ਖਾਣਾ ਬਣਾਉਣ ''ਚ ਮਦਦ ਕਰੇਗਾ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਕੈਂਪਿੰਗ ਸਟੋਵ

Sunday, Dec 17, 2017 - 11:40 AM (IST)

ਖਾਣਾ ਬਣਾਉਣ ''ਚ ਮਦਦ ਕਰੇਗਾ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਕੈਂਪਿੰਗ ਸਟੋਵ

ਜਲੰਧਰ- ਘਰ ਤੋਂ ਬਾਹਰ  ਹੋਣ 'ਤੇ ਖਾਣਾ ਬਣਾਉਣ ਲਈ ਜ਼ਿਆਦਾਤਰ ਲੋਕ ਪੋਰਟੇਬਲ ਗੈਸ ਸਟੋਵਸ ਦੀ ਵਰਤੋਂ ਕਰਦੇ ਹਨ। ਇਨ੍ਹਾਂ ਨਾਲ ਖਾਣਾ ਤਾਂ ਬਣ ਜਾਂਦਾ ਹੈ ਪਰ ਤੇਜ਼ ਹਵਾ ਦੇ ਚਲਣ 'ਤੇ ਇਨ੍ਹਾਂ ਦੇ ਬੰਦ ਹੋਣ ਅਤੇ ਟੈਂਟ ਆਦਿ ਨੂੰ ਅੱਗ ਲੱਗਣ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਗੱਲਾਂ 'ਤੇ ਧਿਆਨ ਦਿੰਦੇ ਹੋਏ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਕੈਂਪਿੰਗ ਸਟੋਵ ਬਣਾਇਆ ਗਿਆ ਹੈ, ਜੋ ਕਿਸੇ ਵੀ ਜਗ੍ਹਾ ਬਿਨਾਂ ਬਿਜਲੀ ਦੀ ਲੋੜ ਦੇ ਬੈਟਰੀ ਤੋਂ ਪਾਵਰ ਲੈ ਕੇ ਕੰਮ ਕਰੇਗਾ ਅਤੇ ਲੋੜ ਪੈਣ 'ਤੇ ਤੁਹਾਡੇ ਲਈ ਖਾਣਾ ਬਣਾ ਦੇਵੇਗਾ। ਮੋਰਫ ਕੁਕਰ ਨਾਮੀ ਇਸ ਇਲੈਕਟ੍ਰਿਕ ਸਟੋਵ ਨੂੰ ਨਿਊਜ਼ੀਲੈਂਡ  ਦੀ ਰਾਜਧਾਨੀ ਵੇਲਿੰਗਟਨ ਦੀ ਸਟਾਰਟਅਪ ਕੰਪਨੀ ਨੇ ਵਿਕਸਤ ਕੀਤਾ ਹੈ। ਮੋਰਫ ਕੁਕਰ ਨੂੰ ਸਮਾਰਟ ਡਿਜ਼ਾਈਨ ਨਾਲ ਬਣਾਇਆ ਗਿਆ ਹੈ। ਭਾਵ ਇਸ ਨੂੰ  6  ਵੱਖ-ਵੱਖ ਤਰ੍ਹਾਂ ਦੇ ਖਾਣੇ ਪਕਾਉਣ ਦੇ ਯੰਤਰਾਂ ਵਜੋਂ ਵਰਤਿਆ ਜਾ ਸਕਦਾ ਹੈ। ਇਸ ਨੂੰ ਹੌਟ ਪਲੇਟ, ਫ੍ਰਾਈਂਗ ਪੈਨ, ਪਾਟ, ਗ੍ਰਿਲ ਪ੍ਰੈੱਸ ਅਤੇ ਉਪਰੋਂ ਬੰਦ ਕੀਤੇ ਓਵਨ ਵਜੋਂ ਵੀ ਵਰਤਿਆ ਜਾ ਸਕਦਾ ਹੈ।

ਮੋਰਫ ਕੁਕਰ 'ਚ ਲੱੱਗੀ ਹੈ 5200 mAh ਦੀ ਬੈਟਰੀ
ਇਸ ਪੋਰਟੇਬਲ ਸਟੋਵ 'ਚ  5200 mAh ਸਮਰਥਾ ਵਾਲੀ 16 ਸੈੱਲ ਦੀ ਬੈਟਰੀ ਲਾਈ ਗਈ, ਜੋ 3.7 ਵੋਲਟਸ 'ਤੇ ਚਾਰਜ ਕਰਨ ਵਾਲੇ ਚਾਰਜਰ ਨਾਲ ਚਾਰਜ ਹੁੰਦੀ ਹੈ। ਇਹ ਬੈਟਰੀ 100 ਫੀਸਦੀ ਤਕ ਚਾਰਜ ਹੋਣ 'ਤੇ ਮੋਰਫ ਕੁਕਰ ਨੂੰ 26 ਮਿੰਟ ਤਕ ਵਰਤੋਂ 'ਚ ਲਿਆਉਣ 'ਚ ਮਦਦ ਕਰੇਗੀ।

