Samsung ਦੇ ਗਾਹਕਾਂ ਨੂੰ ਵੱਡਾ ਝਟਕਾ, ਸਮਾਰਟਫ਼ੋਨ ਕਰ''ਤੇ ਮਹਿੰਗੇ
Wednesday, Aug 19, 2026 - 02:13 AM (IST)
ਨਵੀਂ ਦਿੱਲੀ : ਸਮਾਰਟਫ਼ੋਨ ਬਣਾਉਣ ਵਾਲੀ ਦਿੱਗਜ ਕੰਪਨੀ ਸੈਮਸੰਗ ਨੇ ਭਾਰਤ ਵਿੱਚ ਆਪਣੇ ਬਜਟ ਅਤੇ ਮਿਡ-ਰੇਂਜ 5G ਸਮਾਰਟਫ਼ੋਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਕੀਤੀ ਗਈ ਨਵੀਂ ਕੀਮਤ ਸੂਚੀ ਮੁਤਾਬਕ, ਇਹ ਨਵੀਆਂ ਕੀਮਤਾਂ 18 ਅਗਸਤ 2026 ਤੋਂ ਲਾਗੂ ਹੋ ਗਈਆਂ ਹਨ।
ਇਸ ਬਦਲਾਅ ਦੇ ਤਹਿਤ ਸੈਮਸੰਗ ਦੇ Galaxy M17 5G, M17e 5G, F70e 5G ਅਤੇ F17 5G ਦੇ ਕਈ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਇਹ ਬਦਲਾਅ ਅਜਿਹੇ ਸਮੇਂ ਆਇਆ ਹੈ ਜਦੋਂ 20 ਹਜ਼ਾਰ ਰੁਪਏ ਦੇ ਆਸ-ਪਾਸ ਵਾਲੇ ਫ਼ੋਨ ਬਾਜ਼ਾਰ ਵਿੱਚ ਕਾਫ਼ੀ ਮੁਕਾਬਲਾ ਹੈ, ਜਿਸ ਕਾਰਨ ਸੈਮਸੰਗ ਦੇ ਇਨ੍ਹਾਂ ਮਾਡਲਾਂ ਦੀ ਨਵੀਂ ਕੀਮਤ ਸਿੱਧੇ ਤੌਰ 'ਤੇ ਗਾਹਕਾਂ ਦੇ ਖਰੀਦਦਾਰੀ ਦੇ ਫੈਸਲੇ 'ਤੇ ਅਸਰ ਪਾ ਸਕਦੀ ਹੈ। ਪਹਿਲਾਂ ਬਾਜ਼ਾਰ ਵਿੱਚ ਬਜਟ ਸਮਾਰਟਫ਼ੋਨ 10 ਹਜ਼ਾਰ ਰੁਪਏ ਦੇ ਅੰਦਰ ਮਿਲ ਜਾਂਦੇ ਸਨ, ਪਰ ਹੁਣ 20 ਹਜ਼ਾਰ ਰੁਪਏ ਦੀ ਸ਼੍ਰੇਣੀ ਨੂੰ ਬਜਟ ਫ਼ੋਨ ਕਿਹਾ ਜਾਣ ਲੱਗਾ ਹੈ।
ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ Galaxy M17 5G ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਵਿੱਚ ਹੋਇਆ ਹੈ, ਜਿਸ ਦੀ ਕੀਮਤ 21,999 ਰੁਪਏ ਤੋਂ ਵਧ ਕੇ 24,999 ਰੁਪਏ ਹੋ ਗਈ ਹੈ। ਯਾਨੀ ਗਾਹਕਾਂ ਨੂੰ ਹੁਣ ਇਸ ਮਾਡਲ ਲਈ 3,000 ਰੁਪਏ ਜ਼ਿਆਦਾ ਦੇਣੇ ਪੈਣਗੇ।
Galaxy M17 5G ਦੇ ਤਿੰਨਾਂ ਵੇਰੀਐਂਟਸ ਦੀਆਂ ਨਵੀਆਂ ਕੀਮਤਾਂ ਹੇਠ ਲਿਖੇ ਅਨੁਸਾਰ ਹਨ:
4GB ਰੈਮ + 128GB ਸਟੋਰੇਜ: ਹੁਣ 18,999 ਰੁਪਏ (ਪਹਿਲਾਂ 17,999 — 1,000 ਰੁਪਏ ਦਾ ਵਾਧਾ)
6GB ਰੈਮ + 128GB ਸਟੋਰੇਜ: ਹੁਣ 21,999 ਰੁਪਏ (ਪਹਿਲਾਂ 19,999 — 2,000 ਰੁਪਏ ਦਾ ਵਾਧਾ)
