਵਾਂਗ ਬੱਸ ਸਟੈਂਡ ਤੋਂ ਚੱਲਿਆ ਕਰਨਗੀਆਂ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ ਹਸਪਤਾਲ ’ਚ ਨਵਜਨਮੇ ਬੱਚੇ ਦੀ ਹੋਈ ਮੌਤ, ਡਾਕਟਰ ਬੋਲੀ- ਕੋਈ ਵੱਡਾ ਮੁੱਦਾ ਨਹੀਂ

ਮੈਡਮ ਗੋਟਿਆਲ ਅਤੇ ਐੱਸ. ਪੀ. ਗਿੱਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿਚ ਇਨ੍ਹਾਂ ਦੋ ਦਿਨਾਂ ਦੌਰਾਨ ਗੱਡੀਆਂ ਦੀ ਐਂਟਰੀ ਬੰਦ ਹੋਵੇਗੀ ਤੇ ਇਸ ਲਈ 15 ਥਾਂਵਾਂ ’ਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿਥੇ ਲੋਕ ਆਪਣੀਆਂ ਗੱਡੀਆਂ ਪਾਰਕ ਕਰ ਕੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿੱਥੇ ਨਿਰਧਾਰਤ ਥਾਂਵਾਂ ’ਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾਣਗੀਆਂ, ਉਥੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਕਿਸੇ ਤਰ੍ਹਾਂ ਦੀ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਤਾਇਨਾਤ ਹੋਣਗੀਆਂ।

ਹੋਰ ਤਾਂ ਹੋਰ ਵਿਆਹ ਪੁਰਬ ਮੌਕੇ ਸ਼ਹਿਰ ਵਿਚ ਟਰੈਕਟਰਾਂ ’ਤੇ ਵੱਡੇ ਸਪੀਕਰ ਲਗਾ ਕੇ ਘੁੰਮਣ ਵਾਲਿਆਂ ਵਿਰੁੱਧ ਪੁਲਸ ਵਲੋਂ ਸ਼ਿਕੰਜਾ ਕੱਸਣ ਦੇ ਨਾਲ-ਨਾਲ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮੇਲੇ ਵਿਚ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗਾ ਅਤੇ ਵਿਆਹ ਪੁਰਬ ਸਬੰਧੀ ਸਮਾਗਮਾਂ ਨੂੰ ਸਫ਼ਲਤਾਪੂਰਵਕ ਨੇਪਰ੍ਹੇ ਚਾੜਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Harnek Seechewal

Content Editor

Related News