ਮੁਫਤ ਕਾਲ ਤੇ ਡਾਟਾ ਆਫਰ ਨੂੰ ਲੈ ਕੇ ਜਿਓ ਨੇ ਟਰਾਈ ਨੂੰ ਦਿੱਤਾ ਇਹ ਜਵਾਬ
Friday, Dec 30, 2016 - 02:36 PM (IST)

ਜਲੰਧਰ- LTE ਮੋਬਾਇਲ ਨੈੱਟਵਰਕ ਕੰਪਨੀ ਰਿਲਾਇੰਸ ਜਿਓ ਨੇ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ) ਨੂੰ ਕਿਹਾ ਹੈ ਕਿ ਨਵੀਂ ਮੁਫਤ ਵਾਇਸ ਕਾਲ ਅਤੇ ਡਾਟਾ ਪੇਸ਼ਕਸ਼ ਮੌਜੂਦਾ ਨਿਯਮਾਂ ਦਾ ਉਲੰਘਣ ਨਹੀਂ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਟਰਾਈ ਨੇ ਜਿਓ ਤੋਂ ਆਪਣੀ ਮੁਫਤ ਕਾਲ ਅਤੇ ਡਾਟਾ ਪੇਸ਼ਕਸ਼ ਨੂੰ ਵਧਾ ਕੇ 31 ਮਾਰਚ, 2017 ਤੱਕ ਕਰਨ ਲਈ 20 ਦਸੰਬਰ ਨੂੰ ਪੱਤਰ ਭੇਜ ਕੇ ਸਪਸ਼ਟੀਕਰਨ ਮੰਗਿਆ ਸੀ। ਜਿਸ ਵਿਚ ਲਿਖਿਆ ਸੀ ਕਿ ਫ੍ਰੀ ਆਫਰ ਦੀ ਮਿਆਦ 90 ਦਿਨਾਂ ਦੀ ਸੀ ਜੋ 4 ਦਸੰਬਰ ਨੂੰ ਖਤਮ ਹੋ ਗਈ ਹੈ।
ਇਸ ਪੱਤਰ ਦਾ ਜਵਾਬ ਦਿੰਦੇ ਹੋਏ ਜਿਓ ਨੇ ਟਰਾਈ ਨੂੰ ਆਪਣੀ ਹੈਪੀ ਨਿਊ ਯੀਅਰ ਪੇਸ਼ਕਸ਼ ਬਾਰੇ ਵਿਸਤਾਰ ਨਾਲ ਨੋਟ ਭੇਜਿਆ, ਜਿਸ ਵਿਚ ਦੱਸਿਆ ਗਿਆ ਹੈ ਕਿ ਇਹ ਪੇਸ਼ਕਸ਼ ਸ਼ੁਰੂਆਤੀ ਪੇਸ਼ਕਸ਼ ਤੋਂ ਕਿਵੇਂ ਵੱਖ ਹੈ ਅਤੇ ਇਹ ਬਾਜ਼ਾਰ ਵਿਗਾੜਨ ਵਾਲੀ ਨਹੀਂ ਹੈ।
ਇਸ ਤਰ੍ਹਾਂ ਵੱਖ ਹੈ ਜਿਓ ਦਾ ਹੈਪੀ ਨਿਊ ਯੀਅਰ ਆਫਰ-
ਜਵਾਬ ''ਚ ਜਿਓ ਨੇ ਕਿਹਾ ਹੈ ਕਿ ਉਸ ਦਾ ਨਵਾਂ ਆਫਰ ਪੁਰਾਣੇ ਆਫਰ ਤੋਂ ਇਸ ਲਈ ਵੱਖ ਹੈ ਕਿਉਂਕਿ ਪਿੱਛਲੇ ਆਫਰ ਦੇ ਤਹਿਤ ਜਿਥੇ ਗਾਹਕਾਂ ਨੂੰ ਹਰ ਰੋਜ਼ 4ਜੀ.ਬੀ. ਫ੍ਰੀ ਡਾਟਾ ਦਿੱਤਾ ਜਾ ਰਿਹਾ ਸੀ ਉਥੇ ਹੀ ਨਵੇਂ ਆਫਰ ਤੇ ਤਹਿਤ ਸਿਰਫ 1ਜੀ.ਬੀ. ਡਾਟਾ ਹੀ ਦਿੱਤਾ ਜਾ ਰਿਹਾ ਹੈ। ਡਾਟਾ ਲਿਮਟ ਇਸ ਤੋਂ ਪਾਰ ਹੁੰਦੀ ਹੈ ਤਾਂ ਇੰਟਰਨੈੱਟ ਸਪੀਡ 4ਜੀ ਤੋਂ ਘੱਟ ਕੇ 128ਕੇ.ਬੀ.ਪੀ.ਐੱਸ. ਦੀ ਹੋ ਜਾਂਦੀ ਹੈ ਅਤੇ ਇਸੇ ਕਾਰਨ ਇਹ ਜਿਓ ਦੇ ਵੈਲਕਮ ਆਫਰ ਤੋਂ ਵੱਖ ਹੈ।