ਲਾਂਚ ਤੋਂ ਪਹਿਲਾਂ ਇਸ ਧਾਕੜ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਜਾਣੋ ਕੀਮਤ ਤੇ ਦਮਦਾਰ ਫੀਚਰਸ

Thursday, Aug 27, 2026 - 01:28 PM (IST)

ਲਾਂਚ ਤੋਂ ਪਹਿਲਾਂ ਇਸ ਧਾਕੜ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਜਾਣੋ ਕੀਮਤ ਤੇ ਦਮਦਾਰ ਫੀਚਰਸ

ਗੈਜੇਟ ਡੈਸਕ : ਮਸ਼ਹੂਰ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਨੇ ਭਾਰਤੀ ਬਾਜ਼ਾਰ 'ਚ 200 ਸੀਸੀ ਸੈਗਮੈਂਟ 'ਚ ਧਮਾਕੇਦਾਰ ਐਂਟਰੀ ਕਰ ਲਈ ਹੈ। ਕੰਪਨੀ ਨੇ ਆਪਣੀ ਨਵੀਂ ਸਪੋਰਟਸ ਬਾਈਕ ਯਾਮਾਹਾ ਵਾਈਜ਼ੈਡਐੱਫ-ਆਰ2 ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਹੁਣ ਤੱਕ ਭਾਰਤੀ ਬਾਜ਼ਾਰ 'ਚ ਸਪੋਰਟਸ ਬਾਈਕ ਦੇ ਚਾਹਵਾਨਾਂ ਕੋਲ ਮੁੱਖ ਤੌਰ 'ਤੇ ਯਾਮਾਹਾ ਆਰ15 ਦਾ ਹੀ ਵਿਕਲਪ ਸੀ, ਜਿਸ ਨੂੰ ਕੰਪਨੀ ਨੇ ਸਭ ਤੋਂ ਪਹਿਲਾਂ ਸਾਲ 2008 'ਚ ਲਾਂਚ ਕੀਤਾ ਸੀ। ਪਰ ਹੁਣ ਯਾਮਾਹਾ ਨੇ ਇਸ ਸੂਚੀ ਵਿੱਚ ਇੱਕ ਨਵਾਂ ਅਤੇ ਦਮਦਾਰ ਨਾਮ ਜੋੜ ਦਿੱਤਾ ਹੈ।

ਇਸ ਬਾਈਕ ਨੂੰ ਲੈ ਕੇ ਗਾਹਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਕੰਪਨੀ ਮੁਤਾਬਕ ਬਾਈਕ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਦੀਆਂ 5,000 ਤੋਂ ਵੱਧ ਯੂਨਿਟਾਂ ਬੁੱਕ ਹੋ ਚੁੱਕੀਆਂ ਹਨ। ਯਾਮਾਹਾ YZF-R2 ਦੀਆਂ ਡਿਲੀਵਰੀਆਂ ਸਤੰਬਰ 2026 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਬਾਈਕ ਤਿੰਨ ਵੱਖ-ਵੱਖ ਵੇਰੀਐਂਟਸ ਵਿੱਚ ਪੇਸ਼ ਕੀਤੀ ਗਈ ਹੈ ਅਤੇ ਕਈ ਆਕਰਸ਼ਕ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੋਵੇਗੀ। ਇਸ ਦੇ ਬੇਸ ਵੇਰੀਐਂਟ YZF-R2 ਦੀ ਕੀਮਤ 2,30,500 ਰੁਪਏ, ਮਿਡ ਵੇਰੀਐਂਟ YZF-R2 ਕੁਇੱਕ ਸ਼ਿਫਟਰ ਦੀ ਕੀਮਤ 2,39,500 ਰੁਪਏ ਅਤੇ ਟਾਪ ਵੇਰੀਐਂਟ YZF-R2M ਦੀ ਕੀਮਤ 2,53,000 ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ।