8GB ਰੈਮ + 128GB ਸਟੋਰੇਜ: ਹੁਣ 24,999 ਰੁਪਏ (ਪਹਿਲਾਂ 21,999 — 3,000 ਰੁਪਏ ਦਾ ਵਾਧਾ)
ਦੱਸਣਯੋਗ ਹੈ ਕਿ Galaxy M17 5G ਨੂੰ ਸੈਮਸੰਗ ਨੇ ਸਾਲ 2025 ਵਿੱਚ ਭਾਰਤ ਵਿੱਚ ਲਾਂਚ ਕੀਤਾ ਸੀ, ਜਿਸ ਵਿੱਚ 6.7 ਇੰਚ ਦੀ Super AMOLED ਡਿਸਪਲੇਅ, Exynos 1330 ਪ੍ਰੋਸੈਸਰ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ।
M17e 5G ਦੀ ਕੀਮਤ ਵੀ ਵਧੀ
ਸੈਮਸੰਗ ਨੇ ਆਪਣੇ Galaxy M17e 5G ਦੇ ਵੀ ਦੋ ਮਾਡਲਾਂ ਦੀ ਕੀਮਤ ਵਧਾ ਦਿੱਤੀ ਹੈ:
4GB ਰੈਮ + 128GB ਸਟੋਰੇਜ: ਹੁਣ 17,499 ਰੁਪਏ (ਪਹਿਲਾਂ 16,499 — 1,000 ਰੁਪਏ ਦਾ ਵਾਧਾ)
6GB ਰੈਮ + 128GB ਸਟੋਰੇਜ: ਹੁਣ 20,499 ਰੁਪਏ (ਪਹਿਲਾਂ 18,499 — 2,000 ਰੁਪਏ ਦਾ ਵਾਧਾ)
ਇਸ ਫ਼ੋਨ ਵਿੱਚ ਗਾਹਕਾਂ ਨੂੰ 6.7 ਇੰਚ ਦੀ ਡਿਸਪਲੇਅ, 6,000mAh ਦੀ ਬੈਟਰੀ ਅਤੇ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲਦਾ ਹੈ।
F70e 5G ਅਤੇ F17 5G ਦੀਆਂ ਕੀਮਤਾਂ ਵੀ ਹੋਈਆਂ ਤੇਜ਼
ਸੈਮਸੰਗ ਨੇ ਆਪਣੀ 'F ਸੀਰੀਜ਼' ਦੇ ਫ਼ੋਨਾਂ ਨੂੰ ਵੀ ਮਹਿੰਗਾ ਕਰ ਦਿੱਤਾ ਹੈ:
Galaxy F70e 5G: ਇਸ ਦੇ 4GB+128GB ਮਾਡਲ ਦੀ ਕੀਮਤ 1,000 ਰੁਪਏ ਦੇ ਵਾਧੇ ਨਾਲ ਹੁਣ 17,499 ਰੁਪਏ ਹੋ ਗਈ ਹੈ, ਜਦਕਿ 6GB+128GB ਮਾਡਲ 2,000 ਰੁਪਏ ਮਹਿੰਗਾ ਹੋ ਕੇ ਹੁਣ 20,499 ਰੁਪਏ ਦਾ ਹੋ ਗਿਆ ਹੈ।
Galaxy F17 5G: ਇਸ ਦੇ 6GB+128GB ਮਾਡਲ ਦੀ ਕੀਮਤ 21,999 ਰੁਪਏ ਤੋਂ ਵਧਾ ਕੇ 22,999 ਰੁਪਏ (1,000 ਰੁਪਏ ਦਾ ਵਾਧਾ) ਅਤੇ 8GB+128GB ਮਾਡਲ ਦੀ ਕੀਮਤ 23,999 ਰੁਪਏ ਤੋਂ ਵਧਾ ਕੇ 25,999 ਰੁਪਏ (2,000 ਰੁਪਏ ਦਾ ਵਾਧਾ) ਕਰ ਦਿੱਤੀ ਗਈ ਹੈ।
ਰਿਪੋਰਟਾਂ ਅਨੁਸਾਰ, ਹਾਲਾਂਕਿ ਕੰਪਨੀ ਨੇ ਨਵੀਂ ਕੀਮਤ ਸੂਚੀ ਜਾਰੀ ਕਰ ਦਿੱਤੀ ਹੈ, ਪਰ ਆਨਲਾਈਨ ਬਾਜ਼ਾਰਾਂ ਵਿੱਚ ਮਿਲਣ ਵਾਲੇ ਵੱਖ-ਵੱਖ ਆਫ਼ਰਾਂ ਦੇ ਚਲਦਿਆਂ ਇਨ੍ਹਾਂ ਫ਼ੋਨਾਂ ਦੀ ਅਸਲ ਵਿਕਰੀ ਕੀਮਤ ਘੱਟ ਹੋ ਸਕਦੀ ਹੈ।
