ਭਾਰਤੀ ਕੰਪਨੀ ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ 4G/5G ਚਿੱਪ
Friday, Mar 01, 2019 - 02:09 PM (IST)

ਗੈਜੇਟ ਡੈਸਕ– ਇੰਟਰਨੈੱਟ ਜਿਵੇਂ-ਜਿਵੇਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ, ਉਸ ਦੇ ਖਤਰੇ ਵੀ ਵਧਦੇ ਜਾ ਰਹੇ ਹਨ। ਅਜਿਹੇ ’ਚ ਇੰਟਰਨੈੱਟ ਯੂਜ਼ਰਜ਼ ਅਤੇ ਆਮ ਲੋਕਾਂ ਦੇ ਡਾਟਾ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਵਧਣ ਲੱਗੀਆਂ ਹਨ। ਇਨ੍ਹਾਂ ਹੀ ਚਿੰਤਾਵਾਂ ਤੋਂ ਰਾਹਤ ਪਾਉਣ ਲਈ ਭਾਰਤ ਨੇ ਚਿੱਪ ਨਿਰਮਾਣ ਖੇਤਰ ’ਚ ਅਹਿਮ ਕਦਮ ਚੁੱਕਿਆ ਹੈ। ਚਿੱਪ ਨਿਰਮਾਣ ਦੇ ਮਾਮਲਿਆਂ ’ਚ ਭਾਰਤ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਖੁਦ ਦੀ ਟੈਕਨਾਲੋਜੀ ਹੈ।
ਬੈਂਗਲੁਰੂ ਸਥਿਤ ਕੰਪਨੀ ਸਿਗਨਲਚਿੱਪ ਨੇ ਇਕ ਪ੍ਰੋਗਰਾਮ ’ਚ ਭਾਰਤ ਦੇ ਪਹਿਲੇ ਸੈਮੀ-ਕੰਡਕਟਰ ਚਿੱਪ ਤੋਂ ਪਰਦਾ ਹਟਾਇਆ ਹੈ। ਇਹ ਕੰਪਨੀ ਟੈਲੀਕਾਮ ਸੈਂਟਰਾਂ ਲਈ 4G LTE ਅਤੇ 5G NR ਮੋਡਮ ਲਈ ਚਿੱਪ ਬਣਾਉਂਦੀ ਹੈ। ਸੈਮੀ-ਕੰਡਕਟਰ ਚਿੱਪ ਦੇ ਲਾਂਚ ਮੌਕੇ ਦੂਰਸੰਚਾਰ ਮੰਤਰੀ ਅਰੁਣਾ ਸੁੰਦਰਰਾਜਨ ਨੇ ਡਾਟਾ ਸਕਿਓਰਿਟੀ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਜਦੋਂ ਤਕ ਭਾਰਤ ਖੁਦ ਆਪਣੀਆਂ ਚਿੱਪਸ ਨਹੀਂ ਬਣਾਏਗਾ, ਉਦੋਂ ਤਕ ਡਾਟਾ ਦੇ ਮਾਮਲੇ ’ਚ ਸੁਰੱਖਿਅਤ ਨਹੀਂ ਰਹਿ ਸਕਦਾ। ਅਰੁਣਾ ਸੁੰਦਰਰਾਜਨ ਨੇ ਅੱਗੇ ਕਿਹਾ ਕਿ ਡਾਟਾ ਸੁਰੱਖਿਆ ਲਈ ਭਾਰਤ ਨੂੰ ਰਾਇਲਟੀ ਪੇਮੈਂਟ ’ਚ ਵੀ ਕਾਫੀ ਜ਼ਿਆਦਾ ਖਰਚ ਕਰਨਾ ਪਿਆ ਹੈ। ਚਿੱਪ ਬਣਾਉਣ ’ਤੇ ਇਸ ਖਰਚ ਤੋਂ ਵੀ ਬਚਾ ਸਕਦਾ ਹੈ। ਉਨ੍ਹਾਂ ਮਹੱਤਵਪੂਰਨ ਸੂਚਨਾ ਅਤੇ ਸੰਚਾਰ ਤਕਨੀਕ ’ਚ ਭਾਰਤ ਦੇ ਪ੍ਰਮੁੱਖ ਬਣਨ ਦੀ ਲੋੜ ’ਤੇ ਜ਼ੋਰ ਦਿੱਤਾ।
ਸਿਗਨਲਚਿੱਪ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਿਮਾਂਸ਼ੁ ਖਸਨਿਸ ਨੇ ਕਿਹਾ ਕਿ ਕੰਬਾਇੰਡ ਮਲਟੀ-ਸਟੈਂਡਰਡ ਆਨ ਚਿੱਪ (SoC) ਘੱਟ ਕੀਮਤ ਦੇ ਛੋਟੇ ਇੰਡੋਰ ਸੇਲ ਤੋਂ ਲੈ ਕੇ ਉੱਚ ਪ੍ਰਦਰਸ਼ਨ ਵਾਲੇ ਪ੍ਰਧਾਨ ਕੇਂਦਰਾਂ ਦੇ ਵਿਆਪਕ ਕਾਰਕਾਂ ਲਈ ਮੁੱਢਲੇ ਕੇਂਦਰਾਂ ਦੀ ਸੇਵਾ ਪ੍ਰਦਾਨ ਕਰੇਗਾ।