ਫਿਰੌਤੀ ਨਾ ਦੇਣ ’ਤੇ ਅਣਪਛਾਤਿਆਂ ਨੇ ਘਰ ਦੇ ਬਾਹਰ ਚਲਾਈਆਂ ਗੋਲੀਆਂ

Wednesday, Jul 17, 2024 - 06:19 PM (IST)

ਫਿਰੌਤੀ ਨਾ ਦੇਣ ’ਤੇ ਅਣਪਛਾਤਿਆਂ ਨੇ ਘਰ ਦੇ ਬਾਹਰ ਚਲਾਈਆਂ ਗੋਲੀਆਂ

ਅੱਚਲ ਸਾਹਿਬ (ਗੋਰਾ ਚਾਹਲ) : ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਪਿੰਡ ਵੈਰੋ ਨੰਗਲ ਵਿਖੇ ਫਿਰੌਤੀ ਨਾ ਦੇਣ ’ਤੇ ਅਣਪਛਾਤਿਆਂ ਵੱਲੋਂ ਰਾਤ ਸਮੇਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵੈਰੋਨੰਗਲ ਦੇ ਮੁੱਖ ਸੰਚਾਲਕ, ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਮਾਸਟਰ ਨਰਿੰਦਰ ਸਿੰਘ ਬਾਠ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਮੈਨੂੰ ਇਕ ਨੰਬਰ ਤੋਂ ਫੋਨ ਆਇਆ ਅਤੇ ਮੇਰੇ ਕੋਲੋਂ 10 ਲੱਖ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਦੇਖ ਲੈਣਾ ਤੁਹਾਡਾ ਹਾਲ ਕੀ ਹੋਵੇਗਾ, ਜਿਸ ਦੀ ਸੂਚਨਾ ਮੈਂ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੋਂ ਬਾਅਦ ਲਗਾਤਾਰ ਫਿਰੌਤੀ ਦੀ ਮੰਗ ਕਰਨ ਵਾਲੇ ਦੇ ਫੋਨ ਆ ਰਹੇ ਸੀ। ਫਿਰੌਤੀ ਨਾ ਦੇਣ ’ਤੇ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਕਰੀਬ ਤਿੰਨ ਫਾਇਰ ਕੀਤੇ ਗਏ, ਜਿਨ੍ਹਾਂ ’ਚੋਂ ਦੋ ਫਾਇਰ ਗੇਟ ਦੇ ਨਾਲ ਦੀਵਾਰ ’ਤੇ ਲੱਗੇ ਅਤੇ ਇਕ ਫਾਇਰ ਗੇਟ ਦੇ ਅੰਦਰ ਦੀ ਦੀਵਾਰ ’ਤੇ ਜਾ ਲੱਗਾ।

ਇਸ ਦੌਰਾਨ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਅਣਪਛਾਤੇ ਵਿਅਕਤੀ ਫਾਇਰ ਕਰਕੇ ਗੁਰਦੁਆਰਾ ਗੁਰੂਆਣਾ ਸਾਹਿਬ ਵਾਲੀ ਸੜਕ ਨੂੰ ਚਲੇ ਗਏ, ਜਿਸ ਦੀ ਸੂਚਨਾ ਥਾਣਾ ਰੰਗੜ ਨੰਗਲ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਰੰਗੜ ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਸਬੰਧੀ ਥਾਣਾ ਰੰਗੜ ਨੰਗਲ ਦੇ ਨਿਸ਼ਾਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਾਣੇ ਦਰਖਾਸਤ ਆਈ ਸੀ, ਜਿਸ ਤੋਂ ਬਾਅਦ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


author

Gurminder Singh

Content Editor

Related News