TikTok ਨੂੰ ਲੈ ਕੇ ਅਮਰੀਕਾ 'ਚ ਵਧੀ ਚਿੰਤਾ, ਤੇਜ਼ੀ ਨਾਲ ਐਪ ਡਿਲੀਟ ਕਰ ਰਹੇ ਲੋਕ, ਜਾਣੋ ਵਜ੍ਹਾ

Tuesday, Jan 27, 2026 - 03:51 PM (IST)

TikTok ਨੂੰ ਲੈ ਕੇ ਅਮਰੀਕਾ 'ਚ ਵਧੀ ਚਿੰਤਾ, ਤੇਜ਼ੀ ਨਾਲ ਐਪ ਡਿਲੀਟ ਕਰ ਰਹੇ ਲੋਕ, ਜਾਣੋ ਵਜ੍ਹਾ

ਗੈਜੇਟ ਡੈਸਕ- ਅਮਰੀਕਾ 'ਚ ਆਪਣੇ ਕਾਰੋਬਾਰ ਲਈ ਨਵੇਂ ਜੁਆਇੰਟ ਵੈਂਚਰ ਦੀ ਘੋਸ਼ਣਾ ਕਰਨ ਤੋਂ ਬਾਅਦ ਲੋਕਪ੍ਰਿਯ ਸੋਸ਼ਲ ਮੀਡੀਆ ਐਪ ਟਿਕਟੌਕ ਮੁਸ਼ਕਿਲਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਨਵੀਂ ਪ੍ਰਾਈਵੇਸੀ ਪਾਲਿਸੀ ਅਤੇ ਨਿੱਜੀ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਪੈਦਾ ਹੋਏ ਖ਼ਦਸ਼ਿਆਂ ਕਾਰਨ ਅਮਰੀਕੀ ਯੂਜ਼ਰਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਲੱਖਾਂ ਲੋਕ ਇਸ ਐਪ ਨੂੰ ਤੇਜ਼ੀ ਨਾਲ ਡਿਲੀਟ ਕਰ ਰਹੇ ਹਨ।

ਮਾਰਕੀਟ ਰਿਸਰਚ ਕੰਪਨੀ ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ, ਪਿਛਲੇ 5 ਦਿਨਾਂ ਵਿੱਚ ਟਿਕਟੌਕ ਡਿਲੀਟ ਕਰਨ ਵਾਲੇ ਅਮਰੀਕੀ ਯੂਜ਼ਰਜ਼ ਦੀ ਗਿਣਤੀ ਵਿੱਚ ਪਿਛਲੇ ਤਿੰਨ ਮਹੀਨਿਆਂ ਦੀ ਔਸਤ ਦੇ ਮੁਕਾਬਲੇ 150 ਫੀਸਦੀ ਦਾ ਵੱਡਾ ਉਛਾਲ ਦੇਖਿਆ ਗਿਆ ਹੈ। ਵਿਵਾਦ ਦੀ ਅਸਲ ਵਜ੍ਹਾ ਐਡਮ ਪ੍ਰੇਸਰ ਦੀ ਅਗਵਾਈ ਵਿੱਚ ਬਣੇ ਨਵੇਂ ਜੁਆਇੰਟ ਵੈਂਚਰ ਤੋਂ ਬਾਅਦ ਯੂਜ਼ਰਜ਼ ਨੂੰ ਮਿਲ ਰਿਹਾ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਨੋਟੀਫਿਕੇਸ਼ਨ ਹੈ।

ਨਿੱਜੀ ਜਾਣਕਾਰੀਆਂ ਦੀ ਚੋਰੀ ਹੋਣ ਦਾ ਡਰ

ਯੂਜ਼ਰਜ਼ ਵਿੱਚ ਇਸ ਗੱਲ ਨੂੰ ਲੈ ਕੇ ਡਰ ਹੈ ਕਿ ਨਵੀਂ ਪਾਲਿਸੀ ਤਹਿਤ ਟਿਕਟੌਕ ਉਨ੍ਹਾਂ ਦੀਆਂ ਬੇਹੱਦ ਸੰਵੇਦਨਸ਼ੀਲ ਜਾਣਕਾਰੀਆਂ ਇਕੱਠੀਆਂ ਕਰ ਸਕਦਾ ਹੈ। ਇਸ ਵਿੱਚ ਯੂਜ਼ਰ ਦੀ ਜਾਤੀ, ਨਸਲ, ਜਿਨਸੀ ਪਛਾਣ, ਟ੍ਰਾਂਸਜੈਂਡਰ ਸਟੇਟਸ, ਇਮੀਗ੍ਰੇਸ਼ਨ ਸਟੇਟਸ ਅਤੇ ਵਿੱਤੀ ਰਿਕਾਰਡ ਤੱਕ ਸ਼ਾਮਲ ਹਨ। ਹਾਲਾਂਕਿ ਰਿਪੋਰਟਾਂ ਅਨੁਸਾਰ ਇਹ ਸ਼ਰਤਾਂ ਅਗਸਤ 2024 ਦੀ ਪਾਲਿਸੀ ਵਿੱਚ ਵੀ ਸਨ, ਪਰ ਨਵੇਂ ਬਦਲਾਅ ਨੇ ਇਸ ਚਿੰਤਾ ਨੂੰ ਮੁੜ ਹਵਾ ਦੇ ਦਿੱਤੀ ਹੈ।

ਭਰੋਸਾ ਘੱਟ ਹੋਣ ਕਾਰਨ ਕਈ ਮਸ਼ਹੂਰ ਕੰਟੈਂਟ ਕ੍ਰਿਏਟਰਸ ਵੀ ਟਿਕਟੌਕ ਨੂੰ ਅਲਵਿਦਾ ਕਹਿ ਰਹੇ ਹਨ। 4 ਲੱਖ ਫਾਲੋਅਰਜ਼ ਵਾਲੀ ਡ੍ਰੇ ਰੋਨੇਨ ਅਤੇ 40 ਲੱਖ ਤੋਂ ਵੱਧ ਫਾਲੋਅਰਜ਼ ਵਾਲੀ ਨਾਦਿਆ ਓਕਾਮੋਟੋ ਵਰਗੇ ਕ੍ਰਿਏਟਰਸ ਨੇ ਪਲੇਟਫਾਰਮ ਛੱਡਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ, ਡਾਟਾ ਸੈਂਟਰ ਵਿੱਚ ਬਿਜਲੀ ਜਾਣ ਕਾਰਨ ਆਈਆਂ ਤਕਨੀਕੀ ਦਿੱਕਤਾਂ ਨੇ ਵੀ ਯੂਜ਼ਰਸ ਦੇ ਗੁੱਸੇ ਨੂੰ ਵਧਾਇਆ ਹੈ।

ਟਿਕਟੌਕ 'ਤੇ ਚੱਲ ਰਹੇ ਇਸ ਵਿਵਾਦ ਦਾ ਫਾਇਦਾ ਉਸ ਦੀਆਂ ਵਿਰੋਧੀ ਐਪਸ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ UpScrolled ਵਿੱਚ 1000 ਫੀਸਦੀ ਅਤੇ Skylight Social ਵਿੱਚ 919 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਅਨਿਸ਼ਚਿਤ ਮਾਹੌਲ ਨੂੰ ਦੇਖਦੇ ਹੋਏ ਜ਼ਿਆਦਾਤਰ ਕ੍ਰਿਏਟਰ ਹੁਣ ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ਵੱਲ ਸ਼ਿਫਟ ਹੋ ਰਹੇ ਹਨ।


author

Rakesh

Content Editor

Related News