TRAI ਨੇ ਲਾਂਚ ਕੀਤੀ ਨਵੀਂ ਐਪ, ਹੁਣ ਆਸਾਨੀ ਨਾਲ ਚੁਣ ਸਕੋਗੇ ਪਸੰਦੀਦਾ ਟੀਵੀ ਚੈਨਲ
Friday, Jun 26, 2020 - 11:00 AM (IST)
ਗੈਜੇਟ ਡੈਸਕ– ਟਰਾਈ ਨੇ ਡੀ.ਟੀ.ਐੱਚ. ਸਬਸਕ੍ਰਾਈਬਰਾਂ ਦੀਆਂ ਲੋੜਾਂ ’ਤੇ ਧਿਆਨ ਦਿੰਦੇ ਹੋਏ ਨਵੀਂ TV Channel Selector ਐਪ ਲਾਂਚ ਕੀਤੀ ਹੈ। ਇਸ ਐਪ ਨਾਲ ਗਾਹਕ ਆਪਣੀ ਡੀ.ਟੀ.ਐੱਚ./ਕੇਬਲ ਸਬਸਕ੍ਰਿਪਸ਼ਨ ਦੀ ਜਾਂਚ ਕਰਨ ਦੇ ਨਾਲ ਹੀ ਆਫਰ ਕੀਤੇ ਜਾ ਰਹੇ ਪੈਕ ਬਾਰੇ ਵੀ ਜਾਣਕਾਰੀ ਲੈ ਸਕਣਗੇ। ਇਸ ਐਪ ਦੀ ਖ਼ਾਸੀਅਤ ਹੈ ਕਿ ਇਸ ਨਾਲ ਗਾਹਕ ਨੂੰ ਰੀਅਲ ਟਾਈਮ ਡਾਟਾ ਮਿਲਦਾ ਹੈ। ਟਰਾਈ ਨੇ ਕਿਹਾ ਕਿ ਇਹ ਐਪ ਸਰਵਿਸ ਪ੍ਰੋਵਾਈਡਰ ਤੋਂ API ਰਾਹੀਂ ਸਬਸਕ੍ਰਾਈਬਰ ਦਾ ਡਾਟਾ ਚੁਕਦੀ ਹੈ।
ਟਰਾਈ ਦੀ ਚੈਨਲ ਸਿਲੈਕਟਰ ਐਪ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ’ਤੇ ਮੁਹੱਈਆ ਕਰਵਾਇਆ ਗਿਆ ਹੈ। ਇਸ ਐਪ ਦੀ ਵਰਤੋਂ ਕਰਨ ਲਈ ਤੁਹਾਨੂੰ ਪਹਿਲਾਂ ਇਸ ਵਿਚ ਸਰਵਿਸ ਪ੍ਰੋਵਾਈਡਰ ਨੂੰ ਸਿਲੈਕਟ ਕਰਕੇ ਮੋਬਾਇਲ ਨੰਬਰ, ਸਬਸਕ੍ਰਾਈਬਰ ਆਈ.ਡੀ. ਜਾਂ ਸੈੱਟ-ਟਾਪ ਬਾਕਸ ਨੰਬਰ ਭਰਨਾ ਹੋਵੇਗਾ। ਇਸ ਤੋਂ ਬਾਅਦ ਗਾਹਕ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਇਕ ਓ.ਟੀ.ਪੀ. ਆਏਗਾ। ਟਰਾਈ ਨੇ ਦੱਸਿਆ ਹੈ ਕਿ ਰਜਿਸਟਰਡ ਮੋਬਾਇਲ ਨੰਬਰ ਨਾ ਹੋਣ ਦੀ ਹਾਲਤ ’ਚ ਗਾਹਕ ਨੂੰ ਓ.ਟੀ.ਪੀ. ਟੀਵੀ ਸਕਰੀਨ ’ਤੇ ਮਿਲੇਗਾ।
ਆਸਾਨੀ ਨਾਲ ਚੁਣ ਸਕੋਗੇ ਪਸੰਦੀਦਾ ਚੈਨਲ
ਇਸ ਐਪ ਰਾਹੀਂ ਤੁਸੀਂ ਆਪਣੇ ਪਸੰਦੀਦਾ ਚੈਨਲ ਚੁਣ ਸਕਦੇ ਹੋ। ਇਸ ਦੇ ਨਾਲ ਹੀ ਗਾਹਕ ਉਨ੍ਹਾਂ ਚੈਨਲਾਂ ਨੂੰ ਹਟਾ ਵੀ ਸਕਦੇ ਹਨ ਜਿਨ੍ਹਾਂ ਨੂੰ ਉਹ ਵੇਖਦੇ ਨਹੀਂ। ਟਰਾਈ ਮੁਤਾਬਕ, ਇਹ ਐਪ ਅਜੇ ਚੁਣੇ ਹੋਏ ਡੀ.ਟੀ.ਐੱਚ. ਆਪਰੇਟਰਾਂ ਅਤੇ ਮਲਟੀ ਸਿਸਟਮ ਆਪਰੇਟਰਾਂ ਨਾਲ ਕੰਮ ਕਰ ਰਹੀ ਹੈ ਜਿਨ੍ਹਾਂ ’ਚ ਏਅਰਟੈੱਲ, ਡੀ2ਐੱਚ, ਡਿਸ਼ ਟੀਵੀ, ਹੈਥਵੇਅ ਡਿਜੀਟਲ, ਇਨਡਿਜੀਟਲ, ਸਿਟੀ ਨੈੱਟਵਰਕ ਅਤੇ ਟਾਟਾ ਸਕਾਈ ਆਦਿ ਸ਼ਾਮਲ ਹਨ।