5ਜੀ ਸੇਵਾਵਾਂ ਦੀ ਗੁਣਵੱਤਾ ’ਤੇ ਵਿਸ਼ੇਸ਼ ਧਿਆਨ ਦੇ ਰਹੀਆਂ ਦੂਰਸੰਚਾਰ ਕੰਪਨੀਆਂ
Monday, Apr 10, 2023 - 10:44 AM (IST)
ਨਵੀਂ ਦਿੱਲੀ, (ਭਾਸ਼ਾ)- ਦੂਰਸੰਚਾਰ ਆਪ੍ਰੇਟਰਾਂ ਦੇ ਸੰਗਠਨ ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਨੇ ਕਿਹਾ ਹੈ ਕਿ 5ਜੀ ਸੇਵਾ ਸ਼ੁਰੂ ਕਰਨ ਵਾਲੀਆਂ ਦੂਰਸੰਚਾਰ ਕੰਪਨੀਆਂ ਸੇਵਾ ਦੀ ਗੁਣਵੱਤਾ ’ਤੇ ਧਿਆਨ ਦੇ ਰਹੀਆਂ ਹਨ। ਸੀ. ਓ. ਏ. ਆਈ. ਨੇ ਹਾਲਾਂਕਿ ਕਿਹਾ ਕਿ ਦੇਸ਼ਭਰ ’ਚ 5ਜੀ ਨੈੱਟਵਰਕ ਉਪਲੱਬਧ ਹੋਣ ਤੋਂ ਬਾਅਦ ਹੀ ਸ਼ਹਿਰੀ-ਦਿਹਾਤੀ ਖੇਤਰਾਂ ’ਚ ਇਸ 5ਵੀਂ ਪੀੜ੍ਹੀ ਦੀ ਸੇਵਾ ਦਾ ਨਿਰਵਿਘਨ ਲਾਭ ਲਿਆ ਜਾ ਸਕੇਗਾ।
ਸੀ. ਓ. ਏ. ਆਈ. ਦੇ ਡਾਇਰੈਕਟਰ ਜਨਰਲ ਐੱਸ. ਪੀ. ਕੋਚਰ ਨੇ ਕਿਹਾ ਕਿ ਭਾਰਤ ’ਚ 5ਜੀ ਸੇਵਾ ਸ਼ੁਰੂ ਹੋਣ ਦੀ ਰਫਤਾਰ ਦੁਨੀਆ ’ਚ ਸਭ ਤੋਂ ਤੇਜ਼ ਹੈ। 5ਜੀ ਸੇਵਾ ਲੜੀਵਾਰ ਤਰੀਕੇ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲਾਂ ਇਹ ਸ਼ਹਿਰੀ ਖੇਤਰਾਂ ’ਚ ਸ਼ੁਰੂ ਹੋ ਰਹੀ ਹੈ, ਉਸ ਤੋਂ ਬਾਅਦ ਦਿਹਾਤੀ ਖੇਤਰਾਂ ’ਚ ਪੁੱਜੇਗੀ। 5ਜੀ ਸੇਵਾ ਦਾ ਸਾਰਾ ਲਾਭ ਆਉਣ ’ਚ ਕੁਝ ਸਮਾਂ ਲੱਗੇਗਾ। ਜਿਨ੍ਹਾਂ ਖੇਤਰਾਂ ’ਚ 5ਜੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ, ਉਥੇ ਵਿਗਿਆਨਿਕ ਮਾਪਦੰਡਾ ’ਤੇ ਅਲਟ੍ਰਾ ਹਾਈ ਸਪੀਡ ਨੈੱਟਵਰਕ ਮਿਲ ਰਿਹਾ ਹੈ।
ਜਿੱਥੇ ਵੀ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਉੱਥੇ ਦੂਰਸੰਚਾਰ ਸੇਵਾਦਾਤਾ ਗੁਣਵੱਤਾ ਨੂੰ ਲੈ ਕੇ ਬਹੁਤ ਚੌਕਸ ਹਨ ਕਿਉਂਕਿ ਇਹ ਉਨ੍ਹਾਂ ਦੇ ਹਿੱਤ ’ਚ ਹੈ। ਮੁਕਾਬਲੇਬਾਜ਼ੀ ਇੰਨੀ ਜ਼ਿਆਦਾ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਕਾਰੋਬਾਰ ਤੋਂ ਬਾਹਰ ਹੋ ਸਕਦੇ ਹਨ। ਇਸ ਲਈ ਉਹ ਸਰਵਸ੍ਰੇਸ਼ਠ ਗੁਣਵੱਤਾ ਦੇਣਗੇ ਅਤੇ ਉਹ ਇਹੀ ਕਰ ਰਹੇ ਹਨ। ਦੂਰਸੰਚਾਰ ਸੇਵਾਦਾਤਾ ਕੰਪਨੀਆਂ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਭਾਰਤ ਦੇ ਕਈ ਸ਼ਹਿਰਾਂ ’ਚ 5ਜੀ ਸੇਵਾ ਸ਼ੁਰੂ ਕਰ ਚੁੱਕੀਆਂ ਹਨ।