ਦੁਬਈ ਏਅਰਪੋਰਟ ''ਤੇ ਲੱਗੇਗੀ ਦੁਨੀਆ ਦੀ ਸਭ ਤੋਂ ਵੱਧ ਸਕਿਓਰ ਪੈਸੰਜਰ ਸਕੈਨਿੰਗ ਤਕਨੀਕ

Thursday, Oct 12, 2017 - 11:24 AM (IST)

ਦੁਬਈ ਏਅਰਪੋਰਟ ''ਤੇ ਲੱਗੇਗੀ ਦੁਨੀਆ ਦੀ ਸਭ ਤੋਂ ਵੱਧ ਸਕਿਓਰ ਪੈਸੰਜਰ ਸਕੈਨਿੰਗ ਤਕਨੀਕ

ਜਲੰਧਰ- ਵਿਦੇਸ਼ ਜਾਣ ਤੋਂ ਪਹਿਲਾਂ ਵਿਅਕਤੀ ਦੇ ਸਾਮਾਨ ਤੇ ਉਸਦੀ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਕੋਈ ਵੀ ਗੈਰਕਾਨੂੰਨੀ ਤਰੀਕੇ ਨਾਲ ਕਿਤੇ ਆ-ਜਾ ਨਾ ਸਕੇ। ਅਜਿਹੇ ਵਿਚ ਦੁਬਈ ਵਰਗੀ ਮਸ਼ਹੂਰ ਥਾਂ 'ਤੇ ਹਰ ਸਾਲ ਆਉਣ-ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੇ ਅਜਿਹਾ ਹੀ ਚਲਦਾ ਰਿਹਾ ਤਾਂ ਸਾਲ 2020 ਤੱਕ ਮੁਸਾਫਰਾਂ ਦੀ ਗਿਣਤੀ 124 ਮਿਲੀਅਨ ਤੱਕ ਵੱਧ ਸਕਦੀ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਘੱਟ ਸਮੇਂ ਵਿਚ ਜ਼ਿਆਦਾ ਮੁਸਾਫਰਾਂ ਦੇ ਨਿਕਾਸ ਅਤੇ ਉਨ੍ਹਾਂ ਦੀ ਸਕੈਨਿੰਗ ਕਰਨ ਲਈ ਦੁਬਈ ਇੰਟਰਨੈਸ਼ਨਲ ਏਅਰਪੋਰਟ ਨੇ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ਨਾਲ ਭਰਪੂਰ ਇਕ ਅਜਿਹਾ ਵਰਚੁਅਲ ਐਕਵੇਰੀਅਮ ਬਣਾਇਆ ਹੈ, ਜੋ ਕੁਝ ਵੀ ਸਕਿੰਟਾਂ ਵਿਚ ਉਸਦੀਆਂ ਅੱਖਾਂ ਤੇ ਚਿਹਰੇ ਦੀ ਸਕੈਨਿੰਗ ਕਰੇਗਾ, ਜਿਸ ਨਾਲ ਘੱਟ ਸਮੇਂ ਵਿਚ ਜ਼ਿਆਦਾ ਯਾਤਰੀਆਂ ਦੀ ਚੈਕਿੰਗ ਕਰਨਾ ਸੰਭਵ ਹੋ ਜਾਵੇਗਾ।

ਸੁਰੰਗ 'ਚ ਦਿਖਾਈਆਂ ਜਾਣਗੀਆਂ ਹਾਈ ਰੈਜ਼ੋਲਿਊਸ਼ਨ ਤਸਵੀਰਾਂ
ਸੁਰੰਗ ਵਾਂਗ ਬਣਾਏ ਗਏ ਇਸ ਵਰਚੁਅਲ ਐਕਵੇਰੀਅਮ ਟਨਲ ਵਿਚ ਹਾਈ ਰੈਜ਼ੋਲਿਊਸ਼ਨ ਦੀਆਂ ਤਸਵੀਰਾਂ, ਸੀਨਰੀਜ਼ ਤੇ ਵਿਗਿਆਪਨ ਦਿਖਾਏ ਜਾਣਗੇ। ਜਿਵੇਂ ਹੀ ਮੁਸਾਫਰ ਇਸ ਸੁਰੰਗ ਦੇ ਅਖੀਰ ਤੱਕ ਪਹੁੰਚੇਗਾ ਤਾਂ ਉਸਦੇ ਰਜਿਸਟਰ ਹੋਣ 'ਤੇ ਗ੍ਰੀਨ ਮੈਸੇਜ ਦੇ ਨਾਲ ਹੈਵ-ਏ-ਨਾਈਸ ਟ੍ਰਿਪ ਸ਼ੋਅ ਹੋਵੇਗਾ ਅਤੇ ਜੇ ਵਿਅਕਤੀ ਕਿਸੇ ਕੇਸ ਵਿਚ ਦੋਸ਼ੀ ਹੈ ਜਾਂ ਫਿਰ ਅਪਰਾਧੀ ਹੈ ਤਾਂ ਇਹ ਰੈੱਡ ਸਿਗਨਲ ਦੇਣ ਦੇ ਨਾਲ ਸਕਿਉਰਿਟੀ ਨੂੰ ਅਲਰਟ ਵੀ ਕਰੇਗਾ।

