ਪਲਕ ਝਪਕਦੇ ਹੀ ਪੂਰਾ ਚਾਰਜ ਹੋਵੇਗਾ ਫੋਨ, ਸ਼ਾਓਮੀ ਲਿਆ ਰਹੀ ਜ਼ਬਰਦਸਤ ਚਾਰਜਰ
Tuesday, Jun 09, 2020 - 10:32 AM (IST)

ਗੈਜੇਟ ਡੈਸਕ– ਸ਼ਓਮੀ ਨੇ ਪਿਛਲੇ ਸਾਲ 100 ਵਾਟ ਸੁਪਰ ਚਾਰਜ ਟਰਬੋ ਵਾਇਰਡ ਤਕਨੀਕ ਪੇਸ਼ ਕੀਤੀ ਸੀ। ਇਸ ਤਕਨੀਕ ਨਾਲ ਸਿਰਫ 17 ਮਿੰਟਾਂ ’ਚ 4000 ਐੱਮ.ਏ.ਐੱਚ. ਦੀ ਬੈਟਰੀ ਨੂੰ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ ਇਸ ਚਾਰਜਰ ਦਾ ਕਮਰਸ਼ਲ ਵਰਜ਼ਨ ਪੇਸ਼ ਨਹੀਂ ਕੀਤਾ ਪਰ ਹੁਣ ਸ਼ਾਇਦ ਜਲਦੀ ਹੀ ਇਸ ਦਾ ਕਮਰਸ਼ਲ ਵਰਜ਼ਨ ਪੇਸ਼ਕਰ ਦੇਵੇ। ਸ਼ਾਓਮੀ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਪਾਵਰਫੁਲ ਚਾਰਜਰ ਆਨਲਾਈਨ ਇਕ ਵੀਡੀਓ ’ਚ ਨਜ਼ਰ ਆਇਆ ਹੈ। ਇਹ ਵਾਇਰਡ ਚਾਰਜਰ 120 ਵਾਟ ਦਾ ਹੈ। ਵੇਖਣ ’ਚ ਇਹ ਚਾਰਜਰ ਬਾਕੀ ਸਧਾਰਣ ਚਾਰਜਰਸ ਦੇ ਮੁਕਾਬਲੇ ਜ਼ਿਆਦਾ ਵੱਡਾ ਅਤੇ ਭਾਰਾ ਲੱਗ ਰਿਹਾ ਹੈ। ਚਾਰਜਰ ’ਚ ਅਮਰੀਕਨ ਪਲੱਗ ਦਿੱਤਾ ਗਿਆ ਹੈ ਜੋ ਫੋਲਡੇਬਲ ਨਹੀਂ ਹੈ। ਇਹ ਵੀਡੀਓ ਚੀਨ ਦੀ ਸੋਸ਼ਲ ਨੈੱਟਵਰਕਿੰਗ ਸਾਈਟ ਵੀਬੋ ’ਤੇ ਨਜ਼ਰ ਆਈ ਹੈ।
100 ਵਾਟ ਸੁਪਰਫਾਸਟ ਚਾਰਜਿੰਗ ਵੀ ਪੇਸ਼ ਕਰ ਚੁੱਕੀ ਹੈ ਸ਼ਾਓਮੀ
ਸ਼ਾਓਮੀ ਨੇ ਪਿਛਲੇ ਸਾਲ ਇਕ ਕਾਨਫਰੰਸ ’ਚ ਵੀਡੀਓ ਵੀ ਵਿਖਾਈ ਸੀ। ਡੈਮੋ ਵੀਡੀਓ ’ਚ ਸ਼ਾਓਮੀ ਨੇ ਆਪਣੀ 100 ਵਾਟ ਸੁਪਰ ਚਾਰਜ ਟਰਬੋ ਤਕਨੀਕ ਦੇ ਮੁਕਾਬਲੇ ਓਪੋ ਦੀ ਸੁਪਰ ਵੂਕ ਚਾਰਜ ਤਕਨੀਕ ਨੂੰ ਰੱਖਿਆ। ਸ਼ਾਓਮੀ ਦੇ ਸੁਪਰ ਚਾਰਜ ਟਰਬੋ ਨਾਲ 4000 ਐੱਮ.ਏ.ਐੱਚ. ਬੈਟਰੀ ਵਾਲਾ ਫੋਨ ਸਿਰਫ 17 ਮਿੰਟਾਂ ’ਚ 0 ਤੋਂ 100 ਫੀਸਦੀ ਚਾਰਜ ਹੋ ਜਾਂਦਾ ਹੈ। ਉਥੇ ਹੀ ਡੈਮੋ ਵੀਡੀਓ ’ਚ 3,700 ਐੱਮ.ਏ.ਐੱਚ. ਬੈਟਰੀ ਵਾਲਾ ਓਪੋ ਦਾ ਫੋਨ ਕੰਪਨੀ ਦੇ 50 ਵਾਟ ਸੁਪਰ ਵੂਕ ਚਾਰਜਰ ਨਾਲ 17 ਮਿੰਟਾਂ ’ਚ 65 ਫੀਸਦੀ ਚਾਰਜ ਹੋਇਆ।