1 ਅਕਤੂਬਰ ਨੂੰ ਭਾਰਤ ’ਚ ਲਾਂਚ ਹੋਵੇਗਾ ਸੈਮਸੰਗ ਦਾ ਫੋਲਡੇਬਲ ਫੋਨ

09/25/2019 12:52:48 PM

ਗੈਜੇਟ ਡੈਸਕ– ਦਿੱਗਜ ਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ ਮੁੜਨ ਵਾਲੇ ਸਮਾਰਟਫੋਨ ਗਲੈਕਸੀ ਫੋਲਡ ਨੂੰ ਭਾਰਤ ’ਚ 1 ਅਕਤੂਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਭਾਰਤ ’ਚ ਇਹ ਫੋਨ 1 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਹੁਣ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਫੋਨ ਭਾਰਤੀ ਬਾਜ਼ਾਰ ’ਚ ਦਸਤਕ ਦੇਣ ਲਈ ਤਿਆਰ ਹੈ। ਫੋਨ ਨੂੰ ਹਾਲ ਹੀ ’ਚ ਸਾਊਥ ਕੋਰੀਆ ’ਚ ਲਾਂਚ ਕੀਤਾ ਗਿਆ ਸੀ। 

ਕੀਮਤ
ਭਾਰਤ ’ਚ ਇਸ ਫੋਨ ਦੀ ਕੀਮਤ 1.5 ਲੱਖ ਤੋਂ 1.75 ਲੱਖ ਰੁਪਏ ਤਕ ਹੋ ਸਕਦੀ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਫੋਨ ਨੂੰ ਪਹਿਲਾਂ 26 ਅਪ੍ਰੈਲ ਨੂੰ ਲਾਂਚ ਕਰਨ ਦੀ ਯੋਜਨਾ ਸੀ ਪਰ ਡਿਸਪਲੇਅ ’ਚ ਖਰਾਬੀ ਕਾਰਨ ਇਹ ਫੋਨ ਲਾਂਚ ਨਹੀਂ ਕੀਤਾ ਜਾ ਸਕਿਆ। 

ਡਿਸਪਲੇਅ ’ਚ ਖਰਾਬੀ ਦੇ ਚੱਲਦੇ ਲਾਂਚ ’ਚ ਦੇਰੀ
ਸੈਮਸੰਗ ਦੇ ਫੋਲਡੇਬਲ ਡਿਵਾਈਸ ਨੂੰ ਰੀਵਿਊ ਲਈ ਮਾਹਿਰਾਂ ਅਤੇ ਬਾਈਕ ਰੀਵਿਊਅਰਜ਼ ਨੂੰ ਦੇਣ ਤੋਂ ਬਾਅਦ ਗਲੈਕਸੀ ਫੋਲਡ ’ਚ ਦੋ ਵੱਡੀਆਂ ਸਮੱਸਿਆਵਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ’ਚੋਂ ਇਕ ਇਸ ਦੇ ਹਿੰਜ (ਮੁੜਨ ਵਾਲੀ ਥਾਂ) ਅਤੇ ਦੂਜੀ ਡਿਸਪਲੇਅ ’ਤੇ ਲੱਗੇ ਪ੍ਰੋਟੈਕਟਿਵ ਕਵਰ ਨਾਲ ਜੁੜੀ ਸੀ। ਕਈ ਮਾਹਿਰਾਂ ਨੇ ਸਕਰੀਨ ’ਤੇ ਲੱਗੀ ਲੇਅਰ ਨੂੰ ਪਲਾਸਟਿਕ ਲੇਅਰ ਸਮਝ ਕੇ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਡਿਸਪਲੇਅ ਖਰਾਬ ਹੋਣ ਦੇ ਮਾਮਲੇ ਸਾਹਮਣੇ ਆਏ ਸਨ, ਉਥੇ ਹੀ ਇਕ ਮਾਮਲੇ ’ਚ ਹਿੰਜ ਅਤੇ ਸਕਰੀਨ ਦੇ ਵਿਚ ਖਾਲੀ ਥਾਂ ’ਚ ਪਲੇਅ ਆਉਣ ਕਾਰਨ ਡਿਸਪਲੇਅ ਨੂੰ ਨੁਕਸਾਨ ਹੋਇਆ ਸੀ। ਸੈਮਸੰਗ ਨੇ ਇਨ੍ਹਾਂ ਦੋਵਾਂ ਖਾਪੀਆਂ ਨੂੰ ਦੂਰ ਕਰਨ ਲਈ ਜਿਥੇ ਪ੍ਰੋਟੈਕਟਿਵ ਲੇਅਰ ਨੂੰ ਸਕਰੀਨ ਦਾ ਹਿੱਸਾ ਬਣਾ ਦਿੱਤਾ ਹੈ, ਉਥੇ ਹੀ ਡਿਸਪਲੇਅ ਦੇ ਪਿੱਛੇ ਖਾਲੀ ਥਾਂ ਨੂੰ ਵੀ ਭਰ ਦਿੱਤਾ ਗਿਆ ਹੈ। 

ਇਨ੍ਹਾਂ ਖੂਬੀਆਂ ਨਾਲ ਲੈਸ ਹੈ ਗਲੈਕਸੀ ਫੋਲਡ
ਫੀਚਰਜ਼ ਦੀ ਗੱਲ ਕਰੀਏ ਤਾਂ ਗਲੈਕਸੀ ਫੋਲਡ ’ਚ 7.3 ਇੰਚ ਦੀ ਇਨਫਿਨਿਟੀ-ਵੀ ਫਲੈਕਸ ਡਿਸਪਲੇਅ 1536x2152 ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਉਥੇ ਹੀ ਫੋਲਡ ਕਰਨ ’ਤੇ ਫੋਨ ’ਚ ਛੋਟੀ 4.6 ਇੰਚ ਦੀ 1960x840 ਰੈਜ਼ੋਲਿਊਸ਼ਨ ਡਿਸਪਲੇਅ ਦਿੱਤੀ ਗਈ ਹੈ। ਗਲੈਕਸੀ ਫੋਲਡ ’ਚ 7Nm ਦਾ ਪ੍ਰੋਸੈਸਰ 12 ਜੀ.ਬੀ. ਰੈਮ ਦੇ ਨਾਲ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ 16 ਮੈਗਾਪਿਕਸਲ ਅਲਟਰਾ-ਵਾਈਡ ਕੈਮਰਾ, ਇਕ 12 ਮੈਗਾਪਿਕਸਲ ਟੈਲੀਫੋਟੋ ਕੈਮਰਾ ਅਤੇ ਇਕ 12 ਮੈਗਾਪਿਕਸਲ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਫਰੰਟ ਕੈਮਰਾ 10 ਮੈਗਾਪਿਕਸਲ ਸੈਂਸਰ ਵਾਲਾ ਹੈ। ਇਹ ਐਂਡਰਾਇਡ 9.0 ਪਾਈ ’ਤੇ ਬੇਸਡ ਸੈਮਸੰਗ ਵਨ ਯੂ.ਆਈ. ’ਤੇ ਚੱਲਦਾ ਹੈ। ਫੋਨ ’ਚ 4,380mAh ਦੀ ਬੈਟਰੀ ਹੈ। 


Related News