ਹਰ ਦਿਸ਼ਾ ਤੋਂ ਹੋਵੇਗੀ ਚਿਹਰੇ ਦੀ ਸਕੈਨਿੰਗ
ਦੁਬਈ ਵਿਦੇਸ਼ੀ ਮਾਮਲਿਆਂ ਦੇ ਉਪ ਜਨਰਲ ਡਾਇਰੈਕਟਰ ਮੇਜਰ ਜਨਰਲ ਓਬੈਦ ਅਲ ਹਮੀਰੀ ਨੇ ਦੱਸਿਆ ਕਿ ਅਸੀਂ ਮੱਛੀ ਨੂੰ ਇਸ ਸੁਰੰਗ ਵਿਚ ਲੱਗੀ ਡਿਸਪਲੇ 'ਤੇ ਦਿਖਾਇਆ ਹੈ, ਜਿਸ 'ਤੇ ਧਿਆਨ ਦਿੰਦੇ ਹੋਏ ਇਸ ਵਿਚ ਚੱਲ ਰਹੇ ਵਿਅਕਤੀ ਨੇ ਸਾਰੇ ਕਿਨਾਰਿਆਂ ਵੱਲ ਦੇਖਿਆ, ਜਿਸ ਨਾਲ ਇਸ ਵਿਚ ਲੱਗੇ ਕੈਮਰਿਆਂ ਨੇ ਉਸਦੇ ਚਿਹਰੇ ਨੂੰ ਹਰ ਦਿਸ਼ਾ ਤੋਂ ਸਕੈਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੁਰੰਗ ਤੋਂ ਨਿਕਲਣ 'ਤੇ ਆਮ ਯਾਤਰੀ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਉਸਦੀ ਸਕੈਨਿੰਗ ਹੋ ਚੁੱਕੀ ਹੈ।

2018 ਤੱਕ ਲੱਗੇਗਾ ਪਹਿਲਾ ਵਰਚੁਅਲ ਐਕਵੇਰੀਅਮ ਟਨਲ
ਇਸ ਪ੍ਰਾਜੈਕਟ ਨੂੰ ਦੁਬਈ ਏਅਰਪੋਰਟ ਅਤੇ ਏਅਰਲਾਈਨ ਐਮੀਰੇਟਸ ਨਾਲ ਸਾਂਝੇਦਾਰੀ ਕਰ ਕੇ ਬਣਾਇਆ ਗਿਆ ਹੈ। ਦੁਬਈ ਏਅਰਪੋਰਟ ਦਾ ਪਲਾਨ ਹੈ ਕਿ ਇਸ ਤਕਨੀਕ ਨਾਲ ਬਣਾਏ ਗਏ ਪਹਿਲੇ ਵਰਚੁਅਲ ਐਕਵੇਰੀਅਮ ਟਨਲ ਨੂੰ ਸਾਲ 2018 ਦੇ ਅਖੀਰ ਤੱਕ ਟਰਮੀਨਲ 3 'ਤੇ ਲਾ ਦਿੱਤਾ ਜਾਵੇਗਾ। ਉਥੇ ਹੀ ਹੋਰ ਟਰਮੀਨਲਸ 'ਤੇ ਇਸ ਨੂੰ 2020 ਤੱਕ ਲਾਉਣਾ ਸੰਭਵ ਹੋਵੇਗਾ।


Related News