ਇਸ ਬਾਈਕ ਦਾ ਡਿਜ਼ਾਈਨ ਕਾਫ਼ੀ ਹੱਦ ਤੱਕ ਇਸ ਦੀ ਸਿਬਲਿੰਗ ਬਾਈਕ ਆਰ15 ਵੀ4 ਤੋਂ ਪ੍ਰੇਰਿਤ ਨਜ਼ਰ ਆਉਂਦਾ ਹੈ। ਇਸ ਵਿੱਚ ਬਹੁਤ ਹੀ ਤਿੱਖੀ ਐਰੋਡਾਇਨਾਮਿਕ ਫੇਅਰਿੰਗ, ਕੰਪੈਕਟ ਪ੍ਰੋਪੋਰਸ਼ਨ ਅਤੇ ਇੱਕ ਐਗਰੈਸਿਵ ਰਾਈਡਿੰਗ ਸਟਾਂਸ ਦਿੱਤਾ ਗਿਆ ਹੈ। ਬਾਈਕ ਦੇ ਫਰੰਟ 'ਚ ਐੱਲਈਡੀ ਹੈੱਡਲੈਂਪ ਦੇ ਨਾਲ ਐੱਲਈਡੀ ਡੀਆਰਐੱਲ ਦਿੱਤੇ ਗਏ ਹਨ, ਜਦਕਿ ਪਿੱਛੇ ਬਲਾਕ ਸਟਾਈਲ ਐੱਲਈਡੀ ਟੇਲਲਾਈਟਸ ਮਿਲਦੀਆਂ ਹਨ। ਪਾਵਰ ਦੀ ਗੱਲ ਕਰੀਏ ਤਾਂ ਬਾਈਕ 'ਚ 204 ਸੀਸੀ ਦਾ ਲਿਕਵਿਡ-ਕੂਲਡ, DOHC, 4-ਵਾਲਵ, ਸਿੰਗਲ-ਸਿਲੰਡਰ ਇੰਜਣ ਲਗਾਇਆ ਗਿਆ ਹੈ, ਜੋ 26.5 PS ਦੀ ਪਾਵਰ ਅਤੇ 19.1 Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ ਅਤੇ ਇਸ ਵਿੱਚ ਅਸਿਸਟ ਤੇ ਸਲਿਪਰ ਕਲੱਚ ਦੀ ਸਹੂਲਤ ਵੀ ਮਿਲਦੀ ਹੈ।

ਨਵੀਂ ਯਾਮਾਹਾ ਬਾਈਕ ਰਾਈਡ-ਬਾਏ-ਵਾਇਰ ਟੈਕਨਾਲੋਜੀ ਅਤੇ ਯਾਮਾਹਾ ਰਾਈਡ ਕੰਟਰੋਲ ਨਾਲ ਲੈਸ ਹੈ, ਜਿਸ ਵਿੱਚ ਸਵਾਰੀ ਲਈ ਤਿੰਨ ਮੋਡਸ—ਸਟ੍ਰੀਟ, ਸਪੋਰਟ ਅਤੇ ਰੇਨ ਮਿਲਦੇ ਹਨ। ਇਸ ਵਿੱਚ ਨਵਾਂ ਸਟੀਲ ਟਿਊਬ ਡਾਇਮੰਡ ਫਰੇਮ ਵਰਤਿਆ ਗਿਆ ਹੈ, ਜਿਸ ਦਾ ਵਜ਼ਨ ਸਿਰਫ਼ 14 ਕਿਲੋਗ੍ਰਾਮ ਹੈ। ਬਾਈਕ ਦਾ ਕੁੱਲ ਵਜ਼ਨ 149 ਕਿਲੋਗ੍ਰਾਮ ਹੈ। ਇਸ ਤੋਂ ਇਲਾਵਾ, ਬਾਈਕ ਵਿੱਚ 5-ਇੰਚ ਦਾ ਟੀਐੱਫਟੀ ਡਿਸਪਲੇਅ ਦਿੱਤਾ ਗਿਆ ਹੈ, ਜੋ ਸਮਾਰਟਫੋਨ ਕਨੈਕਟੀਵਿਟੀ ਅਤੇ ਨੇਵੀਗੇਸ਼ਨ ਫੰਕਸ਼ਨ ਨੂੰ ਸਪੋਰਟ ਕਰਦਾ ਹੈ। ਸੁਰੱਖਿਆ ਅਤੇ ਸਹੂਲਤ ਲਈ ਇਸ ਵਿੱਚ ਸਮਾਰਟ ਕੀਅ ਸਿਸਟਮ, ਟ੍ਰੈਕਸ਼ਨ ਕੰਟਰੋਲ, ਡੁਅਲ ਚੈਨਲ ਏਬੀਐੱਸ, ਸਲਿਪ ਕਲੱਚ, ਅਤੇ ਫਰੰਟ ਵਿੱਚ ਟੈਲੀਸਕੋਪਿਕ ਤੇ ਰਿਅਰ ਵਿੱਚ ਮੋਨੋਸ਼ਾਕ ਸਸਪੈਂਸ਼ਨ ਦਿੱਤੇ ਗਏ ਹਨ। ਇਹ ਬਾਈਕ ਭਾਰਤੀ ਨੌਜਵਾਨਾਂ ਅਤੇ ਸਪੋਰਟਸ ਬਾਈਕ ਦੇ ਸ਼ੌਕੀਨਾਂ ਲਈ ਇੱਕ ਬਿਹਤਰੀਨ ਵਿਕਲਪ ਸਾਬਤ ਹੋਣ ਜਾ ਰਹੀ ਹੈ।


author

Shubam Kumar

Content Editor

Related News