BHIM ਐਪ ਦੀ ਸੁਰੱਖਿਆ ’ਚ ਸੰਨ੍ਹ! ਲੱਖਾਂ ਯੂਜ਼ਰਜ਼ ਦਾ ਨਿੱਜੀ ਡਾਟਾ ਲੀਕ
Tuesday, Jun 02, 2020 - 03:59 PM (IST)
ਗੈਜੇਟ ਡੈਸਕ– ਸਰਕਾਰ ਨੇ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਲਈ ਭੀਪ ਐਪ ਲਾਂਚ ਕੀਤੀ ਸੀ ਜੋ ਕਿ ਯੂ.ਪੀ.ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ’ਤੇ ਆਧਾਰਿਤ ਹੈ। ਭਾਰਤ ’ਚ ਕਰੋੜਾਂ ਲੋਕ ਭੀਮ ਐਪ ਦੀ ਵਰਤੋੰ ਕਰਦੇ ਹਨ ਪਰ ਇਨ੍ਹਾਂ ਲੋਕਾਂ ਦੀ ਨਿੱਜੀ ਜਾਣਕਾਰੀ ਹੁਣ ਖਤਰੇ ’ਚ ਹੈ। ਇਜ਼ਰਇਲੀ ਸਕਿਓਰਿਟੀ ਫਰਮ vpnMentor ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਭਾਰਤ ਦੇ ਕਰੀਬ 70 ਲੱਖ ਭੀਮ ਦੀ ਵਰਤੋਂ ਕਰਨ ਵਾਲਿਆਂ ਦਾ ਡਾਟਾ ਲੀਕ ਹੋ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਡਾਟਾ ਉਸ ਸਮੇਂ ਲੀਕ ਹੋਇਆ ਹੈ ਜਦੋਂ ਇਸ ਨੂੰ ਭੀਮ ਐਪ ’ਤੇ ਅਪਲੋਡ ਕੀਤਾ ਜਾ ਰਿਹਾ ਸੀ।
ਆਧਾਰ ਕਾਰਡ ਵਰਗੀ ਨਿੱਜੀ ਜਾਣਖਾਰੀ ਹੋਈ ਜਨਤਕ
ਸਕਿਓਰਿਟੀ ਫਰਮ ਦੀ ਰਿਪੋਰਟ ਮੁਤਾਬਕ, ਕੁਲ 409 ਜੀ.ਬੀ. ਡਾਟਾ ਲੀਕ ਹੋਇਆ ਹੈ ਜਿਨ੍ਹਾਂ ’ਚ ਉਪਭੋਗਤਾਵਾਂ ਦੇ ਆਧਾਰ ਕਾਰਡ, ਜਾਤੀ ਸਰਟੀਫਿਕੇਟ, ਘਰ ਦਾ ਪਤਾ, ਬੈਂਕ ਰਿਕਾਰਡ ਦੇ ਨਾਲ ਉਨ੍ਹਾਂ ਦੀ ਪ੍ਰੋਫਾਈਲ ਦੀ ਵੀ ਜਾਣਕਾਰੀ ਸ਼ਾਮਲ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿਸ ਵੈੱਬਸਾਈਟ ਤੋਂ ਡਾਟਾ ਲੀਕ ਹੋਇਆ ਹੈ ਉਸ ਦੀ ਵਰਤੋਂ ਭੀਮ ਐਪ ਦੇ ਪ੍ਰਚਾਰ ਲਈ ਕੈਂਪੇਨ ’ਚ ਕੀਤੀ ਜਾ ਰਹੀ ਸੀ। ਉਸ ਦੌਰਾਨ ਭੀਮ ਐਪ ’ਚ ਵਪਾਰੀ ਅਤੇ ਉਪਭੋਗਤਾ ਨੂੰ ਐਪ ਨਾਲ ਜੋੜਿਆ ਜਾ ਰਿਹਾ ਸੀ। ਡਾਟਾ ਅਪਲੋਡਿੰਗ ਦੌਰਾਨ ਕੁਝ ਡਾਟਾ ਐਮਾਜ਼ੋਨ ਵੈੱਬ ਸਰਵਿਸ ਐੱਸ3 ਬਕੇਟ ’ਚ ਸਟੋਰ ਹੋ ਰਿਹਾ ਸੀ ਜੋ ਕਿ ਜਨਤਕ ਹੈ। ਰਿਪੋਰਟ ਮੁਤਾਬਕ, ਐੱਸ3 ਬਕੇਟ ’ਚ ਫਰਵਰੀ 2019 ਦੇ ਰਿਕਾਰਡਸ ਸਨ।
ਇਸ ਡਾਟਾ ਲੀਕ ਦਾ ਕੀ ਹੈ ਨੁਕਸਾਨ?
ਇਸਡਾਟਾ ਲੀਕ ਤੋਂ ਬਾਅਦ ਭਾਰਤ ਦੇ ਲੱਖਾਂ ਭੀਮ ਐਪ ਵਰਤੋਕਾਰਾਂ ਦੀ ਨਿੱਜੀ ਜਾਣਕਾਰੀ ਹੈਕਰਾਂ ਕੋਲ ਪਹੁੰਚ ਗਈਹੈ। ਹੈਕਰਾਂ ਕੋਲ ਤੁਹਾਡੇ ਆਧਾਰ ਕਾਰਡ ਤੋਂ ਲੈ ਕੇ ਬੈਂਕ ਦੀ ਵੀ ਜਾਣਕਾਰੀ ਮੌਜੂਦ ਹੈ। ਅਜਿਹੇ ’ਚ ਤੁਹਾਨੂੰ ਅਸਾਨੀ ਨਾਲ ਹੈਕਿੰਗ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਖਾਮੀ ਨੂੰ ਬੀਤੇ ਅਪ੍ਰੈਲ ’ਚ ਠੀਕ ਕਰ ਲਿਆ ਗਿਆ ਹੈ ਪਰ ਜਿਨ੍ਹਾਂ ਲੋਕਾਂ ਦਾ ਡਾਟਾ ਲੀਕ ਹੋਇਆ ਹੈ, ਉਨ੍ਹਾਂ ’ਤੇ ਖਤਰਾ ਬਰਕਰਾਰ ਹੈ।
NPCI ਨੇ ਕਿਹਾ, ਨਹੀਂ ਹੋਇਆ ਕੋਈ ਡਾਟਾ ਲੀਕ
ਨੈਸ਼ਨਲ ਭੁਗਤਾਨ ਕਾਰਪੋਰੇਸ਼ਨ ਆਫ ਇੰਡੀਆ ਨੇ ਕਿਹਾ ਹੈ ਕਿ ਸਾਨੂੰ ਕੁਝ ਰਿਪੋਰਟਾਂ ਰਾਹੀਂ ਜਾਣਕਾਰੀ ਮਿਲੀ ਹੈ, ਜਿਨ੍ਹਾਂ ’ਚ ਭੀਮ ਐਪ ਦੇ ਡਾਟਾ ’ਚ ਸੰਨ੍ਹ ਲਗਾਉਣ ਦੀ ਗੱਲ ਕਹੀ ਗਈ ਹੈ। ਅਸੀਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਭੀਮ ਐਪ ਦਾ ਕੋਈ ਡਾਟਾ ਲੀਕ ਨਹੀਂ ਹੋਇਆ, ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚੋ।