WhatsApp ''ਚ ਆ ਰਿਹਾ ਇਕ ਹੋਰ ਕਮਾਲ ਦਾ ਫੀਚਰ, ਤੁਹਾਡੇ ਹੱਥ ''ਚ ਹੋਵੇਗਾ ਪੂਰਾ ਕੰਟਰੋਲ
Friday, Mar 22, 2024 - 03:57 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਨਵੇਂ-ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਵਟਸਐਪ ਨੇ ਕਈ ਨਵੇਂ ਫੀਚਰਜ਼ ਟੈਸਟ ਕੀਤੇ ਹਨ। ਹੁਣ ਵਟਸਐਪ ਇਕ ਹੋਰ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਤੁਹਾਡੇ ਮੈਸੇਜ 'ਤੇ ਪੂਰੀ ਤਰ੍ਹਾਂ ਤੁਹਾਡਾ ਕੰਟਰੋਲ ਹੋਵੇਗਾ।
ਵਟਸਐਪ ਹੁਣ ਲਿੰਕ ਪ੍ਰੀਵਿਊ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਹੀ ਤੈਅ ਕਰ ਸਕੋਗੇ ਕਿ ਜੋ ਲਿੰਕ ਤੁਸੀਂ ਕਿਸੇਨੂੰ ਸ਼ੇਅਰ ਕਰ ਰਹੇ ਹੋ, ਉਸਦਾ ਪ੍ਰੀਵਿਊ ਦਿਸੇਗਾ ਜਾਂ ਨਹੀਂ। ਨਵਾਂ ਅਪਕਮਿੰਗ ਫੀਚਰ ਵਟਸਐਪ ਦੀ ਪ੍ਰਾਈਵੇਸੀ ਫੀਚਰ ਦਾ ਹੀ ਹਿੱਸਾ ਹੋਵੇਗਾ।
ਨਵੇਂ ਫੀਚਰ ਨੂੰ ਫਿਲਹਾਲ ਬੀਟਾ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਇਕ ਬੀਟਾ ਯੂਜ਼ਰ ਹੋ ਤਾਂ ਗੂਗਲ ਪਲੇਅ ਸਟੋਰ ਤੋਂ ਆਪਣੇ ਐਪ ਨੂੰ ਅਪਡੇਟ ਕਰ ਸਕਦੇ ਹੋ। ਨਵੇਂ ਫੀਚਰ ਨੂੰ ਵਟਸਐਪ ਦੇ ਐਂਡਰਾਇਡ ਦੇ ਬੀਟਾ ਵਰਜ਼ਨ 2.24.7.12 'ਤੇ ਦੇਖਿਆ ਗਿਆ ਹੈ।
ਦੱਸ ਦੇਈਏ ਕਿ ਫਿਲਹਾਲ ਜੇਕਰ ਤੁਸੀਂ ਕਿਸੇ ਵੈੱਬ ਲਿੰਕ ਨੂੰ ਕਿਸੇ ਨਾਲ ਸ਼ੇਅਰ ਕਰਦੇ ਹੋ ਤਾਂ ਉਸਦਾ ਪ੍ਰੀਵਿਊ ਦਿਸਦਾ ਹੈ। ਇਸ ਪ੍ਰੀਵਿਊ 'ਚ ਮੈਟਾ ਡਿਸਕ੍ਰਿਪਸ਼ਨ ਅਤੇ ਟਾਈਟਲ ਨਜ਼ਰ ਆਉਂਦਾ ਹੈ। ਇਸ ਨਾਲ ਵੈੱਬ ਲਿੰਕ ਦੀ ਕਾਫੀ ਹੱਦ ਤਕ ਜਾਣਕਾਰੀ ਪਹਿਲਾਂ ਹੀ ਮਿਲ ਜਾਂਦੀ ਹੈ ਪਰ ਕਈ ਵਾਰ ਇਹ ਜਾਣਕਾਰੀ ਗੁੰਮਰਾਹ ਕਰਨ ਵਾਲੀ ਵੀ ਹੁੰਦੀ ਹੈ। ਵਟਸਐਪ ਹੁਣ ਇਸਨੂੰ ਬੰਦ ਕਰਨ ਜਾ ਰਿਹਾ ਹੈ।