ਆਨਲਾਈਨ ਬੀਅਰ ਖਰੀਦਣਾ ਪਿਆ ਮਹਿੰਗਾ, ਲੱਗਾ 87 ਹਜ਼ਾਰ ਰੁਪਏ ਦਾ ਚੂਨਾ
Friday, Aug 30, 2019 - 03:25 PM (IST)

ਗੈਜੇਟ ਡੈਸਕ– ਮੁੰਬਈ ’ਚ ਧੋਖੇਬਾਜ਼ਾਂ ਨੇ ਡਿਜੀਟਲ ਪੇਮੈਂਟ ਰਾਹੀਂ ਬੀਅਰ ਖਰੀਦਦੇ ਸਮੇਂ ਇਕ ਮਹਿਲਾ ਦੇ ਬੈਂਕ ਅਕਾਊਂਟ ’ਚੋਂ 87 ਹਜ਼ਾਰ ਰੁਪਏ ਚੋਰੀ ਕਰ ਲਏ। ਰਿਪੋਰਟ ਮੁਤਾਬਕ, ਰਾਧਿਕਾ ਪਾਰੇਖ ਨੇ ਗੂਗਲ ਸਰਚ ਦੀ ਮਦਦ ਨਾਲ ਮੁੰਬਈ ਦੇ ਪੋਵਾਈ ਇਲਾਕੇ ’ਚ ਸਟਾਰ ਵਾਈਨ ਸ਼ਾਪ ਦਾ ਨੰਬਰ ਕੱਢਿਆ ਅਤੇ 3 ਬੀਅਰਾਂ ਖਰੀਦਣ ਲਈ ਕਾਲ ਕੀਤੀ। ਜਿਸ ਤੋਂ ਬਾਅਦ ਦੁਕਾਨਦਾਰ ਨੇ ਗੂਗਲ ਪੇਅ ਰਾਹੀਂ 420 ਰੁਪਏ ਦੀ ਪੇਮੈਂਟ ਕਰਨ ਲਈ ਕਿਹਾ ਅਤੇ ਆਪਣੀ UPI ID ਸ਼ੇਅਰ ਕਰਨ ਲਈ ਕਿਹਾ।
ਜਦੋਂ ਪਾਰੇਖ ਨੇ ਆਪਣੀ ਆਈ.ਡੀ. ਉਨ੍ਹਾਂ ਨੂੰ ਦੱਸੀ ਤਾਂ ਉਸ ਨੂੰ ਗੂਗਲ ਪੇਅ ’ਤੇ ਭੁਗਤਾਨ ਕਰਨ ਦਾ ਨੋਟੀਫਿਕੇਸ਼ਨ ਮਿਲਿਆ ਜਿਸ ਨੂੰ ਸਵਿਕਾਰ ਕਰਦੇ ਹੀ 29,001 ਰੁਪਏ ਉਸ ਦੇ ਅਕਾਊਂਟ ’ਚੋਂ ਕੱਟੇ ਗਏ। ਪੈਸੇ ਚੋਰੀ ਹੋਣ ਤੋਂ ਬਾਅਦ ਮਹਿਲਾ ਨੇ ਵਾਈਨ ਸ਼ਾਪ ’ਤੇ ਦੁਬਾਰਾ ਕਾਲ ਕਰਕੇ ਪੁੱਛਗਿਛ ਕੀਤੀ ਤਾਂ ਦੁਕਾਨਦਾਰ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਅਜਿਹਾ ਗਲਤੀ ਨਾਲ ਹੋ ਗਿਆ ਹੈ।
ਮਹਿਲਾ ਕੋਲੋਂ ਡਾਇਲ ਹੋਇਆ ਗਲਤ ਨੰਬਰ
ਇਸ ਤੋਂ ਬਾਅਦ ਜਿਵੇਂ ਹੀ ਮਹਿਲਾ ਨੇ ਕਾਲ ਡਿਸਕੁਨੈਕਟ ਕੀਤੀ ਤਾਂ ਉਸ ਦੇ ਅਕਾਊਂਟ ’ਚੋਂ 58 ਹਜ਼ਾਰ ਰੁਪਏ ਹੋਰ ਕੱਟੇ ਗਏ। ਪੁਲਸ ਦਾ ਕਹਿਣਾ ਹੈ ਕਿ ਮਹਿਲਾ ਜਦੋਂ ਸ਼ਰਾਬ ਦੀ ਦੁਕਾਨ ’ਤੇ ਪਹੁੰਚੀ ਤਾਂ ਦੁਕਾਨਦਾਰ ਨੇ ਦੱਸਿਆ ਕਿ ਜਿਸ ਨੰਬਰ ’ਤੇ ਉਸ ਨੇ ਕਾਲ ਕੀਤੀ ਹੈ ਉਹ ਉਸ ਦੇ ਸਟੋਰ ਦਾ ਨੰਬਰ ਨਹੀਂ ਹੈ।
ਪੁਲਸ ਨੇ ਦਰਜ ਕੀਤਾ ਮਾਮਲਾ
ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਮੁੰਬਈ ਦੇ ਸਾਕੀਨਾਕਾ ’ਚ ਰਹਿਣ ਵਾਲੇ 23 ਸਾਲ ਦੇ ਅਨਿਲ ਪਦਮ ਸਿੰਘ ਨੇ ਮੋਬਾਇਲ ਦੀ ਈ.ਐੱਮ.ਆਈ. ਦੇ ਸੰਬੰਧ ’ਚ ਜਦੋਂ ਇਕ ਫਾਈਨੈਂਸ ਫਰਮ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਅਕਾਊਂਟ ’ਚੋਂ ਵੀ ਇਕ ਲੱਖ ਰੁਪਏ ਚੋਰੀ ਹੋ ਗਏ ਸਨ।
ਆਨਲਾਈਨ ਟ੍ਰਾਂਜੈਕਸ਼ਨ ’ਚ ਵਰਤੋ ਸਾਵਧਾਨੀ
ਵਧਦੇ ਹੋਏ ਫਰਾਡ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਆਨਲਾਈਨ ਟ੍ਰਾਂਜੈਕਸ਼ਨ ’ਚ ਕਾਫੀ ਸਾਵਧਾਨੀ ਵਰਤੀ ਜਾਵੇ। ਇਸ ਤੋਂ ਇਲਾਵਾ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਰਤ ’ਚ ਐਲਕੋਹਲ ਆਨਲਾਈਨ ਵੇਚਣ ’ਤੇ ਪਾਬੰਦੀ ਹੈ। ਅਜਿਹੇ ’ਚ ਜੋ ਇਹ ਆਨਲਾਈਨ ਬੀਅਰ ਵੇਚਣ ਦਾ ਬਿਜ਼ਨੈੱਸ ਕਰ ਰਿਹਾ ਹੈ ਉਹ ਗੈਰਕਾਨੂੰਨੀ ਹੈ।