ਇਸ ਕਾਰਨ ਵਿਕਸਿਤ ਕੀਤਾ ਗਿਆ ਇਹ ਪੋਰਟੇਬਲ ਸਟੋਵ
ਸਟਾਰਟਅਪ ਕੰਪਨੀ ਦੇ ਸਹਿ ਸੰਸਥਾਪਕ ਅਲੈਕਸ ਕੋਮਾਰੋਵਸਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਤਿੰਨ ਸਾਲ ਪਹਿਲਾਂ ਉਸ ਦੇ ਪਿਤਾ ਨੇ ਕੈਂਪ ਲਾਉਂਦੇ ਹੋਏ ਖਾਣਾ ਪਕਾਉਣ ਲਈ ਗੈਸ ਸਟੋਵ ਨੂੰ ਚਲਾਇਆ ਸੀ, ਜਿਸ ਨਾਲ ਉਨ੍ਹਾਂ ਦੇ ਟੈਂਟ 'ਚ ਅੱਗ ਲੱਗ ਗਈ ਸੀ, ਇਸ ਲਈ ਉਨ੍ਹਾਂ ਨੇ ਟੈਕਨਾਲੋਜੀ ਦੀ ਮਦਦ ਨਾਲ ਨਵੇਂ ਮੋਰਫ ਕੁਕਰ ਨੂੰ ਵਿਕਸਿਤ ਕੀਤਾ ਹੈ, ਜੋ ਕੈਂਪ ਲਾਉਣ 'ਤੇ ਸੁਰੱਖਿਅਤ ਤਰੀਕੇ ਨਾਲ ਖਾਣਾ ਪਕਾਉਣ 'ਚ ਮਦਦ ਕਰੇਗਾ ਅਤੇ ਇਸ ਨਾਲ ਜੋਖਿਮ ਨੂੰ ਘੱਟ ਕੀਤਾ ਜਾ ਸਕੇਗਾ।

PunjabKesari

ਵਾਟਰ ਪਰੂਫ ਡਿਜ਼ਾਈਨ
ਘਰੋਂ ਬਾਹਰ ਮੀਂਹ ਅਤੇ ਤੇਜ਼ ਹਵਾ ਦੌਰਾਨ ਖਾਣਾ ਪਕਾਉਣ ਲਈ ਇਸ ਨੂੰ ਵਾਟਰ ਪਰੂਫ ਬਣਾਇਆ ਗਿਆ ਹੈ, ਭਾਵ ਤੁਸੀਂ ਕਿਸੇ ਵੀ ਸਥਿਤੀ 'ਚ ਇਸ ਨਾਲ ਖਾਣਾ ਪਕਾ ਸਕਦੇ ਹੋ। ਹੋ ਸਕਦਾ ਹੈ ਕਿ ਇਸ 'ਚ ਸਮਾਂ ਥੋੜ੍ਹਾ ਜ਼ਿਆਦਾ ਲੱਗੇ ਪਰ ਉਦੋਂ ਵੀ ਉਹ ਬਿਹਤਰੀਨ ਤਰੀਕੇ ਨਾਲ ਕੰਮ ਕਰੇਗਾ।

ਜੋਖਿਮ ਨੂੰ ਘੱਟ ਕਰੇਗਾ ਇਹ ਇਲੈਕਟ੍ਰਿਕ ਸਟੋਵ
ਕੈਂਪ ਦੌਰਾਨ ਪੋਰਟਬੇਲ ਗੈਸ ਸਟੋਵ ਨਾਲ ਖਾਣਾ ਪਕਾਉਣ 'ਤੇ ਅੱਗ ਲੱਗਣ ਦਾ ਖਤਰਾ ਤਾਂ ਰਹਿੰਦਾ ਹੀ ਹੈ, ਨਾਲ ਹੀ ਇਸ 'ਚੋਂ ਨਿਕਲਣ ਵਾਲਾ ਧੂੰਆਂ ਅੱਖਾਂ 'ਚ ਚਲਾ ਜਾਂਦਾ ਹੈ ਪਰ ਹੁਣ ਮੋਰਫ ਕੁਕਰ ਦੇ ਆਉਣ ਤੋਂ ਬਾਅਦ ਇਸ  ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
 

ਪਾਣੀ ਨੂੰ ਗਰਮ ਕਰਨ ਦੀ ਕਾਰਜ ਸਮਰਥਾ

ਮਾਤਰਾ ਤਾਪਮਾਨ ਸਮਾਂ
250ml 25 °C ਤੋਂ 75 °C 2 ਮਿੰਟ (ਡਬਲ ਐਲੀਮੈਂਟ) 4 ਮਿੰਟ (ਸਿੰਗਲ ਐਲੀਮੈਂਟ)
500ml 25 °C ਤੋਂ 100 °C 6 ਮਿੰਟ (ਡਬਲ ਐਲੀਮੈਂਟ) 12 ਮਿੰਟ (ਸਿੰਗਲ ਐਲੀਮੈਂਟ)


PunjabKesari

ਆਸਾਨੀ ਨਾਲ ਕਰ ਸਕਦੇ ਹਾਂ ਚਾਰਜ
ਇਸ ਪੋਰਟੇਬਲ ਸਟੋਵ ਨੂੰ ਕਾਰ ਦੇ ਚਾਰਜਿੰਗ ਸਾਕੇਟਸ ਅਤੇ ਪੋਰਟੇਬਲ ਸੋਲਰ ਪੈਨਲ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ, ਭਾਵ ਇਸ ਨੂੰ ਚਾਰਜ ਕਰਨ ਸਬੰਧੀ ਤੁਹਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸਨੂੰ 96 ਅਮਰੀਕੀ ਡਾਲਰ (ਲਗਭਗ 6,152 ਰੁਪਏ) ਨਾਲ ਮਾਰਚ 2018 ਤਕ ਵਿਕਰੀ ਲਈ ਮੁਹੱਈਆ ਕੀਤਾ ਜਾਏਗਾ।


Related News