ਤਿਆਰ ਕੀਤੇ ਗਏ ਸਰਦੀਆਂ ’ਚ ਗਰਮ ਤੇ ਗਰਮੀਆਂ ਵਿਚ ਠੰਡੇ ਰਹਿਣ ਵਾਲੇ ਸਪੋਰਟਸ ਸ਼ੂਜ਼
Thursday, Oct 11, 2018 - 02:22 AM (IST)
ਗੈਜੇਟ ਡੈਸਕ : ਨਵੀਂ ਤਕਨੀਕ ’ਤੇ ਆਧਾਰਤ ਹੁਣ ਅਜਿਹੇ ਬੂਟ ਤਿਆਰ ਕੀਤੇ ਗਏ ਹਨ, ਜੋ ਸਰਦੀਆਂ ਵਿਚ ਪੈਰਾਂ ਨੂੰ ਗਰਮ ਤੇ ਗਰਮੀਆਂ ਵਿਚ ਠੰਡਾ ਰੱਖਣਗੇ। ਇਨ੍ਹਾਂ ਬੂਟਾਂ ਵਿਚ ਜ਼ਿਆਦਾ ਅਾਰਾਮ ਮਿਲੇਗਾ ਅਤੇ ਇਹ ਪੈਰਾਂ ਵਿਚੋਂ ਨਿਕਲਣ ਵਾਲੇ ਪਸੀਨੇ ਨੂੰ ਵੀ ਸੋਖਦੇ ਰਹਿਣਗੇ। ਇਨ੍ਹਾਂ ਲਾਜਵਾਬ ਬੂਟਾਂ ਨੂੰ ਯੂਰਪੀ ਦੇਸ਼ ਆਸਟਰੀਆ ਦੀ ਫੁੱਟਵੀਅਰ ਨਿਰਮਾਤਾ ਕੰਪਨੀ GIESSWEIN ਨੇ ਤਿਆਰ ਕੀਤਾ ਹੈ।
ਕੰਪਨੀ ਨੇ ਦੱਸਿਆ ਕਿ Wool Cross X ਨਾਂ ਦੇ ਇਹ ਬੂਟ ਹਲਕੇ ਬਣਾਏ ਗਏ ਹਨ, ਨਾਲ ਹੀ ਜ਼ਮੀਨ ’ਤੇ ਇਨ੍ਹਾਂ ਦੀ ਗਰਿਪ ਵੀ ਕਾਫੀ ਚੰਗੀ ਹੈ। ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਗਰਮੀਆਂ ਵਿਚ ਠੰਡੇ ਤੇ ਸਰਦੀਆਂ ਵਿਚ ਗਰਮ ਰਹਿਣਗੇ।
Merino wool ਨਾਲ ਬਣਾਏ ਗਏ ਬੂਟ : ਇਹ ਬੂਟ Merino wool ਨਾਲ ਤਿਆਰ ਕੀਤੇ ਗਏ ਹਨ, ਜੋ ਸਾਫਟ ਹੋਣ ਦੇ ਨਾਲ-ਨਾਲ ਘੱਟ ਭਾਰ ਵਾਲੇ ਵੀ ਹਨ। ਇਨ੍ਹਾਂ ਵਿਚ ਲੱਗੀ ਵੂਲ ਕਦੇ ਵੀ ਬੂਟ ਦੀ ਸ਼ੇਪ ਵਿਗੜਨ ਨਹੀਂ ਦੇਵੇਗੀ, ਇਸ ਦੇ ਨਾਲ ਹੀ ਬਾਹਰੋਂ ਆਉਂਦੀ ਹਵਾ ਪੈਰਾਂ ਅੰਦਰ ਆਸਾਨੀ ਨਾਲ ਪਹੁੰਚੇਗੀ, ਜਿਸ ਨਾਲ ਬੂਟ ਉਤਾਰਨ ਵੇਲੇ ਬਦਬੂ ਨਹੀਂ ਆਏਗੀ।
ਕਿਸੇ ਵੀ ਹਾਲਤ ’ਚ ਕਰ ਸਕਦੇ ਹੋ ਵਰਤੋਂ : ਇਨ੍ਹਾਂ ਬੂਟਾਂ ਦੀ ਨਿਰਮਾਤਾ ਕੰਪਨੀ ਨੇ ਦੱਸਿਆ ਕਿ ਇਹ ਕਾਫੀ ਟੱਫ ਸ਼ੂਜ਼ ਹਨ ਅਤੇ ਇਨ੍ਹਾਂ ਨੂੰ ਲੰਮੀ ਪੈਦਲ ਯਾਤਰਾ, ਚੱਟਾਨਾਂ ’ਤੇ ਚੜ੍ਹਾਈ ਅਤੇ ਇੱਥੋਂ ਤਕ ਕਿ ਹਲਕੀ ਬਰਫ ਪੈਣ ’ਤੇ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਕਿਉਂਕਿ ਕਿਸੇ ਵੀ ਹਾਲਤ ਵਿਚ ਇਹ ਖਰਾਬ ਨਹੀਂ ਹੋਣਗੇ।
ਨਵੰਬਰ ’ਚ ਆਉਣਗੇ ਇਹ ਲਾਜਵਾਬ ਬੂਟ : Wool Cross X ਬੂਟਾਂ ਬਾਰੇ ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਕਈ ਰੰਗਾਂ ਤੇ ਆਕਾਰ ਵਿਚ ਮੁਹੱਈਆ ਕਰਵਾਇਆ ਜਾਵੇਗਾ। ਸ਼ੁਰੂ ਵਿਚ ਇਨ੍ਹਾਂ ਨੂੰ 137 ਅਮਰੀਕੀ ਡਾਲਰ (ਲਗਭਗ 10 ਹਜ਼ਾਰ ਰੁਪਏ) ਵਿਚ ਲਿਆਉਣ ਦਾ ਪਤਾ ਲੱਗਾ ਹੈ। ਕੰਪਨੀ ਨੇ ਦੱਸਿਆ ਕਿ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਰਿਹਾ ਤਾਂ ਇਨ੍ਹਾਂ ਦੀ ਡਲਿਵਰੀ ਨਵੰਬਰ ਦੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ।
5 ਗੁਣਾ ਜ਼ਿਆਦਾ ਸੋਖਣਗੇ ਪਸੀਨਾ
ਕੰਪਨੀ ਦਾ ਦਾਅਵਾ ਹੈ ਕਿ ਨਵੀਂ ਤਕਨੀਕ ’ਤੇ ਆਧਾਰਤ ਮਟੀਰੀਅਲ ਨਾਲ ਤਿਆਰ ਇਹ ਬੂਟ ਆਮ ਬੂਟਾਂ ਨਾਲੋਂ 5 ਗੁਣਾ ਜ਼ਿਆਦਾ ਪਸੀਨਾ ਸੋਖਣਗੇ। ਬਿਨਾਂ ਜੁਰਾਬਾਂ ਦੇ ਇਹ ਬੂਟ ਪਾਉਣ ’ਤੇ ਜ਼ਿਆਦਾ ਅਰਾਮ ਮਿਲੇਗਾ।